Loading Now

ਭਾਰਤ-ਨਿਊਜ਼ੀਲੈਂਡ ਮੁਫ਼ਤ ਵਪਾਰ ਸਮਝੌਤਾ ਅਗਲੇ ਮਹੀਨੇ ਤੋਂ ਹੋ ਸਕਦਾ ਹੈ ਲਾਗੂ: ਪ੍ਰਧਾਨ ਮੰਤਰੀ ਲਕਸਨ

ਭਾਰਤ-ਨਿਊਜ਼ੀਲੈਂਡ ਮੁਫ਼ਤ ਵਪਾਰ ਸਮਝੌਤਾ ਅਗਲੇ ਮਹੀਨੇ ਤੋਂ ਹੋ ਸਕਦਾ ਹੈ ਲਾਗੂ: ਪ੍ਰਧਾਨ ਮੰਤਰੀ ਲਕਸਨ

ਨਵਾਂ ਵਪਾਰਕ ਦੌਰ: ਨਿਊਜ਼ੀਲੈਂਡ ਅਤੇ ਭਾਰਤ ਦੀ ਮਜ਼ਬੂਤ ਭਾਗੀਦਾਰੀ!
  • ਪੰਜ ਸਾਲਾਂ ਵਿੱਚ ਦੋਪਾਸੜ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਮਿਥਿਆ ਗਿਆ ਟੀਚਾ

ਔਕਲੈਂਡ, 04 ਸਤੰਬਰ 2026:  (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸੰਕੇਤ ਦਿੱਤਾ ਹੈ ਕਿ ਨਿਊਜ਼ੀਲੈਂਡ-ਭਾਰਤ ਮੁਫ਼ਤ ਵਪਾਰ ਸਮਝੌਤਾ ਅਗਲੇ ਮਹੀਨੇ ਤੋਂ ਲਾਗੂ ਹੋ ਸਕਦਾ ਹੈ, ਜਿਸ ਨਾਲ ਬਰਾਮਦਕਾਰਾਂ ਲਈ ਲਾਗਤਾਂ ਵਿੱਚ ਤੁਰੰਤ ਕਮੀ ਆਵੇਗੀ।

ਪਲਾਊ ਦੇ ਕੋਰੋਰ ਵਿੱਚ ਪੈਸੀਫਿਕ ਆਈਲੈਂਡਜ਼ ਫੋਰਮ ਦੇ ਆਗੂਆਂ ਦੇ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਕਸਨ ਨੇ ਇਹ ਪ੍ਰਤੀਕਿਰਿਆ ਦਿੱਤੀ। ਉਹ ਭਾਰਤੀ ਮੀਡੀਆ ਵਿੱਚ ਆਈਆਂ ਉਨ੍ਹਾਂ ਰਿਪੋਰਟਾਂ ਦਾ ਜਵਾਬ ਦੇ ਰਹੇ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਹ ਵਪਾਰਕ ਸਮਝੌਤਾ ਬਹੁਤ ਜਲਦ ਲਾਗੂ ਹੋਣ ਵਾਲਾ ਹੈ।

ਪ੍ਰੈਸ ਟਰੱਸਟ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਇਹ ਸਮਝੌਤਾ ਅਗਲੇ ਮਹੀਨੇ ਤੋਂ ਲਾਗੂ ਹੋ ਸਕਦਾ ਹੈ। ਜਦੋਂ ਲਕਸਨ ਤੋਂ ਇਹਨਾਂ ਰਿਪੋਰਟਾਂ ਦੀ ਪੁਸ਼ਟੀ ਕਰਨ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਿਊਜ਼ੀਲੈਂਡ ਲਈ ਬਹੁਤ ਹੀ ਉਤਸ਼ਾਹਜਨਕ ਖ਼ਬਰ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਦਾ ਆਕਾਰ ਅਤੇ ਵਿਕਾਸ ਨਿਊਜ਼ੀਲੈਂਡ ਲਈ ਇੱਕ ਵੱਡਾ ਅਵਸਰ ਹੈ। ਭਾਰਤ ਆਉਣ ਵਾਲੇ ਕੁਝ ਸਾਲਾਂ ਵਿੱਚ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਅਤੇ ਇਸ ਦੀ ਵਿਸ਼ਾਲ ਆਬਾਦੀ ਨਿਊਜ਼ੀਲੈਂਡ ਲਈ ਬਹੁਤ ਵੱਡੇ ਮੌਕੇ ਪੈਦਾ ਕਰਦੀ ਹੈ।

ਨਿਊਜ਼ੀਲੈਂਡ ਅਤੇ ਭਾਰਤ ਦਾ ਲਕਸ਼ ਅਗਲੇ ਪੰਜ ਸਾਲਾਂ ਵਿੱਚ ਦੋਪਾਸੜ ਵਪਾਰ ਨੂੰ ਦੁੱਗਣਾ ਕਰਕੇ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣਾ ਹੈ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਨੇ ਅਪ੍ਰੈਲ ਮਹੀਨੇ ਵਿੱਚ ਨਵੀਂ ਦਿੱਲੀ ਵਿੱਚ ਰਸਮੀ ਤੌਰ ’ਤੇ ਇਸ ਸਮਝੌਤੇ ’ਤੇ ਦਸਤਖਤ ਕੀਤੇ ਸਨ। ਇਸ ਤੋਂ ਬਾਅਦ ਜੁਲਾਈ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦਾ ਆਪਣਾ ਅਧਿਕਾਰਤ ਦੌਰਾ ਕੀਤਾ ਸੀ, ਜੋ ਕਿ ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਨਿਊਜ਼ੀਲੈਂਡ ਫੇਰੀ ਸੀ।

ਕੀ ਹੋ ਸਕਦਾ ਹੈ ਸਸਤਾ?

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੁਫ਼ਤ ਵਪਾਰ ਸਮਝੌਤਾ ਲਾਗੂ ਹੋਣ ਨਾਲ ਦੋਹਾਂ ਦੇਸ਼ਾਂ ਦੇ ਗ੍ਰਾਹਕਾਂ ਲਈ ਕਈ ਵਸਤੂਆਂ ਸਸਤੀਆਂ ਹੋ ਜਾਣਗੀਆਂ, ਜਿਸ ਵਿੱਚ ਕਰਿਆਨੇ (Groceries) ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਖ਼ਾਸ ਫ਼ਰਕ ਦੇਖਣ ਨੂੰ ਮਿਲੇਗਾ। ਨਿਊਜ਼ੀਲੈਂਡ ਵਿੱਚ ਭਾਰਤ ਤੋਂ ਆਉਣ ਵਾਲੇ ਪੈਕਡ ਫੂਡਜ਼, ਮਸਾਲੇ (ਹਲਦੀ, ਜੀਰਾ, ਮਿਰਚ), ਬਿਸਕੁਟ, ਚਾਹ-ਕੌਫ਼ੀ, ਅਚਾਰ, ਜੂਸ, ਦਾਲਾਂ, ਕੱਪੜੇ, ਚਮੜੇ ਦੇ ਉਤਪਾਦ ਅਤੇ ਦਵਾਈਆਂ ’ਤੇ ਲੱਗਣ ਵਾਲੀ 5% ਤੋਂ 10% ਤੱਕ ਦੀ ਕਸਟਮ ਡਿਊਟੀ ਜ਼ੀਰੋ ਹੋ ਜਾਵੇਗੀ, ਜਿਸ ਨਾਲ ਭਾਰਤੀ ਗ੍ਰੋਸਰੀ ਸਟੋਰਾਂ ’ਤੇ ਮਿਲਣ ਵਾਲਾ ਸਮਾਨ 5% ਤੋਂ 10% ਤੱਕ ਸਸਤਾ ਹੋ ਸਕਦਾ ਹੈ।

ਦੂਜੇ ਪਾਸੇ, ਭਾਰਤ ਵਿੱਚ ਨਿਊਜ਼ੀਲੈਂਡ ਤੋਂ ਜਾਣ ਵਾਲਾ ਭੇਡ ਦਾ ਮਾਸ (Sheep meat), ਸੀਫ਼ੂਡ (Mussels, Salmon), ਅਤੇ ਇਨਫ਼ੈਂਟ ਫ਼ਾਰਮੂਲਾ (ਦੁੱਧ ਦਾ ਪਾਊਡਰ) ਡਿਊਟੀ-ਫ਼ਰੀ ਹੋ ਜਾਣਗੇ, ਜਦਕਿ ਮਾਨੂਕਾ ਸ਼ਹਿਦ ’ਤੇ ਟੈਕਸ 66% ਤੋਂ ਘਟ ਕੇ 16.5% ਰਹਿ ਜਾਵੇਗਾ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਕੀਵੀਫਲ, ਸੇਬ, ਚੈਰੀ, ਐਵੋਕਾਡੋ ਅਤੇ ਵਾਈਨ ’ਤੇ ਵੀ ਭਾਰਤ ਵਿੱਚ ਲੱਗਦੀਆਂ ਭਾਰੀ ਸੀਮਾ ਚੁੰਗੀਆਂ (Tariffs) ਵਿੱਚ 50% ਤੋਂ 83% ਤੱਕ ਦੀ ਵੱਡੀ ਕਟੌਤੀ ਹੋਵੇਗੀ, ਜਿਸ ਨਾਲ ਭਾਰਤੀ ਬਾਜ਼ਾਰ ਵਿੱਚ ਇਹ ਫਲ ਅਤੇ ਵਾਈਨ ਕਾਫ਼ੀ ਸਸਤੇ ਹੋ ਜਾਣਗੇ। ਕੁੱਲ ਮਿਲਾ ਕੇ (Overall), ਨਿਊਜ਼ੀਲੈਂਡ ਵਿੱਚ ਭਾਰਤੀ ਕਰਿਆਨੇ ਦਾ ਸਮਾਨ ਅਤੇ ਭਾਰਤ ਵਿੱਚ ਨਿਊਜ਼ੀਲੈਂਡ ਦੇ ਫਲ ਤੇ ਪ੍ਰੋਸੈਸਡ ਫੂਡਜ਼ ਸਸਤੇ ਮੁੱਲ ’ਤੇ ਉਪਲਬਧ ਹੋਣ ਦੀ ਸੰਭਾਵਨਾ ਹੈ।

Share this content:

Post Comment