ਭਾਰਤੀ ਸਟੂਡੈਂਟ ਦੀ ਹੱਤਿਆ
ਟੋਰਾਂਟੋ, 27 ਦਸੰਬਰ – ਇਥੇ ਟੋਰਾਂਟੋ ਯੂਨੀਵਰਸਿਟੀ ਦੇ ਸਕਾਰਬੋਰੋ ਕੈਂਪਸ ਨੇੜੇ ਡਾਕਟਰੇਟ ਦੀ ਪੜ੍ਹਾਈ ਕਰ ਰਹੇ 20 ਸਾਲ ਦੇ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਧਿਕਾਰੀ ਇਸ ਮਾਮਲੇ ਦੀ ਹੱਤਿਆ ਵਜੋਂ ਜਾਂਚ ਕਰ ਰਹੇ ਹਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਵਾਰਦਾਤ ਮੰਗਲਵਾਰ ਨੂੰ ਹੋਈ ਅਤੇ ਟੋਰਾਂਟੋ ਪੁਲੀਸ ਨੇ ਬੁੱਧਵਾਰ ਨੂੰ ਮ੍ਰਿਤਕ ਦੀ ਪਛਾਣ ਸ਼ਿਵਾਂਕ ਅਵਸਥੀ ਵਜੋਂ ਕੀਤੀ ਹੈ। ਡਿਊਟੀ ਇੰਸਪੈਕਟਰ ਜੈਫ ਐਲਿੰਗਟਨ ਨੇ ਦੱਸਿਆ ਕਿ ਪੁਲੀਸ ਨੂੰ ਮੰਗਲਵਾਰ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਹਾਈਲੈਂਡ ਕਰੀਕ ਟ੍ਰੇਲ ਅਤੇ ਓਲਡ ਕਿੰਗਸਟਨ ਰੋਡ ਦੇ ਖੇਤਰ ਵਿੱਚ ਜ਼ਖ਼ਮੀ ਬਾਰੇ ਸੂਚਨਾ ਮਿਲੀ, ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਡਿੱਗਿਆ ਹੋਇਆ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ।
ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਮਸ਼ਕੂਕ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਲਾਕੇ ਵਿੱਚੋਂ ਫ਼ਰਾਰ ਹੋ ਗਿਆ ਸੀ। ਪੁਲੀਸ ਨੇ ਮਸ਼ਕੂਕ ਦੀ ਭਾਲ ’ਚ ਲੋਕਾਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ। ਦਿੱਲੀ ’ਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤੀ ਕੌਂਸਲੇਟ ਕੈਨੇਡਾ ਦੇ ਅਧਿਕਾਰੀਆਂ ਦੇ ਸੰਪਰਕ ’ਚ ਹੈ। ਟੋਰਾਂਟੋ ਵਿੱਚ ਭਾਰਤੀ ਕੌਂਸਲਖਾਨੇ ਨੇ ‘ਐਕਸ’ ’ਤੇ ਪੋਸਟ ਪਾ ਕੇ ਨੌਜਵਾਨ ਵਿਦਿਆਰਥੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਦੂਤਘਰ ਦੇ ਅਧਿਕਾਰੀ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
Share this content:



Post Comment