Loading Now

ਬ੍ਰਿਟੇਨ ‘ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਤੇ ਸਰਕਾਰ ਨੇ ਕੀਤੀ ਸਖ਼ਤੀ ,ਸੰਸਦ ਦੇ ਹੇਠਲੇ ਸਦਨ ‘ਚ ਇਮੀਗ੍ਰੇਸ਼ਨ ਬਿੱਲ ਪਾਸ

ਬ੍ਰਿਟੇਨ ‘ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਤੇ ਸਰਕਾਰ ਨੇ ਕੀਤੀ ਸਖ਼ਤੀ ,ਸੰਸਦ ਦੇ ਹੇਠਲੇ ਸਦਨ ‘ਚ ਇਮੀਗ੍ਰੇਸ਼ਨ ਬਿੱਲ ਪਾਸ

ਲੰਡਨ, 21 ਨਵੰਬਰ-  ਬ੍ਰਿਟੇਨ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਲੈ ਕੇ ਸਰਕਾਰ ਨੇ ਸਖ਼ਤੀ ਵਧਾਉਣ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਿਆ ਹੈ। ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ’ਚ ਇਮੀਗ੍ਰੇਸ਼ਨ ਐਂਡ ਅਸਾਈਲਮ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ’ਤੇ ਸਰਕਾਰ ਨੂੰ 196 ਵੋਟਾਂ ਦਾ ਬਹੁਮਤ ਮਿਲਿਆ ਹੈ। ਹੁਣ ਇਹ ਬਿੱਲ ਅਗਲੀ ਸੰਸਦੀ ਜਾਂਚ ਅਤੇ ਮਨਜ਼ੂਰੀ ਲਈ ਹਾਊਸ ਆਫ਼ ਲਾਰਡਜ਼ ’ਚ ਭੇਜਿਆ ਜਾਵੇਗਾ।

ਪ੍ਰਸਤਾਵਿਤ ਕਾਨੂੰਨ ਦਾ ਮਕਸਦ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ’ਚ ਤੇਜ਼ੀ ਲਿਆਉਣਾ, ਸ਼ਰਨਾਰਥੀ ਅਪੀਲ ਪ੍ਰਕਿਰਿਆ ’ਚ ਤਬਦੀਲੀ ਕਰਨਾ ਅਤੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਬਣਾਉਣਾ ਹੈ। ਬਿੱਲ ’ਚ ਸੱਭ ਤੋਂ ਅਹਿਮ ਤਬਦੀਲੀ ਅਸਫ਼ਲ ਸ਼ਰਨਾਰਥੀ ਅਤੇ ਇਮੀਗ੍ਰੇਸ਼ਨ ਅਪੀਲ ਤੋਂ ਬਾਅਦ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਲੈ ਕੇ ਹੈ। ਮੌਜੂਦਾ ਨਿਯਮਾਂ ਤਹਿਤ ਅਪੀਲ ਰੱਦ ਹੋਣ ਤੋਂ ਬਾਅਦ ਕਿਸੇ ਵਿਅਕਤੀ ਨੂੰ ਦੇਸ਼ ’ਚੋਂ ਬਾਹਰ ਭੇਜਣ ਤੋਂ ਪਹਿਲਾਂ ਘੱਟੋ-ਘੱਟ 5 ਕੰਮਕਾਜੀ ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੈ।

ਸਰਕਾਰ ਦਾ ਮੰਨਣਾ ਹੈ ਕਿ ਇਸ ਮਿਆਦ ਦੀ ਵਰਤੋਂ ਕਈ ਵਾਰ ਆਖ਼ਰੀ ਸਮੇਂ ’ਚ ਨਵੇਂ ਦਾਅਵੇ ਪੇਸ਼ ਕਰਨ ਅਤੇ ਦੇਸ਼ ਨਿਕਾਲਾ ਟਾਲਣ ਲਈ ਕੀਤੀ ਜਾਂਦੀ ਹੈ। ਨਵੀਂ ਤਜਵੀਜ਼ ਤਹਿਤ 5 ਕੰਮਕਾਜੀ ਦਿਨਾਂ ਦੀ ਲਾਜ਼ਮੀ ਸਮਾਂ-ਹੱਦ ਖ਼ਤਮ ਕੀਤੀ ਜਾਵੇਗੀ। ਇਸ ਦੀ ਬਜਾਏ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਦੇਸ਼ ਨਿਕਾਲੇ ਲਈ 6 ਮਹੀਨਿਆਂ ਦਾ ਸਮਾਂ ਮਿਲੇਗਾ। ਇਸ ਤੋਂ ਬਾਅਦ ਦੁਬਾਰਾ ਨੋਟਿਸ ਦੇਣਾ ਪਵੇਗਾ।

ਪਰਵਾਸੀਆਂ ਦੀ ਸੁਰੱਖਿਆ ਲਈ ਅਮਰੀਕੀ ਕਾਂਗਰਸ ’ਚ ਨਵਾਂ ਬਿੱਲ ਪੇਸ਼
ਅਮਰੀਕਾ ਵਿਚ ਤਿੰਨ ਦਹਾਕਿਆਂ ਤਕ ਰਹਿਣ ਤੋਂ ਬਾਅਦ ਇਕ ਸਿੱਖ ਬਜ਼ੁਰਗ ਔਰਤ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀ ਘਟਨਾ ਨੇ ਕੈਲੀਫ਼ੋਰਨੀਆ ਦੇ ਚਾਰ ਸੰਸਦ ਮੈਂਬਰਾਂ ਨੂੰ ਲੰਮੇ ਸਮੇਂ ਤੋਂ ਰਹਿ ਰਹੇ ਪਰਵਾਸੀਆਂ ਦੀ ਸੁਰੱਖਿਆ ਲਈ ਅਮਰੀਕੀ ਕਾਂਗਰਸ ਵਿਚ ਇਕ ਬਿੱਲ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਕਾਂਗਰਸਮੈਨ ਜੌਨ ਗਾਰਾਮੇਂਡੀ ਵਲੋਂ ਪੇਸ਼ ਕੀਤਾ ਗਿਆ ‘ਪ੍ਰੋਟੈਕਟ ਅਵਰ ਨੇਬਰਜ਼ ਐਕਟ’ ਪਿਛਲੇ ਸਾਲ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਲੋਂ ਸੈਨ ਫ਼ਰਾਂਸਿਸਕੋ ਬੇਅ ਏਰੀਆ ਦੀ ਨਿਵਾਸੀ ਹਰਜੀਤ ਕੌਰ ਨੂੰ ਡਿਪੋਰਟ ਕੀਤੇ ਜਾਣ ਤੋਂ ਪ੍ਰੇਰਿਤ ਹੈ। ਬਿੱਲ ਦੇ ਇਸ ਖਰੜੇ ਨੂੰ ਪ੍ਰਤੀਨਿਧੀ ਲਤੀਫ਼ਾ ਸਾਈਮਨ, ਜ਼ੋ ਲੋਫਗ੍ਰੇਨ ਅਤੇ ਜੁਆਨ ਵਰਗਾਸ ਦਾ ਵੀ ਸਮਰਥਨ ਪ੍ਰਾਪਤ ਹੋਇਆ ਹੈ।

ਸਾਈਮਨ ਨੇ ਕਿਹਾ, ‘ਪ੍ਰੋਟੈਕਟ ਅਵਰ ਨੇਬਰਜ਼ ਐਕਟ’ ਸ੍ਰੀਮਤੀ ਕੌਰ ਵਰਗੇ ਲੋਕਾਂ ਨੂੰ, ਜਿਨ੍ਹਾਂ ਨੇ ਦਹਾਕਿਆਂ ਤਕ ਮੇਰੇ ਜ਼ਿਲ੍ਹੇ ਵਿਚ ਕੰਮ ਕੀਤਾ, ਦੇਸ਼ ਨਿਕਾਲੇ ਦੇ ਅੰਤਮ ਹੁਕਮ ਤੋਂ ਰਾਹਤ ਦਿਵਾਉਣ ਅਤੇ ਅਮਰੀਕਾ ਵਿਚ ਅਪਣਾ ਭਵਿੱਖ ਬਣਾਉਣਾ ਜਾਰੀ ਰੱਖਣ ਦਾ ਇਕ ਨਿਰਪੱਖ ਮੌਕਾ ਪ੍ਰਦਾਨ ਕਰੇਗਾ, ਜਿੱਥੇ ਉਨ੍ਹਾਂ ਨੇ ਅਪਣੇ ਘਰ ਅਤੇ ਪਰਵਾਰ ਬਣਾਏ ਹਨ।’

ਗਾਰਾਮੇਂਡੀ ਨੇ ਕਿਹਾ ਕਿ ਲਗਭਗ ਇਕ ਸਾਲ ਪਹਿਲਾਂ ਆਈਸ ਨੇ 73 ਸਾਲਾ ਬਜ਼ੁਰਗ ਔਰਤ ਨੂੰ ਬੇਰਹਿਮੀ ਨਾਲ ਹਿਰਾਸਤ ਵਿਚ ਲਿਆ ਅਤੇ ਡਿਪੋਰਟ ਕਰ ਦਿਤਾ। ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਉਹ 13 ਸਾਲਾਂ ਤੋਂ ਵੱਧ ਸਮੇਂ ਤਕ ਹਰ ਛੇ ਮਹੀਨਿਆਂ ਬਾਅਦ ਵਫ਼ਾਦਾਰੀ ਨਾਲ ਆਈਸ ਕੋਲ ਰਿਪੋਰਟ ਕਰਦੇ ਰਹੇ ਸਨ।

ਗਾਰਾਮੇਂਡੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਬੇਰਹਿਮ ਅਤੇ ਗ਼ੈਰ-ਵਾਜਬ ਨਜ਼ਰਬੰਦੀ ਅਤੇ ਦੇਸ਼ ਨਿਕਾਲਾ ਦੇਸ਼ ਭਰ ਦੇ ਉਨ੍ਹਾਂ ਹਜ਼ਾਰਾਂ ਵਿਅਕਤੀਆਂ ਦੀ ਸਿਰਫ਼ ਇਕ ਹੋਰ ਉਦਾਹਰਨ ਹੈ, ਜਿਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਪਰਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਈਸ ਵਲੋਂ ਉਜਾੜ ਦਿਤੇ ਗਏ ਹਨ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਅਨੁਸਾਰ ਦੇਸ਼ ਨਿਕਾਲੇ ਦੇ ਹੁਕਮਾਂ ਵਾਲੇ ਲਗਭਗ 11.9 ਲੱਖ ਲੋਕ ਅਜੇ ਵੀ ਅਮਰੀਕਾ ਵਿਚ ਰਹਿ ਰਹੇ ਹਨ, ਜਿਨ੍ਹਾਂ ਵਿਚੋਂ ਕਈਆਂ ਨੇ ਇੱਥੇ ਜ਼ਿੰਦਗੀਆਂ ਬਣਾਉਣ, ਪਰਵਾਰ ਪਾਲਣ ਅਤੇ ਕੰਮ ਕਰਨ ਵਿਚ ਕਈ ਸਾਲ ਬਿਤਾਏ ਹਨ। (ਏਜੰਸੀ)

Share this content:

Post Comment