Loading Now

ਭਾਰਤ ਦੀ ਚਿੰਤਾ ਵਧਾਉਂਦਾ ਬੰਗਲਾਦੇਸ਼

ਭਾਰਤ ਦੀ ਚਿੰਤਾ ਵਧਾਉਂਦਾ ਬੰਗਲਾਦੇਸ਼

ਬੰਗਲਾਦੇਸ਼ ਦੀ ਜਲਾਵਤਨ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ 2010 ਵਿਚ ਅੰਤਰਰਾਸ਼ਟਰੀ ਕ੍ਰਾਈਮਜ਼ ਟ੍ਰਿਬਿਊਨਲ ਦੀ ਸਥਾਪਨਾ ਦੇ ਸਮੇਂ ਇਹ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ 15 ਸਾਲਾਂ ਬਾਅਦ ਇਹੀ ਅਦਾਲਤ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਏਗੀ। ਪ੍ਰਧਾਨ ਮੰਤਰੀ ਹਸੀਨਾ ਨੇ ਇਸ ਟ੍ਰਿਬਿਊਨਲ ਦੀ ਸਥਾਪਨਾ 1971 ਦੇ ਮੁਕਤੀ ਸੰਗਰਾਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤੀ ਸੀ ਤਾਂ ਜੋ ਮਨੁੱਖਤਾ ਖ਼ਿਲਾਫ਼ ਹੋਏ ਘਿਨੌਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦੀ ਸਜ਼ਾ ਦਿਵਾਈ ਜਾ ਸਕੇ। ਹਾਲ ਹੀ ਵਿਚ, ਇਸੇ ਟ੍ਰਿਬਿਊਨਲ ਨੇ ਸ਼ੇਖ਼ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਖ਼ਿਲਾਫ਼ ਬੰਗਲਾਦੇਸ਼ ਵਿਚ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਜੁਲਾਈ 2024 ਵਿਚ ਹੋਏ ਵਿਰੋਧ-ਪ੍ਰਦਰਸ਼ਨਾਂ ਨਾਲ ਜੁੜੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਦੇ ਦਫ਼ਤਰ ਨੇ ਹਸੀਨਾ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਗ਼ਲਤ ਠਹਿਰਾਇਆ ਹੈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਦੋਸ਼ੀ ਕਰਾਰ ਦੇਣਾ ਪਿਛਲੇ ਸਾਲ ਵਿਰੋਧ-ਪ੍ਰਦਰਸ਼ਨਾਂ ਦੇ ਦਮਨ ਦੌਰਾਨ ਹੋਈਆਂ ਗੰਭੀਰ ਉਲੰਘਣਾਵਾਂ ਦੇ ਪੀੜਤਾਂ ਲਈ ਇਕ ਮਹੱਤਵਪੂਰਨ ਪੜਾਅ ਹੈ। ਜ਼ਿਕਰਯੋਗ ਹੈ ਕਿ ਹਾਈ ਕਮਿਸ਼ਨ ਦੇ ਦਫ਼ਤਰ ਨੇ ਇਸ ਸਾਲ ਫਰਵਰੀ ਵਿਚ ਆਪਣੀ ਫੈਕਟ ਫਾਈਂਡਿੰਗ ਰਿਪੋਰਟ ਵਿਚ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਦੀ ਜੁਲਾਈ-ਅਗਸਤ 2024 ਵਿਚ ਕੀਤੀ ਗਈ ਪੁਲਿਸ ਕਾਰਵਾਈ ਵਿਚ ਸ਼ਮੂਲੀਅਤ ਵੀ ਪਾਈ ਗਈ ਸੀ।

ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਕਿਉਂਕਿ ਇਸ ਸਮੇਂ ਭਾਰਤ ਵਿਚ ਹਨ ਅਤੇ ਟ੍ਰਿਬਿਊਨਲ ਵਿਚ ਚੱਲ ਰਹੀ ਕਾਰਵਾਈ ਮੌਜੂਦਾ ਸਰਕਾਰ ਦੀ ਮਨਮਰਜ਼ੀ ਨਾਲ ਹੋਈ ਹੈ, ਇਸ ਲਈ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿਚ ਇਸ ਤਰ੍ਹਾਂ ਦੇ ਫ਼ੈਸਲੇ ਦਾ ਆਉਣਾ ਟ੍ਰਿਬਿਊਨਲ ਦੀ ਆਜ਼ਾਦੀ ’ਤੇ ਸਵਾਲ ਖੜ੍ਹੇ ਕਰਦਾ ਹੈ ਅਤੇ ਇਹ ਸਿਆਸਤ ਤੋਂ ਪ੍ਰੇਰਿਤ ਲੱਗਦਾ ਹੈ। ਇਸ ਫ਼ੈਸਲੇ ਨਾਲ ਇਹ ਵੀ ਲਗਪਗ ਸਾਫ਼ ਹੋ ਗਿਆ ਹੈ ਕਿ ਹੁਣ ਸ਼ੇਖ਼ ਹਸੀਨਾ ਦੀ ਬੰਗਲਾਦੇਸ਼ ਵਾਪਸੀ ਅਸੰਭਵ ਹੈ। ਅੰਤਰਿਮ ਸ਼ਾਸਨ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਸਰਕਾਰ ਨੇ ਪਹਿਲਾਂ ਹੀ ਸ਼ੇਖ਼ ਹਸੀਨਾ ਦੀ ਅਵਾਮੀ ਲੀਗ ਪਾਰਟੀ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਹਸੀਨਾ ਨੂੰ ਮੌਤ ਦੀ ਸਜ਼ਾ ਦਾ ਫ਼ੈਸਲਾ ਉਨ੍ਹਾਂ ਦੀ ਵਾਪਸੀ ਦੀਆਂ ਬਚੀਆਂ-ਖੁਚੀਆਂ ਉਮੀਦਾਂ ਨੂੰ ਵੀ ਖ਼ਤਮ ਕਰਨ ਵਾਲਾ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਭਵਿੱਖ ਬਾਰੇ ਹੁਣ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਇਕ ਤਾਂ ਇਹ ਕਿ ਅਜਿਹਾ ਫ਼ੈਸਲਾ ਕਿੰਨਾ ਨਿਆਂ-ਸੰਗਤ ਹੈ ਅਤੇ ਦੂਜਾ ਇਹ ਕਿ ਹਸੀਨਾ ਦੀ ਹਵਾਲਗੀ ਨਾਲ ਜੁੜੀ ਬੰਗਲਾਦੇਸ਼ ਦੀ ਮੰਗ ’ਤੇ ਭਾਰਤ ਨੂੰ ਕੀ ਰੁਖ਼ ਅਪਣਾਉਣਾ ਚਾਹੀਦਾ ਹੈ? ਇਸ ਦਾ ਕੋਈ ਸੰਕੇਤ ਨਹੀਂ ਹੈ ਕਿ ਭਾਰਤ ਸ਼ੇਖ਼ ਹਸੀਨਾ ਨੂੰ ਬੰਗਲਾਦੇਸ਼ ਨੂੰ ਸੌਂਪੇਗਾ। ਬੰਗਲਾਦੇਸ਼ ਨੂੰ ਇਸ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਪਰ ਇਹ ਵੀ ਸੱਚ ਹੈ ਕਿ ਉਹ ਹਸੀਨਾ ਨੂੰ ਆਪਣੇ ਹਵਾਲੇ ਕਰਨ ਦੀ ਮੰਗ ਕਰਦਾ ਰਹੇਗਾ।

Share this content:

Post Comment