Loading Now

ਮਮਤਾ ਈ ਡੀ ਨਾਲੋਂ ਚਲਾਕ ਨਿਕਲੀ

ਮਮਤਾ ਈ ਡੀ ਨਾਲੋਂ ਚਲਾਕ ਨਿਕਲੀ

ਕੋਲਕਾਤਾ, 9 ਜਨਵਰੀ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਛਾਪੇ ਦੌਰਾਨ ਆਈ-ਪੈਕ ਮੁਖੀ ਪ੍ਰਤੀਕ ਜੈਨ ਦੀ ਰਿਹਾਇਸ਼ ’ਤੇ ਪੁੱਜੀ ਅਤੇ ਦੋਸ਼ ਲਾਇਆ ਕਿ ਕੇਂਦਰੀ ਏਜੰਸੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਅੰਦਰੂਨੀ ਦਸਤਾਵੇਜ਼, ਹਾਰਡ ਡਿਸਕ ਤੇ ਉਸ ਦਾ ਚੋਣ ਰਣਨੀਤੀ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਅੱਜ ਈ ਡੀ ਨੇ ਰਾਜਨੀਤਕ ਸਲਾਹਕਾਰ ਫਰਮ ਆਈ-ਪੈਕ ਦੇ ਦਫ਼ਤਰ ਤੇ ਇਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਘਰ ਦੀ ਮਨੀ ਲਾਂਡਰਿੰਗ ਜਾਂਚ ਤਹਿਤ ਤਲਾਸ਼ੀ ਲਈ। ਈ ਡੀ ਨੇ ਮੁੱਖ ਮੰਤਰੀ ’ਤੇ ਇਮਾਰਤ ਅੰਦਰ ਜਬਰੀ ਦਾਖਲ ਹੋਣ ਤੇ ਅਹਿਮ ਸਬੂਤ ਆਪਣੇ ਨਾਲ ਲਿਜਾਣ ਦਾ ਦੋਸ਼ ਲਾਇਆ।

ਮਮਤਾ ਬੈਨਰਜੀ ਨੇ ਕਿਹਾ ਕਿ ‘ਮੇਰੇ ਆਈ ਟੀ ਵਿੰਗ ਦੇ ਇੰਚਾਰਜ’ ਜੈਨ ਦੀ ਰਿਹਾਇਸ਼ ਤੇ ਦਫ਼ਤਰਾਂ ’ਤੇ ਛਾਪੇ ਸਿਆਸਤ ਤੋਂ ਪ੍ਰੇਰਿਤ ਤੇ ਗ਼ੈਰ-ਸੰਵਿਧਾਨਕ ਹਨ। ਉਹ ਜੈਨ ਦੀ ਇਹਾਇਸ਼ ’ਤੇ ਤਕਰੀਬਨ 20-25 ਮਿੰਟ ਰਹੀ ਤੇ ਫਿਰ ਹੱਥ ’ਚ ਹਰੇ ਰੰਗ ਦਾ ‘ਫੋਲਡਰ’ ਲੈ ਕੇ ਬਾਹਰ ਨਿਕਲੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ ਡੀ ਅਧਿਕਾਰੀਆਂ ’ਤੇ ਹਾਕਮ ਪਾਰਟੀ ਦੀ ਹਾਰਡ ਡਿਸਕ, ਮੋਬਾਈਲ ਫੋਨ, ਲੈਪਟਾਪ, ਉਮੀਦਵਾਰਾਂ ਦੀ ਸੂਚੀ ਤੇ ਅੰਦਰੂਨੀ ਰਣਨੀਤੀ ਸਬੰਧੀ ਦਸਤਾਵੇਜ਼ ਜ਼ਬਤ ਕਰਨ ਦਾ ਦੋਸ਼ ਲਾਇਆ ਤੇ ਪੁੱਛਿਆ, ‘‘ਕੀ ਸਿਆਸੀ ਪਾਰਟੀਆਂ ਦੇ ਅੰਕੜੇ ਇਕੱਠੇ ਕਰਨਾ ਈਡੀ ਦਾ ਕੰਮ ਹੈ।’’ ਉਹ ਈਡੀ ਦੀ ਕਾਰਵਾਈ ਖ਼ਿਲਾਫ਼ ਭਲਕੇ 9 ਜਨਵਰੀ ਨੂੰ ਰੋਸ ਮਾਰਚ ਦੀ ਅਗਵਾਈ ਕਰੇਗੀ। ਦੂਜੇ ਪਾਸੇ ਈ ਡੀ ਦੇ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਇਹ ਕਾਰਵਾਈ ਕਰੋੜਾਂ ਰੁਪਏ ਦੇ ਕੋਲੇ ਦੇ ਕਥਿਤ ਗ਼ੈਰਕਾਨੂੰਨੀ ਖਣਨ ਅਤੇ ਤਸਕਰੀ ਮਾਮਲੇ ’ਚ ਮਨੀ ਲਾਂਡਰਿੰਗ ਜਾਂਚ ਤਹਿਤ ਕਰ ਰਹੀ ਹੈ।

Share this content:

Post Comment