ਭਾਰਤ-ਪਾਕਿਸਤਾਨ ਦੇ ਖਿਡਾਰੀਆਂ ਨੇ ਮਿਲਾਇਆ ਹੱਥ
ਮਲੇਸ਼ੀਆ, 15 ਅਕਤੂਬਰ – ਭਾਰਤ ਤੇ ਪਾਕਿਸਤਾਨ ਦੀਆਂ ਅੰਡਰ-21 ਹਾਕੀ ਟੀਮਾਂ ਵਿਚਾਲੇ ਮਲੇਸ਼ੀਆ ਵਿਖੇ ਸੁਲਤਾਨ ਆਫ ਜੋਹੋਰ ਕੱਪ ਵਿੱਚ ਮੁਕਾਬਲਾ ਡਰਾਅ ਰਿਹਾ, ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਏ। ਮੈਚ ਸ਼ੁਰੂ ਹੋਣ ਉੱਤੇ ਖਿਡਾਰੀਆਂ ਨੇ ਇੱਕ ਦੂਜੇ ਨੂੰ ਹਾਈ-ਫਾਈਵ ਦਿੱਤੇ ਅਤੇ ਖ਼ਤਮ ਹੋਣ ਮਗਰੋਂ ਹੱਥ ਵੀ ਮਿਲਾਏ। ਤਮਨ ਦਇਆ ਹਾਕੀ ਸਟੇਡੀਅਮ ਵਿੱਚ ਹੋਏ ਇਸ ਰੋਮਾਂਚਕ ਮੈਚ ਵਿੱਚ ਦੋਵਾਂ ਟੀਮਾਂ ਨੇ 3-3 ਗੋਲਾਂ ਨਾਲ ਬਰਾਬਰ ਰਹੀਆਂ। ਭਾਰਤੀ ਮੀਡੀਆ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਕੀ ਦੋਵਾਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨਾਲ ਮੈਚ ਤੋਂ ਪਹਿਲਾਂ ਅਤੇ ਮੈਚ ਤੋਂ ਬਾਅਦ ਹੱਥ ਮਿਲਾਉਣਗੇ ਜਾਂ ਨਹੀਂ। ਦੁਬਈ ਵਿੱਚ ਭਾਰਤ-ਪਾਕਿਸਤਾਨ ਦੇ ਏਸ਼ੀਆ ਕੱਪ ਦੇ ਮੈਚਾਂ ਦੌਰਾਨ ਭਾਰਤੀ ਟੀਮ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ।
ਭਾਰਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹਾ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਇੱਕਜੁਟਤਾ ਦਿਖਾਉਣ ਲਈ ਕੀਤਾ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਨੂੰ ਖੇਡ ਭਾਵਨਾ ਦੇ ਖ਼ਿਲਾਫ਼ ਦੱਸਦੇ ਹੋਏ ਨਾਰਾਜ਼ਗੀ ਜ਼ਾਹਰ ਕੀਤੀ ਸੀ। ਦੋਵਾਂ ਟੀਮਾਂ ਦੀ ਤਿੰਨ ਵਾਰੀ ਟੱਕਰ ਹੋਈ ਅਤੇ ਤਿੰਨੋਂ ਵਾਰ ਖਿਡਾਰੀਆਂ ਨੇ ਹੱਥ ਨਹੀਂ ਮਿਲਾਏ। ਇਹ ਸਿਲਸਿਲਾ ਮਹਿਲਾ ਵਿਸ਼ਵ ਕੱਪ ਵਿੱਚ ਵੀ ਜਾਰੀ ਰਿਹਾ ਜਿੱਥੇ ਭਾਰਤ-ਪਾਕਿਸਤਾਨ ਦੀਆਂ ਖਿਡਾਰਨਾਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਏ।
Share this content:



Post Comment