ਮਨਜੀਤ ਬਾਵਾ ਦਾ ਚਿੱਤਰ ‘ਰਾਧਾ’ 18 ਕਰੋੜ ’ਚ ਨਿਲਾਮ
18, ਜੂਨ – ਸੈਫਰਨ ਆਰਟ ਦੀ ਸਮਰ ਔਨਲਾਈਨ ਨਿਲਾਮੀ ’ਚ ਕਲਾਕਾਰ ਮਨਜੀਤ ਬਾਵਾ ਦੀ ਬਿਨਾਂ ਸਿਰਲੇਖ ਵਾਲੀ ‘ਰਾਧਾ’ 18 ਕਰੋੜ ਰੁਪਏ ’ਚ ਨਿਲਾਮ ਹੋਈ, ਜੋ ਇਸ ਦੀ ਅਨੁਮਾਨਿਤ ਕੀਮਤ ਨਾਲੋਂ ਦੁੱਗਣੀ ਤੋਂ ਵੱਧ ਹੈ। ਦੋ ਦਿਨ 15 ਅਤੇ 16 ਜੂਨ ਨੂੰ ਹੋਈ ਨਿਲਾਮੀ 108.24 ਕਰੋੜ ਰੁਪਏ ਦੀ ਕੁੱਲ ਵਿਕਰੀ ਨਾਲ ਸਮਾਪਤ ਹੋਈ, ਜਿਸ ਨਾਲ ਸੈਫਰਨਆਰਟ ਦੇ ਇਤਿਹਾਸ ’ਚ ਇਹ ਸਭ ਤੋਂ ਵੱਧ ਮੁੱਲ ਵਾਲੀ ਸਮਰ ਔਨਲਾਈਨ ਨਿਲਾਮੀ ਬਣ ਗਈ। ਸੈਫਰਨਆਰਟ ਨੇ ਦੱਸਿਆ ਕਿ ਨਿਲਾਮੀ ’ਚ ਸਾਰੇ 130 ਲਾਟ ਵੇਚੇ ਗਏ। ਮਨਜੀਤ ਬਾਵਾ ਵੱਲੋਂ ਬਣਾਈ ਗਈ ਸ਼ਾਨਦਾਰ ਰਚਨਾ ਚਿੱਟੇ ਕੱਪੜਿਆਂ ’ਚ ਗੋਡਿਆਂ ਭਾਰ ਬੈਠੀ ਮਹਿਲਾ ਨੂੰ ਦਰਸਾਉਂਦੀ ਹੈ, ਜੋ ਹੱਥਾਂ ਨਾਲ ਬਾਂਸਰੀ ਵਜਾਉਣ ਦੀ ਨਕਲ ਕਰ ਰਹੀ ਹੈ। ਕਲਾਕਾਰ ਨੇ ਲਾਲ ਰੰਗਾਂ ਦੇ ਕੈਨਵਸ ’ਤੇ ਰਚਨਾ ਉਭਾਰਨ ਲਈ ਰੰਗਾਂ ਦੀ ਚੋਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਪੇਂਟਿੰਗ ਦਾ ਅਨੁਮਾਨ 5 ਤੋਂ 7 ਕਰੋੜ ਰੁਪਏ ਸੀ। ਮਨਜੀਤ ਬਾਵਾ ਦੀ ਇੱਕ ਹੋਰ ਰਚਨਾ ‘ਬੁਲ’ 4.28 ਕਰੋੜ ਰੁਪਏ ਵਿੱਚ ਵਿਕੀ, ਜੋ ਇਸ ਦੇ ਅਨੁਮਾਨ ਤੋਂ ਪੰਜ ਗੁਣਾ ਵੱਧ ਸੀ।
ਨਿਲਾਮੀ ਦੌਰਾਨ ਪੂਰੇ ਕੈਟਾਲੌਗ ’ਚ ਮੁਕਾਬਲੇ ਵਾਲੀ ਬੋਲੀ ਲੱਗੀ, ਜਿਸ ’ਚ ਐੱਮ ਐੱਫ ਹੁਸੈਨ, ਐੱਫ ਐੱਨ ਸੂਜ਼ਾ, ਜਗਦੀਸ਼ ਸਵਾਮੀਨਾਥਨ ਦੀਆਂ ਮਹੱਤਵਪੂਰਨ ਰਚਨਾਵਾਂ ਉਮੀਦ ਤੋਂ ਕਿਤੇ ਵੱਧ ਮੁੱਲ ’ਤੇ ਵਿਕੀਆਂ। ਹੁਸੈਨ ਦੀ ‘ਟੂ ਵਿਮੈਨ’ ਨੇ ਲਗਭਗ 12.40 ਕਰੋੜ ਰੁਪਏ ਕਮਾਏ, ਜਦਕਿ ਸੂਜ਼ਾ ਦੀ ‘ਸੇਟ ਸੇਬੈਸਟੀਅਨ’ ਕਰੀਬ 7.33 ਕਰੋੜ ਰੁਪਏ ’ਚ ਵਿਕੀ। ਗਣੇਸ਼ ਪਾਈਨ ਦੀ ‘ਦਿ ਰੋਬੋਟ’ ਨੇ ਲਗਪਗ 5.64 ਕਰੋੜ ਰੁਪਏ ਕਮਾਏ, ਜਦਕਿ ਸਵਾਮੀਨਾਥਨ ਦੀ ‘ਅਨਟਾਈਟਲਡ (ਬਰਡ, ਟ੍ਰੀ ਐਂਡ ਮਾਊਂਟੇਨ) 4.80 ਕਰੋੜ ਰੁਪਏ ’ਚ ਵਿਕੀ।
Share this content:


Post Comment