ਭਾਰਤ ਤੇ ਬਰਤਾਨੀਆ ਦੇ ਵਪਾਰਕ ਸਾਂਝ ਨੂੰ ਹੁਲਾਰਾ: ਇਕ ਅਰਬ ਪੌਂਡ ਦੇ ਨਵੇਂ ਸੌਦਿਆਂ ਦਾ ਐਲਾਨ
ਨਵੀਂ ਦਿੱਲੀ- 13 ਅਕਤੂਬਰ ਦੁਵੱਲੇ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ਤੋਂ ਮਿਲਣ ਵਾਲੇ ਲਾਭਾਂ ਨੂੰ ਵਧਾਉਣ ਲਈ ਭਾਰਤ ਪੁੱਜੇ ਪਹਿਲੇ ਵੱਡੇ ਬਰਤਾਨਵੀ ਵਫ਼ਦ ਦੇ ਦੌਰੇ ਦੌਰਾਨ, ਬਰਤਾਨੀਆ ਸਰਕਾਰ ਨੇ ਅੱਜ ਇਕ ਅਰਬ ਪੌਂਡ ਦੇ ਨਵੇਂ ਸਮਝੌਤਿਆਂ ਦੀ ਸ਼ੁਰੂਆਤ ’ਤੇ ਜ਼ੋਰ ਦਿੱਤਾ।
ਬਰਤਾਨੀਆ ਦੇ ਵਪਾਰ ਸਕੱਤਰ ਜੋਨਾਥਨ ਰੈਨੋਲਡਜ਼, ਸਕੌਟਲੈਂਡ ਦੇ ਸਕੱਤਰ ਡਗਲਸ ਐਲੇਗਜ਼ੈਂਡਰ ਅਤੇ ਵਾਤਾਵਰਨ, ਭੋਜਨ ਤੇ ਦਿਹਾਤੀ ਮਾਮਲਿਆਂ ਦੀ ਸਕੱਤਰ ਐਂਜੇਲਾ ਈਗਲ ਦੇ ਨਾਲ ਉੱਤਰੀ ਇੰਗਲੈਂਡ ਦੇ ਸੱਤ ਮੇਅਰਾਂ ਦੀ ਅਗਵਾਈ ਹੇਠ ਵੱਖ-ਵੱਖ ਉਦਯੋਗਾਂ ਦੀਆਂ 100 ਤੋਂ ਵੱਧ ਕੰਪਨੀਆਂ ਭਾਰਤ ਆਈਆਂ ਹਨ। ਇਹ ‘ਗਰੇਟ ਨੌਰਥ’ ਮਿਸ਼ਨ 15 ਜੁਲਾਈ ਨੂੰ ਭਾਰਤ-ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ (ਸੀ ਈ ਟੀ ਏ) ਦੇ ਲਾਗੂ ਹੋਣ ਤੋਂ ਲਗਪਗ ਤਿੰਨ ਮਹੀਨੇ ਬਾਅਦ ਹੋ ਰਿਹਾ ਹੈ।
ਰੈਨੋਲਡਜ਼ ਨੇ ਦੌਰੇ ਤੋਂ ਪਹਿਲਾਂ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਭਾਰਤ ਨਾਲ ਸਾਡੇ ਵਪਾਰਕ ਸਮਝੌਤੇ ਨੇ ਰਸਤੇ ਖੋਲ੍ਹ ਦਿੱਤੇ ਹਨ ਅਤੇ ਹੁਣ ਸਾਡੇ ਉੱਤਰੀ ਮੇਅਰਾਂ ਦੀ ਅਗਵਾਈ ਹੇਠ ਖੇਤਰੀ ਕਾਰੋਬਾਰ ਰੁਜ਼ਗਾਰ, ਨਿਵੇਸ਼ ਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਭਾਈਵਾਲੀ ਬਣਾਉਣ ਦੇ ਰਾਹ ’ਤੇ ਅੱਗੇ ਵਧ ਰਹੇ ਹਨ।’’ ਉਨ੍ਹਾਂ ਕਿਹਾ, ‘‘ਉੱਨਤ ਉਤਪਾਦਨ ਤੋਂ ਲੈ ਕੇ ਸਿੱਖਿਆ ਤੱਕ, ਅਸੀਂ ਦੋਵਾਂ ਦੇਸ਼ਾਂ ਦੇ ਹਰ ਕੋਨੇ ਵਿੱਚ ਕਾਰੋਬਾਰਾਂ ਅਤੇ ਖਪਤਕਾਰਾਂ ਲਈ ਮੌਕੇ ਲਿਆਉਣ ਵਾਸਤੇ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰਿਆਂ ਵਿੱਚੋਂ ਇੱਕ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।’’
ਪਿਊਸ਼ ਗੋਇਲ ਨੇ 2030 ਤੱਕ ਭਾਰਤ-ਯੂਕੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਸੱਦਾ ਦਿੱਤਾ
ਨਵੀਂ ਦਿੱਲੀ (ਟਨਸ): ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਭਾਰਤ ਅਤੇ ਬਰਤਾਨੀਆ ਦੇ ਕਾਰੋਬਾਰਾਂ ਨੂੰ ਅਪੀਲ ਕੀਤੀ ਕਿ ਉਹ ‘ਭਾਰਤ-ਯੂ ਕੇ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ’ (ਸੀ ਈ ਟੀ ਏ) ਰਾਹੀਂ ਪੈਦਾ ਹੋਏ ਮੌਕਿਆਂ ਨੂੰ ਵਧੇਰੇ ਵਪਾਰ, ਨਿਵੇਸ਼, ਭਾਈਵਾਲੀ ਅਤੇ ਰੁਜ਼ਗਾਰ ਦੇ ਮੁਕਾਮ ’ਚ ਤਬਦੀਲ ਕਰਨ। ਭਾਰਤ-ਯੂ ਕੇ ਸੰਯੁਕਤ ਆਰਥਿਕ ਅਤੇ ਵਪਾਰਕ ਕਮੇਟੀ (ਜੈਟਕੋ) ਦੇ 16ਵੇਂ ਸੈਸ਼ਨ ਤਹਿਤ ‘ਜੈਟਕੋ ਬਿਜ਼ਨਸ ਪਲੈਨਰੀ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ 2030 ਤੱਕ ਦੁਵੱਲੇ ਵਪਾਰ ਨੂੰ ਦੁਗਣਾ ਕਰਨ ਅਤੇ ‘ਭਾਰਤ-ਯੂ ਕੇ ਵਿਜ਼ਨ 2035’ ਨੂੰ ਵਧੇਰੇ ਆਰਥਿਕ ਇੱਛਾਵਾਂ ਅਤੇ ਸਹਿਯੋਗ ਦਾ ਢਾਂਚਾ ਬਣਾਉਣ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ ਈ ਟੀ ਏ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਜੋ ਜ਼ਿਆਦਾਤਰ ਭਾਰਤੀ ਬਰਾਮਦਾਂ ਲਈ ਬਰਤਾਨੀਆ ਦੇ ਬਾਜ਼ਾਰ ਵਿੱਚ ਜ਼ੀਰੋ-ਡਿਊਟੀ ਪਹੁੰਚ ਮੁਹੱਈਆ ਕਰਦਾ ਹੈ, ਜਦਕਿ ਵੱਖ-ਵੱਖ ਖੇਤਰਾਂ ਵਿੱਚ ਬਰਤਾਨੀਆ ਦੇ ਬਰਾਮਦਕਾਰਾਂ ਲਈ ਵੀ ਵੱਡੇ ਮੌਕੇ ਖੋਲ੍ਹਦਾ ਹੈ। ਇਸ ਸਮਝੌਤੇ ਨੇ ਸੇਵਾ ਖੇਤਰ ਵਿੱਚ ਵੀ ਨਵੇਂ ਰਾਹ ਖੋਲ੍ਹੇ ਹਨ।
Share this content:



Post Comment