Loading Now

ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਹਤਿਆ

ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਹਤਿਆ

ਢਾਕਾ, 7 ਜਨਵਰੀ – ਬੰਗਲਾਦੇਸ਼ ’ਚ ਹਿੰਦੂਆਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਰਾਤ ਨਰਸਿੰਗਦੀ ’ਚ ਅਣਪਛਾਤੇ ਹਮਲਾਵਰਾਂ ਨੇ 40 ਸਾਲਾ ਹਿੰਦੂ ਦੁਕਾਨਦਾਰ ਸ਼ਰਦ ਚੱਕਰਵਰਤੀ ਮਣੀ ਉਰਫ਼ ਮੋਨੀ ਚੱਕਰਵਰਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਇਸ ਤੋਂ ਕੁਝ ਘੰਟੇ ਪਹਿਲਾਂ ਜੇਸੋਰ ਜ਼ਿਲ੍ਹੇ ’ਚ ਇਕ ਹੋਰ ਹਿੰਦੂ ਕਾਰੋਬਾਰੀ 38 ਸਾਲਾ ਰਾਣਾ ਪ੍ਰਤਾਪ ਬੈਰਾਗੀ ਦੀ ਸਿਰ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਹੜੇ ਇਕ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਵੀ ਸਨ। ਦੋ ਦਸੰਬਰ, 2025 ਤੋਂ ਪਿਛਲੇ ਲਗਪਗ 35 ਦਿਨਾਂ ’ਚ ਬੰਗਲਾਦੇਸ਼ ’ਚ ਘੱਟੋ-ਘੱਟ 11 ਹਿੰਦੂਆਂ ਦੀ ਹੱਤਿਆ ਕੀਤੀ ਗਈ ਹੈ।

‘ਬੀਡੀਨਿਊਜ਼ 24’ ਦੀ ਖ਼ਬਰ ਮੁਤਾਬਕ, ਪਲਾਸ਼ ਉਪਜ਼ਿਲ੍ਹਾ ਦੇ ਚਾਰਸਿੰਦੂਰ ਬਾਜ਼ਾਰ ’ਚ ਕਰਿਆਨਾ ਦੁਕਾਨਦਾਰ ਸ਼ਰਦ ਚੱਕਰਵਰਤੀ ’ਤੇ ਸੋਮਵਾਰ ਰਾਤ ਨੂੰ ਕਰੀਬ 11 ਵਜੇ ਹਮਲਾ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਪਲਾਸ਼ ਪੁਲਿਸ ਥਾਣਾ ਮੁਖੀ (ਓਸੀ) ਸ਼ਾਹੇਦ ਅਲ ਮਾਮੂਨ ਨੇ ਕਿਹਾ ਕਿ ਸ਼ਰਦ ਚੱਕਰਵਰਤੀ ਸ਼ਿਬਪੁਰ ਉਪਜ਼ਿਲ੍ਹਾ ਦੇ ਸਾਧਰਚਾਰ ਯੂਨੀਅਨ ਵਾਸੀ ਮਦਨ ਠਾਕੁਰ ਦੇ ਬੇਟੇ ਸਨ। ਪੁਲਿਸ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਮਣੀ ਜਦੋਂ ਸੋਮਵਾਰ ਰਾਤ ਨੂੰ ਦੁਕਾਨ ਬੰਦ ਕਰ ਕੇ ਆਪਣੇ ਘਰ ਪਰਤ ਰਹੇ ਸਨ, ਤਾਂ ਅਣਪਛਾਤੇ ਹਮਲਾਵਰਾਂ ਨੇ ਘਰ ਦੇ ਸਾਹਮਣੇ ਹੀ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸਥਾਨਕ ਲੋਕ ਉਨ੍ਹਾਂ ਨੂੰ ਪਲਾਸ਼ ਉਪਜ਼ਿਲ੍ਹਾ ਸਿਹਤ ਕੰਪਲੈਕਸ ’ਚ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ।

ਸ਼ਾਹੇਦ ਨੇ ਕਿਹਾ ਕਿ ਪੁਲਿਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ’ਤੇ ਪਹੁੰਚੀ ਤੇ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਸਥਾਨਕ ਮੀਡੀਆ ਦੇ ਮੁਤਾਬਕ, 19 ਦਸੰਬਰ ਨੂੰ ਸ਼ਰਦ ਚੱਕਰਵਰਤੀ ਨੇ ਫੇਸਬੁੱਕ ’ਤੇ ਇਕ ਪੋਸਟ ਲਿਖ ਕੇ ਦੇਸ਼ ’ਚ ਹਿੰਸਾ ’ਤੇ ਚਿੰਤਾ ਪ੍ਰਗਟਾਈ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਜਨਮਭੂਮੀ ਨੂੰ ‘ਮੌਤ ਦੀ ਘਾਟੀ’ ਦੱਸਿਆ ਸੀ। ਇਕ ਚਸ਼ਮਦੀਦ ਤੇ ਰਿਸ਼ਤੇਦਾਰ ਪ੍ਰਦੀਪ ਚੰਦ ਬਰਮਨ ਨੇ ਇਸ ਹਮਲੇ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸਿਆ।

Share this content:

Post Comment