Loading Now

ਬੁੱਧ ਬਾਣ ਮਾੜੀ ਹੋਈ ਅਮਲੀ ਨਾਲ਼, ਚੁੰਘੀ ਬੱਕਰੀ ਬਣਾ ਤਾਂ ਡਾਕਾ/ਬੁੱਧ ਸਿੰਘ ਨੀਲੋਂ

ਬੁੱਧ ਬਾਣ ਮਾੜੀ ਹੋਈ ਅਮਲੀ ਨਾਲ਼, ਚੁੰਘੀ ਬੱਕਰੀ ਬਣਾ ਤਾਂ ਡਾਕਾ/ਬੁੱਧ ਸਿੰਘ ਨੀਲੋਂ

ਸਿਆਸਤ ਦਾ ਜੋੜ ਮੇਲਾ, ਸ਼ਰਧਾ ਤੇ ਉਤਸ਼ਾਹ ਨਾਲ ਭਰਦਾ ਹੈ। ਪਰ ਜਦੋਂ ਡਾਂਗ ਖੜਕ ਪਵੇ ਤਾਂ ਕਹਿੰਦੇ ਹਨ ਕਿ ਧੰਨ ਕੁਰ ਦੌਧਰ ਦੀ ਨੇ ਜਦੋਂ ਅਰਜਨ ਵੈਲੀ ਦੇ ਦੋਵੇਂ ਹੱਥ ਜੋੜ ਕੇ ਡਾਂਗ ਮਾਰੀ ਸੀ ਤਾਂ ਜਗਰਾਓਂ ਤੱਕ ਚੀਕਾਂ ਪੈਂਦੀਆਂ ਸਨ। ਹੁਣ ਕੰਮ ਉਲਟ ਹੋ ਗਿਆ ਹੈ ਹੁਣ ਭੁਲੱਥ ਵਾਲੇ ਸੁਖਪਾਲ ਖਹਿਰਾ ਨੇ ਸਰਕਾਰੀ ਕੋਠੀਆਂ ਦੀ ਪੋਲ੍ਹ ਕੀ ਖੋਲ੍ਹੀ ਸਾਰੇ ਸੰਸਾਰ ਵਿੱਚ ਖਲਬਲੀ ਮੱਚ ਗਈ। ਪੰਜਾਬ ਦੀਆਂ ਲ਼ਹੂ ਪੀਣੀਆਂ ਜੋਕਾਂ ਨੂੰ 39 ਸੈਕਟਰ ਛੱਡ ਕੇ ਭੱਜਣਾ ਪੈ ਗਿਆ। ਆਖਦੇ ਹਨ ਕਿ ਜਦੋਂ ਪੁੱਠੇ ਦਿਨ ਆਉਂਦੇ ਹਨ ਤਾਂ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ ਹੈ। ਪਰ ਪੰਜਾਬ ਦੇ ਲੋਕ ਤਾਂ ਝਾਕਦੇ ਸੀ ਕਿ ਊਠ ਦਾ ਬੁੱਲ੍ਹ ਹੁਣ ਡਿੱਗਿਆ, ਹੁਣ ਡਿੱਗਿਆ। ਸਾਢੇ ਚਾਰ ਸਾਲ ਬੀਤ ਗਏ। ਨਾ ਨੌਂ ਮਣ ਤੇਲ ਹੋਇਆ ਤੇ ਨਾ ਰਾਧਾ ਨੱਚੀ। ਪਰ ਲੋਕਾਂ ਨੂੰ ਕੀ ਪਤਾ ਸੀ ਰਾਧਾ ਤਾਂ ਕ੍ਰਿਸ਼ਨ ਨਾਲ ਰਾਸ ਲੀਲ੍ਹਾ ਖੇਡਦੀ ਹੈ। ਉਹ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਵਾਉਂਦੀ ਹੈ। ਪੰਜਾਬ ਦੇ ਕਿੱਸਾ ਕਵੀਆਂ ਨੇ ਆਸ਼ਕਾਂ ਦੀਆਂ ਕਥਾ ਕਹਾਣੀਆਂ ਲਿਖੀਆਂ। ਉਹਨਾਂ ਦੱਸਿਆ ਕਿ ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ ਹੁੰਦਾ ਹੈ। ਹੁਣ ਜੀਹਨਾਂ ਦਾ ਮੂੰਹ ਕਾਲਾ ਹੋਇਆ ਉਹ ਤਾਂ ਅੱਖ ਵਿੱਚ ਪਾਇਆਂ ਰੜਕਦੇ ਨਹੀਂ। ਪਰ ਉਹਨਾਂ ਭਮੱਕੜਾਂ ਨੇ ਖਹਿਰੇ ਦੁਆਲੇ ਚੱਕਰ ਬੰਨ੍ਹਿਆ ਹੋਇਆ ਹੈ। ਉਹ ਆਪਣੀ ਅੱਗ ਨਾਲ ਆਪਣੀ ਮੌਤ ਮਰ ਰਹੇ ਹਨ।

ਹੁਣ ਇੱਕ ਹੋਰ ਵੀ ਸੱਚ ਸਾਹਮਣੇ ਆਇਆ ਹੈ ਕਿ ਖ਼ਜ਼ਾਨੇ ਦਾ ਸੱਠ ਪ੍ਰਤੀਸ਼ਤ ਪੈਸਾ ਗ਼ਾਇਬ ਹੋ ਗਿਆ ਹੈ। ਇਸੇ ਕਰਕੇ ਉਹਨਾਂ ਮੁਲਜ਼ਮਾਂ ਤੇ ਪੈਨਸ਼ਨਰਾਂ ਨੂੰ ਮੀਟਿੰਗਾ ਦੇ ਗਧੀ ਗੇੜ ਵਿੱਚ ਪਾਇਆ ਹੋਇਆ ਹੈ। ਪੱਟਾਂ ਤੇ ਥਾਪੀਆਂ ਮਾਰਨ ਵਾਲਿਆਂ ਨੂੰ ਹੁਣ ਸਪਸ਼ਟੀਕਰਨ ਦੇਣ ਲਈ ਸ਼ਬਦ ਨਹੀਂ ਲੱਭਦੇ। ਉਧਰ ਕੋਟ ਈਸੇ ਖਾਂ ਦੀ ਥਾਣੇਦਾਰਨੀ ਆਖਦੀ ਹੈ, ਆਲ ਇੰਜ ਵੈਲ। ਖ਼ਬਰਾਂ ਦੀ ਪੈੜ ਚਾਲ ਨੱਪਣ ਵਾਲੇ ਪੱਤਰਕਾਰ ਭਾਈਚਾਰੇ ਨੇ ਪੱਟ ਤੇ ਥਾਪੀ ਮਾਰ ਕੇ ਕਿਹਾ ਕਿ ਉਹ ਦੱਸਣਗੇ ਕਿ ਮਾਲਵੇ ਦੇ ਕਿਹੜੇ ਕਿਹੜੇ ਖਿਡਾਰੀ ਨੇ ਜੀਹਨਾਂ ਪੰਜਾਬ ਨੂੰ ਲੁੱਟਿਆ ਪੁੱਟਿਆ ਹੈ। ਥਾਣੇਦਾਰਨੀ ਮਹੀਨੇ ਦਾ ਕਰੋੜ ਰੁਪਏ ਬਣਾਉਂਦੀ ਹੈ ਤੇ ਉਪਰ ਤੱਕ ਘੱਲਦੀ ਹੈ। ਉਹਨੂੰ ਪਤਾ ਹੈ ਕਿ ਉਸਦੀ ਪੰਦਰਾਂ ਦਿਨਾਂ ਬਾਅਦ ਜ਼ਮਾਨਤ ਹੋ ਜਾਣੀ ਹੈ ਤੇ ਚਾਰ ਮਹੀਨੇ ਬਾਅਦ ਬਹਾਲ ਹੋ ਫੇਰ ਕਿਸੇ ਨਵੇਂ ਥਾਣੇ ਵਿੱਚ ਹਾਜ਼ਰ। ਉਸ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਹਨ। ਹੁਣ ਗੱਲ ਸਿਆਸੀ ਆਗੂਆਂ ਦੀ ਕਰਦੇ ਆਂ, ਜੀਹਨਾਂ ਦੇ ਹੁਕਮ ਬਗ਼ੈਰ ਪੱਤਾ ਨਹੀਂ ਹਿੱਲਦਾ, ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਹਟਾਈ ਜਾਂਦੀ।

ਸਿਆਣੇ ਆਖਦੇ ਨੇ “ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਅਮਲੀ ਵੀ ਚੁੰਘੀ ਬੱਕਰੀ ਵੀ ਡਾਕਾ ਬਣ ਜਾਂਦੀ ਹੈ!” ਮਤਲਬ ਇਹ ਕਿ ਜਦੋਂ ਵਕਤ ਦੀ ਚਾਲ ਪੁੱਠੀ ਪੈ ਜਾਵੇ ਤਾਂ ਜਿਸ ਬੰਦੇ ਦੀ ਗੱਲ ਪੱਥਰ ’ਤੇ ਲਕੀਰ ਸਮਝੀ ਜਾਂਦੀ ਹੋਵੇ, ਉਸ ਦੀ ਗੱਲ ਵੀ ਹਵਾ ਵਿੱਚ ਉੱਡਣ ਲੱਗ ਪੈਂਦੀ ਹੈ। ਜਿਹੜਾ ਕੱਲ੍ਹ ਤੱਕ ਦੂਜਿਆਂ ਨੂੰ ਰਾਹ ਦਿਖਾਉਂਦਾ ਸੀ, ਕਈ ਵਾਰ ਉਹੀ ਅੱਜ “ਆਪਣੀ ਪੱਗ ਦੇ ਪੱਲੇ ਨਾਲ ਰਾਹ ਟੋਹਦਾ” ਨਜ਼ਰ ਆਉਂਦਾ ਹੈ। ਪੰਜਾਬ ਤੇ ਕੇਂਦਰ ਦੀ ਸਿਆਸਤ ਵਿੱਚ ਵੀ ਅੱਜਕੱਲ੍ਹ ਕੁਝ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਨਾਲ ਜੁੜੇ ਦਿੱਲੀ ਵਾਲੇ ਇੰਚਾਰਜ ਦੀ ਭੂਮਿਕਾ ਨੂੰ ਲੈ ਕੇ ਸਿਆਸੀ ਸਵਾਲ ਉੱਠ ਰਹੇ ਹਨ। ਜਿਹੜੇ ਕਦੇ ਦਿੱਲੀ ਦੇ ਸਿਆਸੀ ਆਗੂ ਚੰਡੀਗੜ੍ਹ ਦੇ ਕਮਰੇ ਵਿੱਚ ਬੈਠ ਕੇ ਪੰਜਾਬ ਦੀ ਸਿਆਸਤ ਦੇ ਪੱਤੇ ਫੈਂਟਣ ਵਾਲੇ ਸਮਝੇ ਜਾਂਦੇ ਸਨ, ਉਹੀ ਹੁਣ ਪੰਜਾਬ ਦੀ ਧਰਤੀ ’ਤੇ “ਕਿੱਥੇ ਪੈਰ ਧਰਿਆ, ਕਿੱਥੇ ਪੈਰ ਫਿਸਲਿਆ” ਵਾਲੇ ਸਵਾਲਾਂ ਨਾਲ ਘਿਰੇ ਦਿਖਾਈ ਦਿੰਦੇ ਹਨ। ਕਹਾਵਤ ਹੈ, “ਵਕਤ ਵੱਡਾ ਬਲਵਾਨ, ਨਾ ਰਾਜਾ ਨਾ ਰੰਕ।ਇਹ ਅਰਸ਼ ਤੋਂ ਫਰਸ਼ ਤੇ ਮਾਰਦਾ ਹੈ।

ਸਿਆਸਤ ਵਿੱਚ ਇਹ ਕਹਾਵਤ ਹੋਰ ਵੀ ਡੂੰਘੀ ਹੋ ਜਾਂਦੀ ਹੈ। ਕੁਰਸੀ ਮਿਲੀ ਤਾਂ ਸਲਾਮਾਂ, ਕਾਫ਼ਲਾ ਮਿਲਿਆ ਤਾਂ ਨਾਅਰੇ, ਮਾਈਕ ਮਿਲਿਆ ਤਾਂ ਵੱਡੀਆਂ ਗੱਲਾਂ ਪਰ ਜਦੋਂ ਹਵਾ ਬਦਲਦੀ ਹੈ ਤਾਂ ਉਹੀ ਕਾਫ਼ਲਾ ਪੁੱਛਣ ਲੱਗ ਪੈਂਦਾ ਹੈ, “ਅੱਗੇ ਕਿਹੜਾ ਰਾਹ ਹੈ?” ਸਿਆਸਤ ਵੀ ਅਜੀਬ ਖੇਡ ਹੈ। ਇੱਥੇ “ਊਠ ਕਿਸ ਕਰਵਟ ਬੈਠੇ” ਕੋਈ ਨਹੀਂ ਜਾਣਦਾ। ਅੱਜ ਜਿਸ ਦੀ ਤੂਤੀ ਬੋਲਦੀ ਹੈ, ਕੱਲ੍ਹ ਉਸ ਦੀ ਆਵਾਜ਼ ਲੱਭਣੀ ਪੈ ਸਕਦੀ ਹੈ। ਅੱਜ ਜਿਹੜਾ ਦੂਜਿਆਂ ਨੂੰ “ਨੱਚ ਨਾ ਜਾਣੇ, ਵਿਹੜਾ ਟੇਢਾ” ਵਾਲਾ ਤਾਅਨਾ ਮਾਰਦਾ ਹੈ, ਕੱਲ੍ਹ ਉਸ ਦੇ ਆਪਣੇ ਵਿਹੜੇ ਦੇ ਟੇਢੇਪਣ ਦੀ ਚਰਚਾ ਹੋ ਸਕਦੀ ਹੈ। ਦਿੱਲੀ ਦਾ ਰਿਮੋਟ, ਪੰਜਾਬ ਦਾ ਟੀਵੀ? ਕੌਣ ਕਿਸੇ ਦੀ ਭੈਣ ਤੇ ਕੀਹਦੀ ਬੀਵੀਂ? ਅਸਲ ਸਵਾਲ ਕਿਸੇ ਇੱਕ ਆਗੂ ਦੀ ਕੁਰਸੀ ਜਾਂ ਸਿਆਸੀ ਹੈਸੀਅਤ ਦਾ ਨਹੀਂ। ਵੱਡਾ ਸਵਾਲ ਇਹ ਹੈ ਕਿ ਪੰਜਾਬ ਦੀ ਸਿਆਸਤ ਦਾ ਰਿਮੋਟ ਦਿੱਲੀ ਵਿੱਚ ਰਹੇ ਜਾਂ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ? ਪੰਜਾਬੀ ਬੰਦਾ ਸਲਾਹ ਸੁਣ ਲੈਂਦਾ ਹੈ, ਪਰ ਜਦੋਂ ਉਸ ਨੂੰ ਲੱਗੇ ਕਿ ਉਸ ਦੇ ਘਰ ਦਾ ਫੈਸਲਾ ਗੁਆਂਢੀ ਦੇ ਘਰ ਬੈਠ ਕੇ ਹੋ ਰਿਹਾ ਹੈ ਤਾਂ ਉਹ ਕਹਿ ਦਿੰਦਾ ਹੈ “ਆਪਣਾ ਘਰ ਸਾਂਭ, ਸਾਨੂੰ ਨਾ ਸਿਖਾ! ਇਹ ਗੱਲ ਸਿਰਫ਼ ਇੱਕ ਪਾਰਟੀ ਤੱਕ ਸੀਮਤ ਨਹੀਂ। ਪੰਜਾਬ ਦੀ ਸਿਆਸਤ ਵਿੱਚ ਜਿਹੜਾ ਵੀ ਦਿੱਲੀ, ਚੰਡੀਗੜ੍ਹ ਜਾਂ ਕਿਸੇ ਹੋਰ ਕੇਂਦਰ ਤੋਂ ਪੰਜਾਬ ਦੇ ਲੋਕਾਂ ਦੀ ਨਬਜ਼ ਪੜ੍ਹਨ ਦਾ ਦਾਅਵਾ ਕਰੇ, ਉਸ ਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਪੰਜਾਬੀ ਦੀ ਨਬਜ਼ ਕਾਗਜ਼ਾਂ ਨਾਲ ਨਹੀਂ, ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਹੈ। ਕਹਾਵਤ ਹੈ “ਜਿਸ ਦੀ ਲਾਠੀ, ਉਸ ਦੀ ਭੈਂਸ।” ਪਰ ਲੋਕਤੰਤਰ ਵਿੱਚ ਲਾਠੀ ਸਦਾ ਕਿਸੇ ਇੱਕ ਦੇ ਹੱਥ ਨਹੀਂ ਰਹਿੰਦੀ। ਵੋਟਰ ਜਦੋਂ ਚੁੱਪ ਹੁੰਦਾ ਹੈ ਤਾਂ ਸਿਆਸਤਦਾਨ ਸਮਝਦੇ ਹਨ ਕਿ ਸਭ ਕੁਝ ਠੀਕ ਹੈ; ਪਰ ਚੋਣ ਵੇਲੇ ਉਹੀ ਚੁੱਪ ਵੋਟ ਬਣ ਕੇ “ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ” ਕਰ ਦਿੰਦੀ ਹੈ।

ਕੁਰਸੀ ਦੇ ਪੈਰ ਹੁੰਦੇ ਨੇ, ਇਹ ਟੁੱਟੇ ਹੋਏ ਪੱਤੇ ਵਾਂਗ ਹਵਾ ਆਸਰੇ ਉਡਦੀ ਫਿਰਦੀ ਹੁੰਦੀ ਹੈ। ਇਹ ਹਵਾ ਉਹ ਲੋਕ ਹੁੰਦੇ ਹਨ ਜਿਹੜੇ ਮੂੰਹ ਤੇ ਮੱਖੀ ਨਹੀਂ ਬੈਠਣ ਦੇਂਦੇ! ਸਿਆਸਤਦਾਨ ਅਕਸਰ ਭੁੱਲ ਜਾਂਦੇ ਹਨ ਕਿ ਕੁਰਸੀ ਦੇ ਵੀ ਪੈਰ ਹੁੰਦੇ ਹਨ। ਉਹ ਪੈਰ ਕਦੇ ਚੋਣਾਂ ਦੇ ਨਤੀਜਿਆਂ ਨਾਲ ਹਿੱਲਦੇ ਹਨ, ਕਦੇ ਲੋਕਾਂ ਦੇ ਸਵਾਲਾਂ ਨਾਲ ਤੇ ਕਦੇ ਆਪਣੀ ਹੀ ਪਾਰਟੀ ਦੇ ਅੰਦਰਲੇ ਸਿਆਸੀ ਹਿਸਾਬ ਨਾਲ। ਕਹਾਵਤ ਹੈ “ਚੜ੍ਹਦੀ ਕਲਾ ਨੂੰ ਚੜ੍ਹਿਆ ਕੌਣ, ਲਹਿੰਦੀ ਕਲਾ ਨੂੰ ਪੁੱਛੇ ਕੌਣ? ਜਦੋਂ ਸੱਤਾ ਦੀ ਚੜ੍ਹਦੀ ਕਲਾ ਹੋਵੇ ਤਾਂ ਹਰ ਫੈਸਲਾ ਮਾਸਟਰ-ਸਟ੍ਰੋਕ ਲੱਗਦਾ ਹੈ। ਪਰ ਜਦੋਂ ਸਵਾਲਾਂ ਦੀ ਲਹਿਰ ਆਵੇ ਤਾਂ ਉਹੀ ਫੈਸਲਾ “ਆਪਣੇ ਪੈਰ ’ਤੇ ਆਪ ਕੁਹਾੜਾ” ਜਾਪਣ ਲੱਗ ਪੈਂਦਾ ਹੈ। ਦਿੱਲੀ ਤੋਂ ਪੰਜਾਬ ਦੀ ਸਿਆਸਤ ਨੂੰ ਦਿਸ਼ਾ ਦੇਣੀ ਹੋਵੇ ਜਾਂ ਪੰਜਾਬ ਤੋਂ ਦਿੱਲੀ ਦੀ ਸਿਆਸਤ ਨੂੰ। ਮਸਲਾ ਦੂਰੀ ਦਾ ਨਹੀਂ, ਲੋਕਾਂ ਦੀ ਸਹਿਮਤੀ ਅਤੇ ਭਰੋਸੇ ਦਾ ਹੈ। ਪਿਆਰ ਵਿਸ਼ਵਾਸ ਤੇ ਭਰੋਸੇ ਨਾਲ ਸਿਰੇ ਚੜ੍ਹਦਾ ਹੈ। ਕਿਉਂਕਿ “ਮੂੰਹ ਵਿੱਚ ਰਾਮ, ਬਗਲ ਵਿੱਚ ਛੁਰੀ” ਵਾਲੀ ਸਿਆਸਤ ਲੰਮਾ ਸਮਾਂ ਨਹੀਂ ਚੱਲਦੀ। ਲੋਕ ਸਭ ਕੁਝ ਵੇਖਦੇ ਹਨ। ਕਈ ਵਾਰ ਉਹ ਬੋਲਦੇ ਨਹੀਂ, ਪਰ ਯਾਦ ਜ਼ਰੂਰ ਰੱਖਦੇ ਹਨ। ਸਿਆਸਤਦਾਨ ਭੁੱਲ ਜਾਂਦੇ ਹਨ ਪਰ ਲੋਕ ਨਹੀਂ ਭੁੱਲਦੇ। ਪੰਜਾਬ ਦੇ ਲੋਕਾਂ ਦੀ ਨਸਲ ਤਾਂ ਬਦਲਾ ਵਲੈਤ ਵਿਚ ਜਾ ਕੇ ਲੈਂਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਪੰਜਾਬੀ ਨੂੰ ਪਾਠ ਪੜ੍ਹਾਉਣ ਵਾਲੇ ਨੂੰ ਵੀ ਪਾਠ ਪੜ੍ਹਨਾ ਪੈਂਦਾ ਹੈ।
ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਇੱਥੋਂ ਦੇ ਲੋਕਾਂ ਨੇ ਬਾਹਰੋਂ ਆਏ ਹੁਕਮਾਂ ਨੂੰ ਹਮੇਸ਼ਾ ਅੱਖਾਂ ਮੀਟ ਕੇ ਨਹੀਂ ਮੰਨਿਆ। ਪੰਜਾਬੀ ਬੰਦਾ “ਸਿਰ ’ਤੇ ਕਫ਼ਨ ਬੰਨ੍ਹ ਕੇ” ਸਵਾਲ ਪੁੱਛਣ ਵਾਲੀ ਮਿੱਟੀ ਦਾ ਬੰਦਾ ਹੈ।
ਇਸ ਲਈ ਸਿਆਸਤ ਵਿੱਚ ਇਹ ਭਰਮ ਪਾਲਣਾ ਕਿ “ਮੈਂ ਕਿਹਾ ਤੇ ਪੰਜਾਬ ਮੰਨ ਗਿਆ”, ਖਤਰਨਾਕ ਭਰਮ ਹੈ। ਪੰਜਾਬ ਦੇ ਲੋਕਾਂ ਨੇ ਪਹਿਲਾਂ ਇਹੋ ਜਿਹੇ ਆਗੂਆਂ ਦਾ ਭਰਮ ਦੂਰ ਕੀਤਾ ਹੈ। ਹੁਣ ਉਹ ਅੰਨ੍ਹੇ ਦੀ ਗੁਆਚੀ ਲਾਠੀ ਵਾਂਗੂੰ ਕੁਰਸੀ ਲੱਭਦੇ, ਅੱਕ ਫਲਾਈਂ ਹੱਥ ਮਾਰਦਾ ਫਿਰਦਾ ਹੈ। ਉਹਦੇ ਹੱਥ ਧਰਮ ਦੀ ਅੱਗ ਨਾਲ ਸੜ ਰਹੇ ਹਨ। ਉਹ ਧਰਮ ਈਮਾਨ ਨੂੰ ਛਿੱਕੇ ਟੰਗ ਕੇ ਫ਼ਿਰਦਾ ਸੀ, ਹੁਣ ਧਰਮ ਦੇ ਠੇਕੇਦਾਰ ਉਹਦੇ ਪਰਦੇ ਉਤਾਰ ਰਹੇ ਹਨ। ਜਿਵੇਂ ਕਹਿੰਦੇ ਹੁੰਦੇ ਹਨ ਕਿ ਪੁਲਿਸ ਨਾਲ ਦੋਸਤੀ ਤੇ ਦੁਸ਼ਮਣੀ ਮਾੜੀ ਹੁੰਦੀ ਹੈ। ਇਸੇ ਤਰ੍ਹਾਂ ਮੁੱਲ ਦੀ ਤੀਵੀਂ ਦਾ ਇਤਬਾਰ ਨਹੀਂ ਹੁੰਦਾ ਕਿ ਕਦੋਂ ਉਸ ਕਹਿ ਦੇਵੇ, ਮੇਰੇ ਪਿਉ ਦਾ ਸਾਲਿਆ ਤੂੰ ਮੈਨੂੰ ਵਸਤੂ ਸਮਝ ਲਿਆ ਹੈ। ਹੁਣ ਤਾਂ ਚੰਗੀ ਭਲੀ ਦਾ ਭਰੋਸਾ ਨਹੀਂ। ਖ਼ੈਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ।
ਪੰਜਾਬੀ ਸਲਾਹ ਵੀ ਸੁਣਦਾ ਹੈ, ਤਜਰਬਾ ਵੀ ਲੈਂਦਾ ਹੈ, ਗਲਤੀ ਵੀ ਮਾਫ਼ ਕਰ ਦਿੰਦਾ ਹੈ ਪਰ ਜਦੋਂ ਉਸ ਨੂੰ ਲੱਗੇ ਕਿ ਉਸ ਦੀ ਆਪਣੀ ਆਵਾਜ਼ ਨੂੰ ਹੀ ਪਾਸੇ ਕਰ ਦਿੱਤਾ ਗਿਆ ਹੈ ਤਾਂ ਫਿਰ ਉਹ ਕਹਿੰਦਾ ਹੈ “ਹੁਣ ਤੂੰ ਆਪਣੀ, ਮੈਂ ਆਪਣੀ!” ਪੰਜਾਬੀ ਬੰਦਾ ਕਦੋਂ ਵੱਟੋ ਵੱਟ ਭਜਾ ਲਵੇ, ਕਦੋਂ ਉਹਨੂੰ ਵੱਟ ਚੜ੍ਹ ਜਾਵੇ ਤੇ ਉਹ ਵੱਟ ਕੱਢ ਦੇਵੇ। ਵੱਟ ਪਿੱਛੇ ਪੰਜਾਬੀ ਆਪਣੇ ਸਕੇ ਭਰਾਵਾਂ ਦਾ ਕਤਲ ਕਰ ਦਿੰਦਾ ਹੈ। ਦੂਜੇ ਬੰਦੇ ਦੇ ਵੱਟ ਨੂੰ ਉਹ ਟਿੱਚ ਜਾਣਦਾ ਹੈ। ਇਹ ਉਸਦੇ ਸੁਭਾਅ ਦਾ ਅੰਗ ਹੈ। ਫਿਰ ਵੋਟ ਦੀ ਪੇਟੀ ਵਿੱਚੋਂ ਉਹ ਜਵਾਬ ਨਿਕਲ ਸਕਦਾ ਹੈ, ਜਿਸ ਦੀ ਪਹਿਲਾਂ ਕਿਸੇ ਨੇ ਕਲਪਨਾ ਵੀ ਨਾ ਕੀਤੀ ਹੋਵੇ।

ਸਿਆਸਤ ਵਿੱਚ ਇਸੇ ਲਈ “ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ” ਵਾਲੀ ਮਨੋਵਿਰਤੀ ਤੋਂ ਬਚਣਾ ਪੈਂਦਾ ਹੈ। ਪੰਜਾਬ ਦੇ ਲੋਕਾਂ ਨੂੰ ਪੰਜਾਬ ਬਾਰੇ ਸਮਝਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਗੱਲ ਸੁਣਨੀ ਪੈਂਦੀ ਹੈ। ਅਖੀਰ ਵਿੱਚ ਗੱਲ ਇੰਨੀ ਕੁ ਹੈ ਕਿ ਕੁਰਸੀ ਭਾਵੇਂ ਦਿੱਲੀ ਦੀ ਹੋਵੇ, ਫੈਸਲੇ ਭਾਵੇਂ ਦਿੱਲੀ ਵਿੱਚ ਬਣਦੇ ਹੋਣ, ਪਰ ਪੰਜਾਬ ਦੀ ਸਿਆਸਤ ਦਾ ਅਸਲ ਹਿਸਾਬ ਪੰਜਾਬ ਦੀ ਧਰਤੀ ’ਤੇ ਹੀ ਲਿਖਿਆ ਜਾਂਦਾ ਹੈ। ਅੱਜ ਕੋਈ ਕਿਸੇ ਦਾ ਮਾਲਕ ਹੋ ਸਕਦਾ ਹੈ,ਪਰ ਵੋਟਾਂ ਦੇ ਦਿਨ ਲੋਕ ਹੀ ਮਾਲਕ ਹੁੰਦੇ ਹਨ। ਸਿਆਸਤ ਵਿੱਚ ਨਾ ਕੋਈ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਨਾ ਸਦਾ ਪਤਨ ਵਿੱਚ। ਵਕਤ ਦਾ ਪਹੀਆ ਘੁੰਮਦਾ ਰਹਿੰਦਾ ਹੈ। ਅੱਜ ਜਿਹੜਾ ਦੂਜਿਆਂ ਦਾ ਹਿਸਾਬ ਲਿਖਦਾ ਹੈ, ਕੱਲ੍ਹ ਉਸ ਦਾ ਹਿਸਾਬ ਵੀ ਲਿਖਿਆ ਜਾ ਸਕਦਾ ਹੈ। ਇਸੇ ਕਰਕੇ ਤਾਂ ਮੁਹੰਮਦ ਸਦੀਕ ਗਾਉਂਦਾ ਹੈ, ਕਿੱਥੇ ਭੱਜ ਜੇ ਡੀ ਜਾਨ ਛੁਡਾ ਕੇ, ਪੁੱਠਾ ਪੰਗਾ ਲੈ ਜੱਟੀਏ। ਹੁਣ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰਨ ਵਾਲੇ ਅੱਖ ਵਿੱਚ ਪਾਇਆਂ ਰੜਕਦੇ ਨਹੀਂ। ਹਾਂ ਭਮੱਕੜਾਂ ਨੇ ਜਰੂਰ ਅਸਮਾਨ ਸਿਰ ਤੇ ਚੁੱਕਿਆ ਹੋਇਆ ਹੈ ਪਰ ਕਦੋ ਤੱਕ? ਲੋਕਾਂ ਨੇ ਪੰਜ ਸਾਲ ਦਾ ਹਿਸਾਬ ਕਿਤਾਬ ਮੰਗਣਾ ਹੈ, ਉਦੋਂ ਪਤਾ ਲੱਗੂ ਜਦੋਂ ਫ਼ਸਲ ਮੰਡੀ ਵਿੱਚ ਸੁੱਟ ਕੇ ਖ਼ਾਲੀ ਹੱਥ ਮੁੜੇ ਕਿਸਾਨ ਵਰਗੀ ਹਾਲਤ ਬਣੀ ਕਿਉਂਕਿ ਇਹ ਵਕ਼ਤ ਕਿਸੇ ਦੇ ਪਿਓ ਦਾ ਨਹੀਂ। ਕੀ ਪਤਾ ਕਦੋਂ ਢਲ ਜਾਂਦੇ। ਦੀਦਾਰ ਸੰਧੂ ਕਹਿੰਦਾ, ਹਾਏ ਨੀ ਬਿੱਲੋ ਬਚ ਕੇ ਮੋੜ ਤੋਂ। ਰੱਬ ਰਾਖਾ, ਅੱਲ੍ਹਾ ਖ਼ੈਰ ਕਰੇ!
Budh-singh-nelon-244x300 ਬੁੱਧ ਬਾਣ ਮਾੜੀ ਹੋਈ ਅਮਲੀ ਨਾਲ਼, ਚੁੰਘੀ ਬੱਕਰੀ ਬਣਾ ਤਾਂ ਡਾਕਾ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment