ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਕਰਵਾਉਣੇ ਲਾਜ਼ਮੀ, SDM ਨੇ ਕੀਤੀ ਅਹਿਮ ਅਪੀਲ
ਅਮਰਗੜ੍ਹ, 31 ਦਸੰਬਰ – ਮੁੱਖ ਮੰਤਰੀ ਫੀਲਡ ਅਫ਼ਸਰ ਕਮ ਐੱਸਡੀਐੱਮ ਅਮਰਗੜ੍ਹ ਸੁਰਿੰਦਰ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਸਮੇਂ-ਸਮੇਂ ’ਤੇ ਅੱਪਡੇਟ ਕਰਵਾਉਣ ਤਾਂ ਜੋ ਵੱਖ-ਵੱਖ ਸਰਕਾਰੀ ਸੇਵਾਵਾਂ ਤੇ ਸਕੀਮਾਂ ਦਾ ਲਾਭ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅੱਪਡੇਟ ਨਾ ਹੋਣ ਦੀ ਸੂਰਤ ਵਿਚ ਨਾਗਰਿਕਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਯੂਆਈਡੀਏਆਈ ਦੀਆਂ ਹਦਾਇਤਾਂ ਅਨੁਸਾਰ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਾਇਓਮੀਟ੍ਰਿਕ (ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰਾ) ਅੱਪਡੇਟ ਕਰਵਾਉਣਾ ਲਾਜ਼ਮੀ ਹੈ। ਇਹ ਸੇਵਾ ਜ਼ਿਲ੍ਹੇ ਦੇ ਸਮੁੱਚੇ 9 ਸੇਵਾ ਕੇਂਦਰਾਂ ’ਚ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਅਤੇ ਆਧਾਰ ਸੇਵਾ ਕੇਂਦਰਾਂ ’ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਸੰਬੰਧਤ ਉਮਰ ਵਰਗ ਦੇ ਬੱਚੇ ਆਸਾਨੀ ਨਾਲ ਆਪਣਾ ਆਧਾਰ ਅੱਪਡੇਟ ਕਰਵਾ ਸਕਣ।
ਉਨ੍ਹਾਂ ਦੱਸਿਆ ਕਿ 10 ਸਾਲ ਤੋਂ ਪੁਰਾਣੇ ਆਧਾਰ ਕਾਰਡਾਂ ਨੂੰ ਵੀ ਅੱਪਡੇਟ ਕਰਵਾਉਣਾ ਜ਼ਰੂਰੀ ਹੈ, ਜਿਸ ਵਿੱਚ ਬਾਇਓਮੀਟ੍ਰਿਕ ਦੇ ਨਾਲ-ਨਾਲ ਪਤੇ ਦਾ ਸਬੂਤ ਵੀ ਅੱਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅੱਪਡੇਟ ਰੱਖਣ ਤਾਂ ਜੋ ਡੀਬੀਟੀ ਸਮੇਤ ਹੋਰ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਆਈਟੀ ਮੈਨੇਜਰ ਮੋਨਿਕਾ ਸਿੰਗਲਾ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦਾ ਆਧਾਰ ਕਾਰਡ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਬਣਾਇਆ ਗਿਆ ਸੀ, ਉਨ੍ਹਾਂ ਲਈ 5 ਤੋਂ 7 ਸਾਲ ਦੀ ਉਮਰ ਦੌਰਾਨ ਬਾਇਓਮੀਟ੍ਰਿਕ ਅੱਪਡੇਟ ਕਰਵਾਉਣਾ ਲਾਜ਼ਮੀ ਹੈ, ਨਹੀਂ ਤਾਂ ਆਧਾਰ ਨੰਬਰ ਅਯੋਗ ਮੰਨਿਆ ਜਾ ਸਕਦਾ ਹੈ। 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਸਿਰਫ਼ ਡੈਮੋਗ੍ਰਾਫਿਕ ਜਾਣਕਾਰੀ ਦਾ ਅੱਪਡੇਟ ਮੁਫ਼ਤ ਹੈ, ਜਦਕਿ 15 ਤੋਂ 17 ਸਾਲ ਦੀ ਉਮਰ ਵਿੱਚ ਦੂਜਾ ਬਾਇਓਮੀਟ੍ਰਿਕ ਅੱਪਡੇਟ ਵੀ ਮੁਫ਼ਤ ਕੀਤਾ ਜਾਂਦਾ ਹੈ।
Share this content:


Post Comment