ਭਾਰਤ ਵਿਚ ਬਜ਼ੁਰਗਾਂ ਦੀ ਹੋਣੀ/ਜੀ.ਕੇ ਸਿੰਘ
ਕਈ ਸਾਲ ਪਹਿਲਾਂ ਉਚ ਅਦਾਲਤ ਤੋਂ ਸੇਵਾ ਮੁਕਤ ਹੋਏ ਇਕ ਜਜ ਵਲੋਂ ਆਪਣੇ ਬੁਢਾਪੇ ਦੇ ਦਿਨਾਂ ਵਿਚ ਓਨਾਂ ਦੇ ਪੁਤਰ ਵਲੋਂ ਕੀਤੇ ਜਾ ਰਹੇ ਦੁਰਵਿਵਹਾਰ ਸਬੰਧੀ ਲਾਈ ਗੁਹਾਰ ਨੇ ਸਾਡੇ ਬਿਖਰਦੇ ਸਮਾਜਿਕ ਢਾਂਚੇ ਦੀ ਸਹੀ ਤਸਵੀਰ ਪੇਸ਼ ਕੀਤੀ ਸੀ। ਓਨਾਂ ਆਪਣੀ ਲਿਖਤੀ ਅਪੀਲ ਵਿਚ ਕਿਹਾ ਸੀ ਕਿ ਸੀਨੀਅਰ ਨਾਗਰਿਕਾਂ ਦੀ ਜ਼ਿੰਦਗੀ ਦੇ ਆਖਰੀ ਸਮਾਂ ਸੁਖ -ਸ਼ਾਤੀ ਨਾਲ ਬੀਤੇ ਨੂੰ ਯਕੀਨੀ ਬਨਾਉਣ ਲਈ ਅਦਾਲਤਾਂ ਨੂੰ ਹਰਕਤ ‘ਚ ਆਓਣਾ ਚਾਹੀਦਾ ਹੈ। ਬੁਢਾਪੇ ਦੇ ਸਰੀਰਕ ਦੁਖਾਂ ਦੇ ਨਾਲ ਨਾਲ ਔਲਾਦ ਵਲੋਂ ਪਹੁੰਚਾਏ ਜਾ ਰਹੇ ਮਾਨਸਿਕ ਦਰਦ ਦੀ ਇਹ ਚੀਸ ਇਕੱਲੇ ਸੇਵਾ ਮੁਕਤ ਜਜ ਦੀ ਨਹੀਂ ਸਗੋਂ ਵਡੀ ਗਿਣਤੀ ਚ ਓਨਾਂ ਸਮੂਹ ਬਜ਼ੁਰਗਾਂ ਦੀ ਹੈ ਜਿੰਨਾਂ ਆਪਣੀ ਸਾਰੀ ਜ਼ਿੰਦਗੀ ਔਲਾਦ ਦੇ ਪਾਲਣ-ਪੋਸਣ ਤੇ ਨਿਛਾਵਰ ਕਰ ਦਿਤੀ। ਜ਼ਿੰਦਗੀ ਦੇ ਢਲਦੇ ਸਮੇਂ ਵਿਚ ਮਧਮ ਰੌਸ਼ਨੀ ਨੂੰ ਹੋਰ ਦਿਲਕਸ਼ ਬਨਾਓਣ ਦੀ ਬਜਾਏ ਆਪਣੇ ਸਵਾਰਥ ਅਤੇ ਗੈਰ -ਮਾਨਵੀ ਪਹੁੰਚ ਨਾਲ ਇਹ ਔਲਾਦ ਓਨਾਂ ਦੀ ਜ਼ਿੰਦਗੀ ਨੂੰ ਨਰਕ ਚ ਬਦਲ ਰਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਵਰਤਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਬਜ਼ੁਰਗ ਸਮਾਜਿਕ ਸ਼ਰਮ ਅਤੇ ਸੰਸਥਾਗਤ ਸਹੂਲਤਾਂ ਦੀ ਅਣਹੋਂਦ ਕਾਰਣ ਬੇਕਾਰੀ ਚ ਦਿਨ -ਕਟੀ ਕਰ ਰਹੇ ਹਨ।
ਪੁਰਾਤਨ ਸਮੇਂ ਚ ਰਾਜਾ ਦਸਰਥ ਦੇ ਰਾਜ ਭਾਗ ਵਿਚ ਅਯੁੱਧਿਆ ਦੇ ਆਸ-ਪਾਸ ਰਹਿੰਦੇ ਅੰਨੇ ਮਾਂ-ਬਾਪ ਅਤੇ ਓਨਾਂ ਦੇ ਪੁੱਤਰ ਸਰਵਨ ਦੀ ਕਹਾਣੀ ਹਰ ਇਕ ਨੂੰ ਯਾਦ ਹੈ।ਅਸੀਂ ਸਾਰਿਆਂ ਇਹ ਸਕੂਲ ਦੇ ਪਾਠਕ੍ਰਮ ਦੇ ਹਿਸੇ ਵਜੋਂ ਪੜੀ ਹੈ। ਅੰਨੇ ਮਾਪਿਆਂ ਦੀ ਧਾਰਮਿਕ ਸਥਾਨਾਂ ਦੀ ਯਾਤਰਾ ਦੀ ਆਖਰੀ ਇਛਾ ਪੂਰੀ ਕਰਨ ਲਈ ਵਹਿੰਗੀ ਵਿਚ ਬਿਠਾ ਜਦ ਨਦੀ ਕਿਨਾਰੇ ਪਾਣੀ ਪਿਆਓਣ ਲਈ ਰੁਕਿਆ ਤਾਂ ਰਾਜੇ ਦਸਰਥ ਵਲੋਂ ਛੱਡੇ ਤੀਰ ਨਾਲ ਗੰਭੀਰ ਜ਼ਖਮੀ ਹੋ ਗਿਆ। ਰਾਜੇ ਨੇ ਜ਼ਖਮੀ ਸਰਵਣ ਨੂੰ ਮਾਪਿਆਂ ਅਗੇ ਲਿਆ ਧਰਿਆ।ਸਰਵਣ ਮਾਪਿਆਂ ਦੇ ਅਸਿਹ ਕਸ਼ਟ ਚੋਂ ਜੋ ਚੀਸ ਨਿਕਲੀ ਓਹ ਬਦਅਸੀਸ ਦੇ ਰੂਪ ਵਿਚ ਰਾਜਾ ਦਸਰਥ ਨੇ ਖੁਦ ਜ਼ਿੰਦਗੀ ਦੇ ਆਖਰੀ ਸਮੇਂ ਭੁਗਤੀ। ਭਾਰਤੀ ਸੰਸਕ੍ਰਿਤੀ ਪੁਰਾਤਨ ਹੋਣ ਦੇ ਨਾਲ ਨਾਲ ਮਨੁੱਖੀ ਜੀਵਨ ਦੇ ਚਜ -ਆਚਾਰ ਅਤੇ ਬੇਹਤਰੀਨ ਰਿਸ਼ਤਿਆਂ ਨੂੰ ਪ੍ਰੀਭਾਸ਼ਤ ਕਰਨ ਲਈ ਮਹਾਨਕੋਸ਼ ਦਾ ਕੰਮ ਵੀ ਕਰਦੀ ਹੈ। ਸਰਵਣ ਪੁਤਰ ਦੀ ਧਰਤੀ ਦੀ ਇਸ ਸੁੰਦਰ ਅਤੇ ਗੌਰਵਮਈ ਤਹਿਜ਼ੀਬ ਦੇ ਬਾਵਜੂਦ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਦੌਰਾਨ ਸਾਡੀ ਜੀਵਨ-ਜਾਚ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਅਜਿਹਾ ਵਿਗਾੜ ਆਇਆ ਹੈ ਕਿ ਸਾਨੂੰ ਆਪਣੇ ਬਜ਼ੁਰਗ ਬੋਝ ਮਹਿਸੂਸ ਹੋਣ ਲਗ ਪਏ ਹਨ। ਖਾਹ -ਮਖਾਹ ਦੀ ਤੇਜ਼ ਰਫਤਾਰ ਜ਼ਿੰਦਗੀ ਬਹਾਨੇ ਅਸੀਂ ਰੀਸੋ -ਰੀਸ ਮਾਂ -ਪਿਓ ਰਹਿਤ ਪਰਿਵਾਰਾਂ ਨੂੰ ਅਧੁਨਿਕ ਸਮਝਕੇ ਸੱਭਿਅਕ ਵਿਵਹਾਰ ਦਾ ਵਿਆਪਕ ਰੂਪ ਵਿਚ ਘਾਣ ਕਰਨ ਵਲ ਤੁਰ ਪਏ ਹਾਂ। ਸਾਡੇ ਬੇਮਿਸਾਲ ਪਰਿਵਾਰਕ ਢਾਂਚੇ ਨੂੰ ਨਵੀਆਂ ਪ੍ਰਸਥਿਤੀਆਂ ਵਿਚ ਅਸੀਂ ਨਵਿਆਉਣ ਵਿਚ ਅਸਮਰੱਥ ਰਹੇ ਹਾਂ। ਸਵੇਰੇ-ਆਥਣੇ ਸਵਰਗਾਂ ਦੇ ਰਸਤੇ ਲਭਦੇ ਅਸੀਂ ਭੁੱਲ ਗਏ ਹਾਂ ਕਿ ਮਾਂ ਪਿਓ ਦੀ ਸੇਵਾ ਨਾਲ ਹੀ ਸਵਰਗ ਦੀ ਪੌੜੀ ਨਸੀਬ ਹੁੰਦੀ ਹੈ।
ਪਿਛਲੀ ਸਦੀ ਦੌਰਾਨ ਸਿਹਤ ਸਹੂਲਤਾਂ ਅਤੇ ਜੀਵਨ ਪਧਰ ਵਿਚ ਆਈ ਵਡੀ ਤਬਦੀਲੀ ਨੇ ਮਨੁੱਖੀ ਜੀਵਨ ਨੂੰ ਕਾਫੀ ਲੰਮਾ ਕੀਤਾ ਹੈ। ਵਿਸ਼ਵ ਦਾ ਹਰ ਦਸਵਾਂ ਵਿਅਕਤੀ 60ਸਾਲ ਦੀ ਉਮਰ ਤੋਂ ਵਧ ਹੈ। ਸਾਲ 2050 ਤਕ ਹਰ ਪੰਜਵਾਂ ਵਿਅਕਤੀ ਬਜ਼ੁਰਗ ਹੋਵੇਗਾ ਅਤੇ 42 ਕਰੋੜ ਲੋਕ 80ਸਾਲ ਤੋਂ ਉਪਰ ਹੋਣਗੇ। ਸਾਡੇ ਦੇਸ਼ ਵਿਚ ਇਸ ਸਮੇਂ 15 ਕਰੋੜ ਵਿਆਕਤੀ 60 ਸਾਲ ਤੋਂ ਵਡੇਰੀ ਉਮਰ ਦੇ ਹਨ। ਸਾਲ 2050 ਤਕ ਇਨਾਂ ਦੀ ਗਿਣਤੀ 35 ਕਰੋੜ ਹੋ ਜਾਵੇਗੀ।ਭਾਰਤ ਵਿਚ ਇੰਨਾਂ ਬਜ਼ੁਰਗਾਂ ਵਿਚੋਂ 73 % ਅਣਪੜ੍ਹ ਅਤੇ 75%ਪਿੰਡਾਂ ਵਿਚ ਰਹਿੰਦੇ ਹਨ।ਬਜ਼ੁਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਇਕ ਗੈਰ ਸਰਕਾਰੀ ਸੰਸਥਾ ਦੇ ਸਰਵੇ ਮੁਤਾਬਕ ਦੇਸ਼ ਦੇ ਬਜ਼ੁਰਗਾਂ ਦੀ ਕੁਲ ਵਸੋਂ ਵਿਚੋਂ 40 % ਗਰੀਬ ਹਨ ਅਤੇ 33 %ਕੇਵਲ ਗੁਜ਼ਾਰਾ ਕਰਦੇ ਹਨ। ਸਵਾ ਕਰੋੜ ਬਜ਼ੁਰਗਾਂ ਦੀਆਂ ਅਖਾਂ ਦੇ ਅਪਰੇਸ਼ਨਾਂ ਦੀ ਤੁਰੰਤ ਲੋੜ ਹੈ। ਇਸ ਸੰਸਥਾ ਵਲੋਂ ਥੋੜਾ ਸਮਾਂ ਪਹਿਲਾਂ ਬਜ਼ੁਰਗਾਂ ਦੇ ਸਨਮਾਨ ਵਿਚ ਆ ਰਹੀ ਕਮੀਂ ਤੇ ਅਧਾਰਿਤ ਇਕ ਰਿਪੋਰਟ ਜਾਰੀ ਕੀਤੀ ਗਈ, ਜਿਸ ਵਿਚ ਦਿੱਲੀ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ ਵੀਹ ਸੂਬਿਆਂ ਅਤੇ ਕੇਂਦਰੀ ਸਾਸਤ ਪ੍ਰਦੇਸ਼ਾਂ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਅਧਾਰ ਬਣਾਇਆ ਗਿਆ। ਇਸ ਰਿਪੋਰਟ ਦੇ ਹੈਰਾਨੀਜਨਕ ਤਥਾਂ ਅਨੁਸਾਰ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਵਿਚ 4%ਸਾਲਾਨਾ ਵਾਧਾ ਹੋ ਰਿਹਾ ਹੈ ਜਦ ਕਿ ਵਿਸ਼ਵ ਪਧਰ ਤੇ ਇਹ ਵਾਧਾ ਮਹਿਜ਼ 1.36% ਹੈ।ਇਹ ਵੀ ਕਿਹਾ ਗਿਆ ਕਿ ਸਾਲ 2050 ਤਕ ਦੁਨੀਆਂ ਦੇ ਕੁਲ ਬਜ਼ੁਰਗਾਂ ਦਾ 80% ਹਿਸਾ ਕੇਵਲ ਵਿਕਾਸਸ਼ੀਲ ਦੇਸ਼ਾਂ ਵਿਚ ਰਹਿੰਦਾ ਹੋਵੇਗਾ।
ਰਿਪੋਰਟ ਵਿਚ ਉਦਾਸ ਕਰਨ ਵਾਲੇ ਤੇ ਵੀ ਸਾਹਮਣੇ ਆਏ ਹਨ। ਜਿਵੇ ਕਿ 31% ਬਜ਼ੁਰਗਾਂ ਦਾ ਕਹਿਣਾ ਹੈ ਕਿ ਓਨਾਂ ਦਾ ਪਰਿਵਾਰ ਵਿਚ ਅਪਮਾਨ ਹੁੰਦਾ ਹੈ।ਓਨਾਂ ਦੀ ਬੇਅਦਬੀ ਕਰਨ ਵਾਲੇ 56% ਓਨਾਂ ਦੇ ਪੁੱਤਰ ਹੀ ਹਨ ਅਤੇ 23% ਨੂੰਹਾਂ ਹਨ। ਇਹ ਵੀ ਸਾਹਮਣੇ ਆਇਆ ਕਿ ਅਪਮਾਨ ਅਤੇ ਜ਼ਲਾਲਤ ਵਾਲੀ ਜ਼ਿੰਦਗੀ ਜੀ ਰਹੇ ਇੰਨਾ ਬਜ਼ੁਰਗਾਂ ਨੇ ਘਰ ਦੀ ਇੱਜ਼ਤ ਕਾਰਨ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਰਿਪੋਰਟ ਵਿਚ ਸੰਸਥਾ ਵਲੋਂ ਹਾਰਵਰਡ, ਬਜ਼ੁਰਗ ਨੂੰ ਘਟੋ ਘਟ 2000 ਰੁਪਏ ਮਾਸਿਕ ਪੈਨਸ਼ਨ ਦੇਣ ਦੀ ਸਿਫਾਰਸ਼ ਕੀਤੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਕੀਤੇ ਗਏ ਇਕ ਸਰਵੇਖਣ ਮੁਤਾਬਕ ਇਕੱਲੇ ਚੰਡੀਗੜ੍ਹ ਸ਼ਹਿਰ ਵਿਚ 25.4%ਬਜ਼ੁਰਗ ਮਾੜੀ ਹਾਲਤ ਵਿਚ ਦਿਨ -ਕਟੀ ਕਰ ਰਹੇ ਹਨ। ਸਤਾਰਾਂ ਫੀਸਦੀ ਬਜ਼ੁਰਗ ਖੁਦ ਕਹਿੰਦੇ ਹਨ ਕਿ ਓਨਾਂ ਦੇ ਵਾਰਸਾਂ ਵਲੋਂ ਓਨਾਂ ਦੀ ਸੰਭਾਲ ਨਹੀਂ ਕੀਤੀ ਜਾਂਦੀ ਅਤੇ 44%ਮੰਨਦੇ ਹਨ ਕਿ ਓਨਾਂ ਨੂੰ ਰੋਟੀ ਪਾਣੀ ਤਾਂ ਦਿਤਾ ਜਾਂਦਾ ਹੈ ਪਰ ਨਾਲ ਈ ਨਿਕੇ-ਨਿਆਣੇ ਖਿਲਾਓਣ ਦੀ ਡਿਊਟੀ ਦੇਣ ਲਈ ਵੀ ਕਹਿ ਦਿਤਾ ਜਾਂਦਾ ਹੈ। ਤੀਹ ਫੀਸਦੀ ਬਜ਼ੁਰਗਾਂ ਨੂੰ ਓਨਾਂ ਦੀਆਂ ਧੀਆਂ ਵਲੋਂ ਸੰਭਾਲਿਆ ਜਾਂਦਾ ਹੈ।ਕਿੰਨੀ ਵਿਡੰਬਣਾ ਹੈ ਕਿ ਇਸ ਸਭ ਕੁਝ ਦੇ ਬਾਵਜੂਦ ਮਾਪੇ ਅਜੇ ਵੀ ਘਰਾਂ ਵਿਚ ਮੁੰਡਿਆਂ ਦੀ ਉਡੀਕ ‘ਚ ਕੁਖਾਂ ਵਿਚ ਧੀਆਂ ਦਾ ਕਤਲ ਕਰਦੇ ਹਨ। ਕਿੰਨੀਆਂ ਕੁ ਵਸੀਅਤਾਂ ਵਿਚ ਕੁੜੀਆਂ ਨੂੰ ਜਾਇਦਾਦ ਦਾ ਵਾਰਸ ਬਣਾਇਆ ਜਾਂਦਾ ਹੈ? ਇਹ ਵੀ ਸਚਾਈ ਹੈ ਕਿ ਜਿਥੇ ਧੀਆਂ ਸੇਵਾ ਕਰਦੀਆਂ ਹਨ ਓਥੇ ਵੀ ਵਸੀਅਤ ਪੁੱਤਰਾਂ ਦੇ ਨਾਮ ਹੀ ਹੁੰਦੀ ਹੈ।
ਦੇਸ਼ ਦੇ ਦਿਹਾਤੀ ਇਲਾਕਿਆਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਹਾਲਤ ਸ਼ਹਿਰਾਂ ਨਾਲੋ ਵਧ ਤਰਸਯੋਗ ਹੈ।ਕਿਸਾਨ ਅਤੇ ਕਿਰਤੀ ਪਰਿਵਾਰਾਂ ਨਾਲ ਜੁੜੇ ਇੰਨਾਂ ਬਜ਼ੁਰਗਾਂ ਪਾਸ ਗੈਰ -ਸੰਗਠਿਤ ਖੇਤਰ ਵਿਚ ਕੰਮ ਕਰਦੇ ਹੋਣ ਕਰਕੇ ਕੋਈ ਪੈਨਸ਼ਨ, ਮੈਡੀਕਲ ਭਤਾ ਜਾਂ ਬੀਮਾਂ ਸਹੂਲਤਾਂ ਉਪਲਬਧ ਨਹੀਂ ਹਨ। ਖੇਤੀ ਨਾਲ ਜੁੜੇ ਇਹ ਬਜ਼ੁਰਗ ਜੀਵਨ ਦੇ ਸ਼ੁਰੂ ਤੋਂ ਹੀ ਹੱਡਭੰਨਵੀਂ ਸਰੀਰਕ ਮਿਹਨਤ ਕਾਰਨ ਜਲਦੀ ਬੁਢਾਪੇ ਚ ਪੈਰ ਰਖ ਲੈਂਦੇ ਹਨ। ਸਿਹਤ ਸਹੂਲਤਾਂ ਦੀ ਕਮੀ ਕਾਰਨ ਬੀਮਾਰੀਆਂ ਵੀ ਇੰਨਾਂ ਨੂੰ ਜਲਦੀ ਘੇਰ ਲੈਂਦੀਆਂ ਹਨ। ਪੇਂਡੂ ਖੇਤਰ ਦੇ ਇੰਨਾ ਬਜ਼ੁਰਗਾਂ ਨੂੰ ਤਾਂ ਬੁਢਾਪੇ ਵੇਲੇ ਵੀ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਸ਼ਹਿਰੀ ਬਜ਼ੁਰਗ ਭਾਵੇਂ ਪੜੇ ਲਿਖੇ ਹਨ ਪਰ ਜ਼ਿੰਦਗੀ ਦੇ ਨਵੇਂ ਤੌਰ ਤਰੀਕਿਆਂ ਨੇ ਇੰਨਾਂ ਨੂੰ ਬੇ -ਵਸ ਕਰ ਦਿਤਾ ਹੈ। ਪਦਾਰਥਵਾਦੀ ਸਭਿਆਚਾਰ ਐਨਾ ਭਾਰੂ ਹੋ ਰਿਹਾ ਹੈ ਕਿ ਗੁਆਂਢ ਚ ਰਹਿੰਦੇ ਪਰਿਵਾਰਾਂ ਦੇ ਮੈਂਬਰ ਇਕ ਦੂਜੇ ਨੂੰ ਮਿਲਣ ਦੀ ਗਲ ਤਾਂ ਦੂਰ,ਪਛਾਣਦੇ ਤਕ ਵੀ ਨਹੀਂ ਹਨ। ਬਹੁ -ਮੰਜ਼ਲੇ ਫਲੈਟ ਉਂਝ ਵੀ ਬਜ਼ੁਰਗਾਂ ਦੇ ਰਹਿਣ ਲਈ ਢੁਕਵੇਂ ਨਹੀਂ ਹਨ। ਰਾਜਧਾਨੀ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਵੀ ਬਜੁਰਗਾਂ ਦੇ ਬੈਠਣ-ਉਠਣ ਲਈ ਓਸ ਕਿਸਮ ਦਾ ਸੰਸਥਾਗਤ ਢਾਂਚਾ ਮੁਹੱਈਆ ਨਹੀਂ ਕਰਵਾ ਸਕੇ ਜਿਹੋ ਜਿਹਾ ਪਛਮੀ ਦੇਸ਼ਾਂ ਵਿਚ ਉਸਾਰਿਆ ਗਿਆ ਹੈ।
ਬਜ਼ੁਰਗਾਂ ਦੀ ਦੇਖ -ਭਾਲ ਦਾ ਕਾਰਜ ਓਨਾਂ ਦੇ ਵਾਰਸਾਂ ਉਪਰ ਪਾਓਣ ਲਈ ਭਾਰਤ ਸਰਕਾਰ ਵਲੋਂ ਸਾਲ 2007 ਵਿਚ ਇਕ ਵਿਆਪਕ ਕਨੂੰਨ ਬਣਾ ਕੇ ਵਾਰਸਾਂ ਨੂੰ ਸਾਂਭ ਸੰਭਾਲ ਲਈ ਜਿੰਮੇਵਾਰ ਬਣਾ ਦਿਤਾ ਗਿਆ ਹੈ ਪਰ ਅਜੇ ਇਸ ਕਨੂੰਨ ਨੂੰ ਲਾਗੂ ਕਰਨ ਵਾਸਤੇ ਬਹੁਤ ਸਾਰੇ ਕਦਮ ਚੁੱਕਣੇ ਬਾਕੀ ਹਨ। ਹਰ ਸੂਬੇ ਵਲੋਂ ਕਨੂੰਨ ਦੀ ਰੌਸ਼ਨੀ ਵਿਚ ਨਿਯਮਾਂ ਨੂੰ ਪ੍ਰੀਭਾਸ਼ਤ ਕੀਤਾ ਜਾਣਾ ਹੈ। ਫਿਰ ਸਬ-ਡਵੀਜ਼ਨ ਅਤੇ ਜਿਲਾ ਪਧਰ ਤੇ ਸਥਾਪਿਤ ਕੀਤੀਆਂ ਗਈਆਂ ਟ੍ਰਿਬਿਊਨਲਾਂ ਨੂੰ ਬਜ਼ੁਰਗਾਂ ਦੀਆਂ ਸਮਸਿਆਵਾਂ ਫੌਰੀ ਤੌਰ ਤੇ ਨਜਿੱਠਣ ਦੇ ਸਮਰਥ ਬਨਾਉਣਾ ਹੈ।ਬਜ਼ੁਰਗ ਘਰਾਂ ਲਈ ਆਪਣੇ ਬਜਟ ਵਿਚ ਤਜਵੀਜ ਰਖੀ ਜਾਣੀ ਹੈ।ਹਸਪਤਾਲਾਂ ਦਾ ਮੁਢਲਾ ਢਾਂਚਾ ਮਜ਼ਬੂਤ ਕਰਕੇ ਹੀ ਬਜ਼ੁਰਗਾਂ ਲਈ ਬਿਸਤਰੇ ਰਾਖਵੇਂ ਰਖਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਤਾਂ ਗਰੀਬ ਬਜ਼ੁਰਗਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਦੀ ਰਕਮ ਵੀ ਨਿਗੂਣੀ ਹੈ। ਬਜ਼ੁਰਗਾਂ ਦੀ ਦੇਖਭਾਲ ਲਈ ਕਨੂੰਨ ਦੀਆਂ ਧਾਰਾਵਾਂ ਸਾਡੇ ਸਮਾਜ ਦੇ ਉਸ ਵਡੇ ਵਰਗ ਨੂੰ ਅੱਖੋਂ ਓਹਲੇ ਕਰ ਗਈਆਂ ਹਨ ਜਿੰਨਾਂ ਪਾਸ ਖੁਦ ਜਾਂ ਓਨਾਂ ਦੇ ਵਾਰਸਾਂ ਪਾਸ ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਵਡੀ ਗਿਣਤੀ ਦੇ ਗਰੀਬ ਕਿਰਤੀ ਕਿਸਾਨ ਪਰਿਵਾਰ ਆਪਣੇ ਬਜ਼ੁਰਗ ਮਾਪਿਆਂ ਨੂੰ ਇਸ ਕਨੂੰਨ ਦੀਆਂ ਧਾਰਾਵਾਂ ਅਧੀਨ ਸੰਭਾਲਣ ਲਈ ਕਿਵੇਂ ਜਵਾਬਦੇਹ ਹੋਣਗੇ? ਕਨੂੰਨ ਵਿਚ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਬੁਢਾਪੇ ਦੀ ਆਮ ਜ਼ਿੰਦਗੀ ਬਸਰ ਕਰਨ ਲਈ ਕਿਹੜੀਆਂ ਸਹੂਲਤਾਂ ਦੀ ਲੋੜ ਹੈ।ਅਜਿਹੀ ਹਾਲਤ ਵਿਚ ਕਈ ਥਾਵਾਂ ਤੇ ਮਾਪਿਆਂ ਅਤੇ ਸੰਤਾਨ ਵਿਚ ਖਾਹ -ਮੁਖਾਹ ਦੀ ਕਸਮਕਸ਼ ਸ਼ੁਰੂ ਹੋ ਗਈ ਹੈ।
ਰਾਜ ਸਰਕਾਰਾਂ ਵਲੋਂ ਝਗੜੇ ਨਿਪਟਾਉਣ ਲਈ ਟ੍ਰਿਬਿਊਨਲ ਸਥਾਪਤ ਕਰਨ ਨੂੰ ਸਮਾਂਬੱਧ ਨਹੀ ਕੀਤਾ ਗਿਆ।ਇਸੇ ਤਰਾਂ ਬੇਔਲਾਦ ਬਜ਼ੁਰਗਾਂ ਵਲੋਂ ਕਿਹੜੇ ਸਬੰਧੀ ਨੂੰ ਜਾਇਦਾਦ ਦਿਤੀ ਜਾਣੀ ਹੈ, ਪਹਿਲਾਂ ਕਿਵੇਂ ਨਿਰਧਾਰਤ ਕੀਤਾ ਜਾਵੇਗਾ ਕਿਓਂਕਿ ਵਸੀਅਤ-ਦਹਿੰਦਾ ਨੂੰ ਇਸ ਦਸਤਾਵੇਜ ਦੀ ਜਾਣਕਾਰੀ ਵਸੀਅਤ-ਕੁਨਿੰਦਾ ਦੀ ਮੌਤ ਤੋਂ ਬਾਅਦ ਹੀ ਪਤਾ ਲਗਣੀ ਚਾਹੀਦੀ ਹੈ। ਜੇਕਰ ਨਹੁੰ-ਮਾਸ ਦੇ ਰਿਸ਼ਤਿਆਂ ਵਿਚ ਐਨੀਆਂ ਤਰੇੜਾਂ ਆ ਜਾਣ ਕਿ ਓਹ ਇਕ ਦੂਜੇ ਨੂੰ ਬੇਲੋੜੇ ਸਮਝਣ ਤਾਂ ਕਿਹੜੀ ਕਚਿਹਰੀ ਮਾਂ ਪੁੱਤ ਦੇ ਝਗੜੇ ਨਿਪਟਾਉਣ ਦੇ ਸਮਰਥ ਹੈ। ਸਾਡੇ ਢਾਂਚੇ ਵਿਚ ਨਿਆਂ ਪ੍ਰਾਪਤ ਕਰਨ ਲਈ ਬਹੁਤ ਸਮਾਂ ਲਗ ਜਾਂਦਾ ਹੈ ਅਤੇ ਦੁਖੀ ਬਜ਼ੁਰਗ ਆਪਣੇ ਹੀ ਖੂਨ ਦੇ ਪਾਣੀ ਹੋਣ ‘ਤੇ ਝੂਰਦਾ ਦਮ ਤੋੜ ਜਾਂਦਾ ਹੈ। ਬਜ਼ੁਰਗਾਂ ਦੀ ਦੇਖਭਾਲ ਲਈ ਬਣੇ ਕਾਨੂੰਨ ਅਸਲ ਵਿਚ ਵਾਰਸਾਂ ਨੂੰ ਆਪਣੇ ਮਾਪਿਆਂ ਨੂੰ ਸੰਭਾਲਣ ਪ੍ਰਤੀ ਚੇਤੰਨ ਕਰਨ ਦਾ ਕਾਰਜ ਹੀ ਕਰ ਰਹੇ ਹਨ। ਬਜ਼ੁਰਗਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਚ ਰਖਦਿਆਂ ਹੁਣ ਪਾਏਦਾਰ ਸੰਸਥਾਗਤ ਢਾਚਾ ਸਥਾਪਤ ਕਰਨ ਦੀ ਲੋੜ ਹੈ। ਚੰਡੀਗੜ੍ਹ ਵਰਗੇ ਸ਼ਹਿਰ ਵਿਚ ਵੀ ਸੈਕਟਰ ਵਾਈਜ ਕੋਈ ਅਜਿਹੀ ਸਹੂਲਤ ਨਜ਼ਰ ਨਹੀ ਆਈ ਜਿਥੇ ਸੇਵਾ ਮੁਕਤ ਬਜ਼ੁਰਗ ਆਪਣਾ ਸਮਾਂ ਗੁਣਾਤਮਕ ਢੰਗ ਨਾਲ ਗੁਜਾਰ ਸਕਣ। ਪਿੰਡਾਂ ਵਿਚ ਵੀ ਡੇ- ਕੇਅਰ ਸੈਂਟਰ ਉਸਾਰਨ ਦੀ ਜਰੂਰਤ ਹੈ ਜਿਹੜਾ ਪੁਰਾਣੀ ਸਥ ਦੇ ਬਦਲ ਵਜੋਂ ਬਜ਼ੁਰਗਾਂ ਲਈ ਚੰਗੀ ਬੈਠਕ ਬਣ ਸਕਦਾ ਹੈ।ਇਸ ਸਾਰੇ ਕਾਰਜ ਵਿਚ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਜਿੰਨਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸਾਡੇ ਪਾਲਣ -ਪੋਸ਼ਣ ਦੇ ਲੇਖੇ ਲਾ ਦਿਤੀ,ਓਨਾਂ ਨੂੰ ਲਾਚਾਰ ਅਤੇ ਬੇਸਹਾਰਾ ਛਡ ਕੇ ਕਲ ਨੂੰ ਅਸੀਂ ਆਪਣੇ ਬੱਚਿਆ ਤੋਂ ਕਿਹੜੀ ਸੇਵਾ ਦੀ ਉਮੀਦ ਕਰ ਸਕਾਂਗੇ ? ਬਜ਼ੁਰਗਾਂ ਪਾਸ ਅਨੁਭਵ ਦਾ ਖਜ਼ਾਨਾ ਸਾਡੀਆਂ ਕਈ ਸਮਸਿਆਵਾਂ ਹਲ ਕਰਨ ਵਿਚ ਸਹਾਈ ਹੋ ਸਕਦਾ ਹੈ। ਸਾਹਿਤਕ ਭਾਸ਼ਾ ਵਿਚ ਬਜ਼ੁਰਗਾਂ ਨੂੰ ਜੜਾਂ ਨਾਲ ਤਸ਼ਬੀਹ ਦਿਤੀ ਗਈ ਹੈ। ਜੜਾਂ ਤੋਂ ਅਗੇ ਕਰੂੰਬਲਾਂ,ਟਾਹਣੀਆਂ ਅਤੇ ਸੰਘਣੀਆਂ ਛਾਵਾਂ ਪੈਦਾ ਹੁੰਦੀਆਂ ਹਨ।ਹਨੇਰੀਆਂ ਅਤੇ ਝਖੜਾਂ ਤੋਂ ਬਚਾਓ ਵੀ ਮਜ਼ਬੂਤ ਜੜਾਂ ਹੀ ਕਰਦੀਆਂ ਹਨ। ਜਿਓਂਦੇ -ਜੀਅ ਅਸੀਂ ਬੇਸਮਝੀ ਕਾਰਣ ਮਾਪੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਾਂ ਪਰ ਮਰਨ ਉਪਰੰਤ ਓਨਾਂ ਦੇ ਭੋਗ ਅਤੇ ਅੰਤਮ ਰਸਮਾਂ ਤੇ ਬੇਲੋੜਾ ਖਰਚ ਕਰਦੇ ਹਾਂ। ਬਜ਼ੁਰਗਾਂ ਨੂੰ ਆਪਣੀ ਆਖਰੀ ਉਮਰ ਸੁਖ ਦਾਇਕ ਕਟਣ ਲਈ ਓਨਾਂ ਦੇ ਆਪਣੇ ਦ੍ਰਿਸ਼ਟੀਕੋਣ ਵਿਚ ਵੀ ਤਬਦੀਲੀ ਲਿਆਉਣੀ ਜਰੂਰੀ ਹੈ। ਜਿੰਨੀ ਦੇਰ ਚੰਗੀ ਸਿਹਤ ਹੈ,ਉਸਾਰੂ ਗਤੀਵਿਧੀਆਂ ਵਿਚ ਭਾਗ ਲੈਂਦੇ ਰਹਿਣਾ ਚੰਗਾ ਹੈ। ਪੂਰੀ ਤਰਾਂ ਔਲਾਦ ਤੇ ਬੋਝ ਬਨਣ ਨਾਲੋਂ ਕਿਸੇ ਸੌਖੇ ਕੰਮ ਵਿਚ ਮਸ਼ਰੂਫ ਰਹਿਣ ਨਾਲ ਸਿਹਤ ਵੀ ਚੰਗੀ ਰਖੀ ਜਾ ਸਕਦੀ ਹੈ। ਬਹੁਤ ਸਾਰੇ ਨਾਮਵਰ ਵਿਆਕਤੀਆਂ ਨੇ ਬੁਢਾਪੇ ਵਿਚ ਵੀ ਕਾਮਯਾਬੀਆਂ ਹਾਸਲ ਕੀਤੀਆਂ। ਕਿਸੇ ਨਾ ਕਿਸੇ ਉਸਾਰੂ ਕੰਮ ਵਿਚ ਰੁਝੇ ਰਹਿਣਾ ਚੰਗੇ ਬੁਢਾਪੇ ਦੀ ਨਿਸ਼ਾਨੀ ਹੈ।
ਜੀਵਨ ਦਾ ਆਖਰੀ ਪੜਾਅ ਬੁਢਾਪਾ ਹੈ।ਇਸ ਉਮਰ ਵਿਚ ਸਰੀਰ ਕਮਜ਼ੋਰ ਹੋ ਜਾਂਦਾ ਹੈ,ਅਖਾਂ ਦੀ ਰੌਸ਼ਨੀ ਘਟ ਜਾਂਦੀ ਹੈ,ਹਥ -ਪੈਰ ਕੰਬਣ ਲਗ ਜਾਂਦੇ ਹਨ ਅਤੇ ਸੋਟੀ ਸਹਾਰੇ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ।ਹਰ ਬਜ਼ੁਰਗ ਦੀ ਦਿਲੀ ਇੱਛਾ ਹੁੰਦੀ ਹੈ ਕਿ ਇਸ ਸਮੇਂ ਉਸਦੇ ਪੁਤਰ-ਧੀਆਂ,ਪੋਤੇ-ਦੋਹਤੇ ਉਸ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਨ,ਆਪਣੀਆਂ ਕਾਮਯਾਬੀਆਂ ਅਤੇ ਅਸਫਲਤਾਵਾਂ ਬਾਰੇ ਦਸਣ। ਓਹ ਅਗਲੀ ਪੀੜੀ ਦੀਆਂ ਤਕਲੀਫਾਂ ਅਤੇ ਖੁਸ਼ੀਆਂ ਵੰਡਾਓਣੀਆਂ ਚਹੁੰਦੇ ਹਨ। ਕੁਝ ਖੁਸ਼ਨਸੀਬ ਮਾਪਿਆਂ ਨੂੰ ਹੀ ਅਜਿਹਾ ਵਾਤਾਵਰਣ ਮਿਲਦਾ ਹੈ ਜਿਥੇ ਓਨਾਂ ਦਾ ਖੁਸ਼ੀਆਂ ਭਰਿਆ ਬੁਢਾਪਾ ਕਟਣ ਦੀ ਰੀਝ ਪੂਰੀ ਹੁੰਦੀ ਹੈ। ਜਿਹੜੇ ਪਰਿਵਾਰਾਂ ਵਿਚ ਬਜ਼ੁਰਗਾਂ ਦੀ ਸੇਵਾ -ਸੰਭਾਲ ਖੁਸ਼ੀ ਖੁਸ਼ੀ ਹੁੰਦੀ ਹੈ,ਓਥੇ ਪ੍ਰਮਾਤਮਾ ਆਪ ਨਿਵਾਸ ਕਰਦਾ ਹੈ। ਸਵੇਰੇ -ਸ਼ਾਮ ਧਾਰਮਿਕ ਸਥਾਨਾਂ ਤੇ ਮਥਾ ਰਗੜਣ ਨਾਲੋਂ ਬਜ਼ੁਰਗਾਂ ਦੇ ਹਥਾਂ ਪੈਰਾਂ ਦੀ ਛੂਹ ਪ੍ਰਾਪਤ ਕਰੋ, ਵੇਖੋ ,ਕਿੰਨਾ ਸਕੂਨ ਮਿਲਦਾ ਹੈ। ਜੇ ਆਪਣੇ ਘਰ ਬਜ਼ੁਰਗ ਨਹੀਂ ਤਾਂ ਗੁਆਂਢੀ ਬਜ਼ੁਰਗਾਂ ਨਾਲ ਸਨੇਹ ਕਰੋ। ਕਿਸੇ ਬਿਰਧ ਜੋੜੇ ਨੂੰ ਟੈਲੀਫੋਨ ਤੇ ਵੀ ਅਪਨਾਇਆ ਜਾ ਸਕਦਾ ਹੈ ਤਾਂ ਜੋ ਓਨਾਂ ਦੇ ਇਕੱਲੇਪਣ ਅਤੇ ਨਿਰਾਸ਼ਤਾ ਨੂੰ ਦੂਰ ਕੀਤਾ ਜਾ ਸਕੇ।ਮਾਪਿਆਂ ਦੀ ਬੁੱਕਲ ਦਾ ਨਿਘਾਰ ਦੁਨੀਆਂ ਦੀਆਂ ਸਾਰੀਆਂ ਸੁਖ ਸਹੂਲਤਾਂ ਨਾਲੋਂ ਉਤਮ ਹੈ।

ਜੀ ਕੇ ਸਿੰਘ
#1554, 38 ਬੀ
ਚੰਡੀਗੜ੍ਹ
98140 67632
Share this content:


Post Comment