ਭਾਰਤ ਅਮਰੀਕਾ ਤੋਂ ਖਰੀਦੇਗਾ ‘ਜੈਵਲਿਨ’ ਐਂਟੀ-ਟੈਂਕ ਮਿਜ਼ਾਈਲ
28, ਅਗਸਤ – ਭਾਰਤ ਅਮਰੀਕਾ ਤੋਂ ਜੈਵਲਿਨ ਨਾਂ ਦੀ ਐਂਟੀ-ਟੈਂਕ ਮਿਜ਼ਾਈਲ ਖਰੀਦੇਗਾ। ਇਹ ਮਿਜ਼ਾਈਲ ਜ਼ਮੀਨ ਉੱਤੇ ਤਾਇਨਾਤ ਫ਼ੌਜੀਆਂ ਵੱਲੋਂ ਦਾਗੀ ਜਾਂਦੀ ਹੈ ਅਤੇ 5 ਕਿਲੋਮੀਟਰ ਤੱਕ ਦੀ ਦੂਰੀ ਉੱਤੇ ਮੌਜੂਦ ਟੈਂਕਾਂ, ਬਖ਼ਤਰਬੰਦ ਵਾਹਨਾਂ ਅਤੇ ਦੁਸ਼ਮਣ ਦੇ ਕਿਲੇਬੰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਜੈਵਲਿਨ ਸਿਸਟਮ ਇੱਕ ਉੱਨਤ, ਮੱਧ-ਰੇਂਜ ਦੀ, ਫਾਇਰ-ਐਂਡ-ਫਰਗੈਟ ਐਂਟੀ-ਟੈਂਕ ਗਾਈਡਡ ਮਿਜ਼ਾਈਲ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਅਮਰੀਕੀ ਸਰਕਾਰ ਰਾਹੀਂ ਜੈਵਲਿਨ ਐਂਟੀ-ਟੈਂਕ ਗਾਈਡਡ ਮਿਜ਼ਾਈਲ ਸਿਸਟਮ ਦੀ ਖਰੀਦ ਲਈ ਭਾਰਤੀ ਫ਼ੌਜ ਵੱਲੋਂ ‘ਲੈਟਰ ਆਫ਼ ਆਫ਼ਰ ਐਂਡ ਐਕਸੈਪਟੈਂਸ’ (LOA) ਉੱਤੇ ਦਸਤਖ਼ਤ ਕਰਨ ਦਾ ਸਵਾਗਤ ਕੀਤਾ।
ਪਿਛਲੇ ਸਾਲ ਨਵੰਬਰ ਵਿੱਚ, ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (DSCA) ਨੇ ਇੱਕ ਨੋਟੀਫਿਕੇਸ਼ਨ ਰਾਹੀਂ ਭਾਰਤ ਨੂੰ ਜੈਵਲਿਨ ਦੀ ਵਿਕਰੀ ਦਾ ਐਲਾਨ ਕੀਤਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ 100 ਜੈਵਲਿਨ ਮਿਜ਼ਾਈਲਾਂ, ਇੱਕ ‘ਫਲਾਈ-ਟੂ-ਬਾਈ’ ਰਾਊਂਡ, 25 ਕਮਾਂਡ-ਲਾਂਚ ਯੂਨਿਟ, ਸਿਖਲਾਈ ਸਹਾਇਤਾ, ਸਿਮੂਲੇਸ਼ਨ ਰਾਊਂਡ, ਸਪੇਅਰ ਪਾਰਟਸ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਪੋਸਟ ਕਰਦਿਆਂ ਕਿਹਾ, “ਇਹ ਸਮਝੌਤਾ ਇੱਕ ਅਜਿਹੀ ਰੱਖਿਆ ਭਾਈਵਾਲੀ ਨੂੰ ਦਰਸਾਉਂਦਾ ਹੈ ਜੋ ਡੂੰਘੀ, ਵਧੇਰੇ ਸਮਰੱਥ ਅਤੇ ਵਧੇਰੇ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਗੋਰ ਨੇ ਕਿਹਾ ਕਿ ਜੈਵਲਿਨ ਸਮਝੌਤਾ ਭਾਰਤੀ ਫ਼ੌਜ ਲਈ ਅਮਰੀਕੀ ਸਮਰਥਨ ਦੀ ਡੂੰਘਾਈ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਨੂੰ ਮਿਲ ਕੇ ਕੰਮ ਕਰਨ ਲਈ ਨਵੇਂ ਮੌਕੇ ਪੈਦਾ ਕਰਦਾ ਹੈ।
Share this content:



Post Comment