ਬੁੱਧ ਚਿੰਤਨ / ਪੈਤੀਨਾਮਾ : ਐੜਾ (ਅ) ਐੜੇ ਕੀਆਂ ਕਿਆ ਬਾਤਾਂ ਨੇ…!
ਮਨੁੱਖੀ ਜ਼ਿੰਦਗੀ ਸ਼ਬਦਾਂ ਦੇ ਨਾਲ ਚੱਲਦੀ ਹੈ। ਸ਼ਬਦ ਹੀ ਮਨੁੱਖ ਦੀ ਪਛਾਣ ਬਣਾਉਂਦੇ ਹਨ ਅਤੇ ਸ਼ਬਦ ਹੀ ਉਸ ਦੇ ਕਿਰਦਾਰ ਦਾ ਪਰਦਾ ਫ਼ਾਸ਼ ਕਰਦੇ ਹਨ। ਜਿਸ ਨੂੰ ਸ਼ਬਦਾਂ ਨਾਲ ਖੇਡਣਾ ਆ ਗਿਆ, ਉਹ ਕਈ ਵਾਰ ਝੂਠ ਨੂੰ ਸੱਚ ਬਣਾ ਕੇ ਵੇਚਣ ਦੀ ਕਲਾ ਵੀ ਸਿੱਖ ਲੈਂਦਾ ਹੈ। ਵੇਚਣ ਵਾਲਾ ਵੇਚੀ ਜਾ ਰਿਹਾ ਹੈ, ਖਰੀਦਣ ਵਾਲਾ ਖਰੀਦੀ ਜਾ ਰਿਹਾ ਹੈ ਅਤੇ ਦੇਖਣ ਵਾਲਾ ਤਮਾਸ਼ਾ ਦੇਖ ਰਿਹਾ ਹੈ। ਸ਼ਬਦਾਂ ਦੇ ਖਿਡਾਰੀ ਅੱਜ ਵੀ ਥੁੱਕ ਨਾਲ ਵੜੇ ਪਕਾ ਰਹੇ ਹਨ। ਕਹਿੰਦੇ ਹਨ, ਜੋ ਅੜਿਆ ਸੋ ਝੜਿਆ, ਪਰ ਇਹ ਵੀ ਸੱਚ ਹੈ ਕਿ ਜਿਸ ਦੀ ਜ਼ਿੰਦਗੀ ਵਿੱਚ ਲਚਕ ਹੁੰਦੀ ਹੈ, ਉਹੀ ਔਖੇ ਸਮਿਆਂ ਵਿੱਚ ਟਿਕਿਆ ਰਹਿੰਦਾ ਹੈ। ਲਚਕ ਅਤੇ ਰੀੜ੍ਹਹੀਣਤਾ ਵਿੱਚ ਫ਼ਰਕ ਹੁੰਦਾ ਹੈ। ਸਮਝੌਤਾ ਕਰਨਾ ਸਿਆਣਪ ਹੋ ਸਕਦੀ ਹੈ, ਪਰ ਅਸੂਲ ਵੇਚ ਦੇਣਾ ਬੁਜ਼ਦਿਲੀ ਹੈ। ਪੈਤੀਨਾਮੇ ਦਾ ਅਗਲਾ ਅੱਖਰ ਐੜਾ ਹੈ। ਆਓ, ਇਸ ਅੱਖਰ ਦੀਆਂ ਅੜੀਆਂ, ਅਣਖਾਂ, ਅਕਲਾਂ ਅਤੇ ਅਦਾਵਾਂ ਦੀ ਗੱਲ ਕਰੀਏ।
ਐੜੇ ਦੀਆਂ ਬੜੀਆਂ ਬਾਤਾਂ ਨੇ!
ਅਖੇ,
‘ਅਹਿਰਨ ਕੱਛੇ ਮਾਰਨੀ, ਸੂਈ ਦਾ ਕਰਨਾ ਦਾਨ,
ਸਾਡਾ ਨੇਤਾ ਮੋਦੀ ਮਹਾਨ ਤੇ ਭਾਰਤ ਮਾਤਾ ਕੀ ਸ਼ਾਨ!’
ਇਹ ਅਖਾਣ ਅੱਜ ਦੀ ਸਿਆਸਤ ਉੱਤੇ ਵੀ ਢੁੱਕਦਾ ਹੈ। ਵੱਡੀਆਂ ਗੱਲਾਂ ਕਰਨੀਆਂ, ਛੋਟੇ ਕੰਮ ਕਰਨੇ ਅਤੇ ਆਪਣੀਆਂ ਨਾਕਾਮੀਆਂ ਨੂੰ ਦੇਸ਼ ਭਗਤੀ ਦੇ ਪਰਦੇ ਹੇਠ ਲੁਕਾਉਣਾ ਸਿਆਸਤ ਦੀ ਪੁਰਾਣੀ ਕਲਾ ਹੈ। ਜਦੋਂ ਸੱਤਾ ਕੋਲ ਜਵਾਬ ਨਹੀਂ ਹੁੰਦੇ ਤਾਂ ਉਹ ਨਾਅਰੇ ਉੱਚੇ ਕਰ ਦਿੰਦੀ ਹੈ। ਜਦੋਂ ਸਵਾਲ ਪੁੱਛੇ ਜਾਂਦੇ ਹਨ ਤਾਂ ਸਵਾਲ ਕਰਨ ਵਾਲੇ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਜਾਂਦਾ ਹੈ। ਅਕਲਾਂ ਬਾਝੋਂ ਖੂਹ ਖਾਲੀ ਹੁੰਦੇ ਹਨ। ਜਿਨ੍ਹਾਂ ਦਾ ਅੱਗਾ ਹਨੇਰਾ ਹੋਵੇ, ਉਨ੍ਹਾਂ ਦਾ ਪਿੱਛਾ ਵੀ ਗਿੱਦੜਾਂ ਵਾਲਾ ਹੁੰਦਾ ਹੈ। ਜਦੋਂ ਅਜਿਹੇ ਲੋਕ ਰਾਜ ਕਰਨ ਲੱਗ ਪੈਂਦੇ ਹਨ ਤਾਂ ‘ਅੰਨ੍ਹੇ ਕੁੱਤੇ ਹਿਰਨਾਂ ਦੇ ਸ਼ਿਕਾਰੀ’ ਬਣ ਜਾਂਦੇ ਹਨ। ਫਿਰ ਦੋਵੇਂ ਹੱਥੀਂ ਲੁੱਟ ਪੈਂਦੀ ਹੈ ਅਤੇ ਲੋਕ ਆਪਣੇ ਹੀ ਹੱਕਾਂ ਲਈ ਦਰ-ਦਰ ਭਟਕਦੇ ਹਨ। ਜਦੋਂ ਕੋਈ ਅਸਮਾਨ ਨੂੰ ਟਾਕੀ ਲਾਉਣ ਲੱਗ ਪੈਂਦਾ ਹੈ ਤਾਂ ਉਸ ਦੀ ਅਕਲ ਦਾ ਵੀ ਅਕਾਲ ਚਲਾਣਾ ਹੋ ਜਾਂਦਾ ਹੈ। ਫਿਰ ਉਹ ਅੱਖਾਂ ਚੁਰਾਉਣ ਲੱਗਦਾ ਹੈ। ਅੱਜ ਪੰਜਾਬ ਦੀ ਕਾਂਗਰਸ ਦੀ ਸਿਆਸਤ ਵਿੱਚ ਵੀ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਜਿਨ੍ਹਾਂ ਆਗੂਆਂ ਨੂੰ ਕਦੇ ਵੋਟਰਾਂ ਨੇ ਅੱਖਾਂ ਉੱਤੇ ਬਿਠਾਇਆ ਸੀ, ਅੱਜ ਉਹੀ ਵੋਟਰ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ। ਜਿਨ੍ਹਾਂ ਨੂੰ ਲੋਕਾਂ ਨੇ ਸੱਤਾ ਦੀਆਂ ਪੌੜੀਆਂ ਚੜ੍ਹਾਈਆਂ, ਉਹ ਲੋਕਾਂ ਨਾਲ ਅੱਖਾਂ ਮਿਲਾਉਣ ਤੋਂ ਵੀ ਕਤਰਾਉਂਦੇ ਦਿਖਾਈ ਦਿੰਦੇ ਹਨ।
ਲੋਕ ਬੇਵੱਸ ਹੋ ਕੇ ਹੱਥ ਮਲਦੇ ਹਨ, ਕਚੀਚੀਆਂ ਵੱਟਦੇ ਹਨ, ਪਰ ਆਗੂਆਂ ਦੀਆਂ ਆਪਸੀ ਸਾਂਝਾਂ ਕਈ ਵਾਰ ਲੋਕਾਂ ਦੇ ਗੁੱਸੇ ਨੂੰ ਵੀ ਠੰਢਾ ਕਰ ਦਿੰਦੀਆਂ ਹਨ। ਮਲੋਟ ਤੇ ਅਬੋਹਰ ਹੀ ਨਹੀਂ, ਪੰਜਾਬ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਸਿਆਸੀ ਆਗੂਆਂ ਦੇ ਅਜਿਹੇ ਰੰਗ ਦੇਖਣ ਨੂੰ ਮਿਲਦੇ ਹਨ। ਹੁਣ ਕੁਝ ਆਗੂ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਲਾਈਵ ਪ੍ਰਸਾਰਣ ਕਰਦੇ ਹਨ, ਜਿਵੇਂ ਉਨ੍ਹਾਂ ਨੇ ਕੋਈ ਇਲਾਹੀ ਹੁਕਮ ਜਾਰੀ ਕਰਨਾ ਹੋਵੇ। ਕੈਮਰੇ ਅੱਗੇ ਸਵਾਲ ਪੁੱਛਣੇ ਅਤੇ ਅਧਿਕਾਰੀਆਂ ਨੂੰ ਝਾੜਨਾ ਸੌਖਾ ਹੈ, ਪਰ ਲੋਕਾਂ ਦੇ ਮਸਲਿਆਂ ਦਾ ਪੱਕਾ ਹੱਲ ਕਰਨਾ ਔਖਾ ਹੈ।
ਇਹ ਵੀ ਸਿਆਸਤ ਦਾ ਇੱਕ ਨਵਾਂ ਨਾਟਕ ਹੈ। ਕੈਮਰੇ ਅੱਗੇ ਇਮਾਨਦਾਰੀ ਦਾ ਸਰਟੀਫਿਕੇਟ ਵੰਡਣ ਵਾਲਿਆਂ ਤੋਂ ਇਹ ਪੁੱਛਣਾ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੇ ਆਪਣੇ ਕੰਮਕਾਜ ਦਾ ਹਿਸਾਬ ਕੌਣ ਲਵੇਗਾ? ਜਨਤਾ ਨੂੰ ਦਿਖਾਵੇ ਨਹੀਂ, ਜਵਾਬਦੇਹੀ ਚਾਹੀਦੀ ਹੈ।
ਅਖੇ, ਕੱਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ!
ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਦਫ਼ਤਰਾਂ ਵਿੱਚ ਜਾ ਕੇ ਸਿਆਸੀ ਸੂਰਮੇ ਬਣਨ ਵਾਲੇ ਕਈ ਆਗੂ ਆਪਣੇ ਬੱਚਿਆਂ ਨੂੰ ਨਿੱਜੀ ਅਤੇ ਮਹਿੰਗੇ ਸਿੱਖਿਆ ਅਦਾਰਿਆਂ ਵਿੱਚ ਪੜ੍ਹਾਉਂਦੇ ਹਨ। ਇਲਾਜ ਕਰਵਾਉਣ ਵੇਲੇ ਵੀ ਸਰਕਾਰੀ ਹਸਪਤਾਲਾਂ ਦੀ ਥਾਂ ਮਹਿੰਗੇ ਨਿੱਜੀ ਹਸਪਤਾਲਾਂ ਨੂੰ ਤਰਜੀਹ ਦਿੰਦੇ ਹਨ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਪ੍ਰਬੰਧਾਂ ਉੱਤੇ ਭਰੋਸਾ ਨਾ ਕਰਨ ਵਾਲੇ ਲੋਕ ਦੂਜਿਆਂ ਨੂੰ ਉਨ੍ਹਾਂ ਪ੍ਰਬੰਧਾਂ ਦੇ ਭਰੋਸੇ ਕਿਉਂ ਛੱਡਦੇ ਹਨ?
ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੋਵੇ ਤਾਂ ਲੋਕਾਂ ਦਾ ਭਰੋਸਾ ਟੁੱਟਦਾ ਹੈ। ਲੋਕ ਤਮਾਸ਼ਬੀਨ ਬਣ ਕੇ ਦੰਦ ਕੱਢਦੇ ਹਨ, ਪਰ ਉਨ੍ਹਾਂ ਦੇ ਮਨਾਂ ਵਿੱਚ ਉੱਠਦੇ ਸਵਾਲ ਕਿਸੇ ਦਿਨ ਸਿਆਸੀ ਹਿਸਾਬ-ਕਿਤਾਬ ਵੀ ਮੰਗ ਸਕਦੇ ਹਨ। ਸ਼ਰਮ ਦੀ ਮਾਂ ਸੰਦੂਕ ਵਿੱਚ ਮੂੰਹ ਲੁਕਾਈ ਬੈਠੀ ਹੈ। ਕਿਸੇ ਦੇ ਕੰਨਾਂ ਉੱਤੇ ਜੂੰ ਨਹੀਂ ਸਰਕਦੀ। ਅੱਖਾਂ ਦੀ ਵੀ ਆਪਣੀ ਭਾਸ਼ਾ ਹੁੰਦੀ ਹੈ। ਲੋਕਾਂ ਦੇ ਮਸਲਿਆਂ ਨੂੰ ਜਦੋਂ ਕੋਈ ਅੱਖੋਂ ਪਰੋਖੇ ਕਰਦਾ ਹੈ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਰੋਹ ਜਾਗਦਾ ਹੈ। ਇਹ ਰੋਹ ਜਦੋਂ ਜਨਤਕ ਚੇਤਨਾ ਬਣ ਜਾਂਦਾ ਹੈ ਤਾਂ ਸੱਤਾ ਦੇ ਮਹਿਲਾਂ ਵਿੱਚ ਬੈਠੇ ਲੋਕਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੱਖਾਂ ਨਾਲ ਗੱਲ ਕਰਨੀ ਅਤੇ ਅੱਖਾਂ ਦੀ ਭਾਸ਼ਾ ਸਮਝਣੀ ਆ ਜਾਂਦੀ ਹੈ, ਉਹ ਲੋਕਾਂ ਦੇ ਮਨ ਦੀ ਗੱਲ ਬਿਨਾਂ ਬੋਲੇ ਵੀ ਪੜ੍ਹ ਲੈਂਦੇ ਹਨ।
ਲੋਕ ਬੋਲੀ ਹੈ:
ਅੱਖ ਨਾਲ ਗੱਲ ਕਰਗੀ, ਤੇਰੇ ਬੁੱਲ੍ਹ ਨਾ ਫਰਕਦੇ ਦੇਖੇ।
ਪੱਲਾ ਮਾਰ ਕੇ ਬੁਝਾ ਗਈ ਦੀਵਾ,
ਅੱਖ ਨਾਲ ਗੱਲ ਕਰਗੀ। ਅੱਖ ਲੜਦੀ ਹੈ, ਦਿਲ ਸੰਤਾਪ ਭੋਗਦਾ ਹੈ ਅਤੇ ਅਖ਼ੀਰ ਵਿੱਚ ਅੱਖਾਂ ਹੀ ਰੋਂਦੀਆਂ ਹਨ। ਇੱਕ ਅੱਖ ਨਾਲ ਦੇਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਅੱਖਾਂ ਦਾ ਮਾਰਿਆ ਰਾਂਝਾ ਜੋਗੀ ਹੋ ਜਾਂਦਾ ਹੈ। ਅੱਖਾਂ ਵਿੱਚੋਂ ਕਿਸੇ ਦੇ ਮਨ ਦੀ ਗੱਲ ਪੜ੍ਹਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ, ਪਰ ਅੱਖਾਂ ਦੇ ਵੈਦ ਅਤੇ ਆਸ਼ਕ ਤਾਂ ਅੱਖਾਂ ਵਿੱਚੋਂ ਸੁਰਮਾ ਕੱਢ ਕੇ ਲੈ ਜਾਂਦੇ ਹਨ। ਪਿੱਛੇ ਰਹਿ ਜਾਂਦੀਆਂ ਹਨ ਅੱਡੀਆਂ ਹੋਈਆਂ ਅੱਖਾਂ ਅਤੇ ਅਧੂਰੀਆਂ ਉਮੀਦਾਂ। ਸਿਆਸਤ ਵਿੱਚ ਵੀ ਅੱਖਾਂ ਦਾ ਇਹੀ ਖੇਡ ਚੱਲਦਾ ਹੈ। ਚੋਣਾਂ ਵੇਲੇ ਆਗੂ ਲੋਕਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸੁਪਨੇ ਵੇਚਦੇ ਹਨ। ਚੋਣਾਂ ਤੋਂ ਬਾਅਦ ਲੋਕ ਉਨ੍ਹਾਂ ਨੂੰ ਲੱਭਦੇ ਰਹਿੰਦੇ ਹਨ ਅਤੇ ਆਗੂ ਅੱਖਾਂ ਚੁਰਾਉਂਦੇ ਫਿਰਦੇ ਹਨ। ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਇਹ ਵਾਰ-ਵਾਰ ਅੰਨ੍ਹੇ ਖੂਹ ਵਿੱਚ ਡਿੱਗਦਾ ਹੈ, ਪਰ ਇਸ ਨੂੰ ਖੂਹ ਵਿੱਚੋਂ ਕੱਢਣ ਵਾਲਾ ਕੋਈ ਗੋਰਖ ਨਾਥ ਨਹੀਂ ਬਹੁੜਦਾ। ਪੂਰਨ ਵਰਗੇ ਪੁੱਤ ਅਤੇ ਲੂਣਾ ਵਰਗੀਆਂ ਧੀਆਂ ਅੱਜ ਵੀ ਸਮਾਜਿਕ ਬੇਇਨਸਾਫ਼ੀ, ਜਾਤ-ਪਾਤ, ਪਿਤਰਸੱਤਾ ਅਤੇ ਹੱਕਾਂ ਦੀ ਲੜਾਈ ਦੇ ਖੂਹਾਂ ਵਿੱਚ ਡਿੱਗ ਰਹੇ ਹਨ। ਉਨ੍ਹਾਂ ਦੀਆਂ ਬਹੁੜੀਆਂ ਸੁਣਨ ਵਾਲਾ ਕੌਣ ਹੈ? ਪਵਨਦੀਪ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾਕਟਰ ਜਗਤਾਰ ਦੀ ਗ਼ਜ਼ਲ ਗਾਉਂਦਾ ਹੈ। ਚੁੱਪ ਦੀ ਆਵਾਜ਼ ਸੁਣੋ। ਅੰਨ੍ਹੇ ਖੂਹ ਤੋਂ ਡੋਲ ਭਰੋ।
ਹਰ ਕੋਈ ਅੱਖਾਂ ਨੀਵੀਆਂ ਕਰਕੇ ਕੋਲ ਦੀ ਲੰਘ ਰਿਹਾ ਹੈ। ਲੋਕਾਂ ਵਿੱਚ ਮਾਇਆ ਇਕੱਠੀ ਕਰਨ ਦੀ ਲੱਗੀ ਅੰਨ੍ਹੀ ਦੌੜ ਨੇ ਜ਼ਿੰਦਗੀ ਦਾ ਅਸਲ ਆਨੰਦ ਖੋਹ ਲਿਆ ਹੈ। ਮਨੁੱਖ ਅਰਸ਼ ਤੋਂ ਫ਼ਰਸ਼ ਉੱਤੇ ਡਿੱਗਦਾ ਹੈ, ਫਿਰ ਅੱਕ-ਫਲਾਹੀ ਹੱਥ ਮਾਰਦਾ ਹੈ, ਪਰ ਉਸ ਦੇ ਪੱਲੇ ਖੱਜਲ-ਖੁਆਰੀ ਤੋਂ ਬਿਨਾਂ ਕੁਝ ਨਹੀਂ ਪੈਂਦਾ। ਲੋਕ ਗੀਤ ਯਾਦ ਆਉਂਦਾ ਹੈ:
ਮਰਦੀ ਨੇ ਅੱਕ ਚੱਬਿਆ ਨੀ,
ਮੈਂ ਹਾਰ ਕੇ ਜੇਠ ਨਾਲ ਲਾਈਆਂ। ਅੱਜ ਪੰਜਾਬ ਦੇ ਲੋਕਾਂ ਦੀ ਹਾਲਤ ਵੀ ਕਈ ਵਾਰ ਅਜਿਹੀ ਹੋ ਜਾਂਦੀ ਹੈ। ਚੋਣਾਂ ਵੇਲੇ ਵਾਅਦਿਆਂ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ। ਲੋਕ ਇੱਕ ਉਮੀਦ ਨਾਲ ਕਿਸੇ ਨੂੰ ਚੁਣਦੇ ਹਨ, ਪਰ ਜਦੋਂ ਉਮੀਦਾਂ ਟੁੱਟਦੀਆਂ ਹਨ ਤਾਂ ਉਨ੍ਹਾਂ ਨੂੰ ਫਿਰ ਅੱਕ ਚੱਬਣਾ ਪੈਂਦਾ ਹੈ। ਬਹੁਗਿਣਤੀ ਲੋਕ ਦੋ ਪੁੜਾਂ ਵਿਚਕਾਰ ਆ ਕੇ ਆਟਾ ਹੋ ਰਹੇ ਹਨ। ਇੱਕ ਪਾਸੇ ਮਹਿੰਗਾਈ, ਬੇਰੁਜ਼ਗਾਰੀ, ਕਰਜ਼ਾ ਅਤੇ ਨਿੱਜੀਕਰਨ ਹੈ, ਦੂਜੇ ਪਾਸੇ ਸਿਆਸੀ ਵਾਅਦਿਆਂ ਅਤੇ ਚੋਣਵਾਦੀ ਨਾਅਰਿਆਂ ਦੀ ਚੱਕੀ ਹੈ। ਮਨੁੱਖ ਜ਼ਿੰਦਗੀ ਦੇ ਅਸਲ ਅਰਥ ਭੁੱਲ ਕੇ ਨਰਕ ਵਰਗੀ ਜੂਨ ਭੋਗਣ ਦਾ ਆਦੀ ਹੋ ਰਿਹਾ ਹੈ। ਇਸੇ ਕਰਕੇ ਹਰ ਪੰਜ ਸਾਲ ਬਾਅਦ ਕੋਈ ਨਾ ਕੋਈ ਪਾਰਟੀ ਉਸ ਨੂੰ ‘ਅਟੇਰ’ ਲੈਂਦੀ ਹੈ। ਸਵਾਲ ਇਹ ਹੈ ਕਿ ਲੋਕ ਹਰ ਵਾਰ ਆਪਣੀ ਕਿਸਮਤ ਦਾ ਫ਼ੈਸਲਾ ਦੂਜਿਆਂ ਦੇ ਹੱਥ ਕਿਉਂ ਦੇ ਦਿੰਦੇ ਹਨ? ਕੀ ਵੋਟ ਪਾਉਣਾ ਹੀ ਲੋਕਤੰਤਰ ਹੈ ਜਾਂ ਚੁਣੇ ਹੋਏ ਨੁਮਾਇੰਦਿਆਂ ਤੋਂ ਪੰਜ ਸਾਲ ਜਵਾਬ ਮੰਗਣਾ ਵੀ ਲੋਕਤੰਤਰ ਦਾ ਹਿੱਸਾ ਹੈ? ਜਦੋਂ ਅੱਖਾਂ ਵਿੱਚ ਤੱਕਲੇ ਚੁੱਭਦੇ ਹਨ ਤਾਂ ਮਨ ਅੰਦਰੋਂ-ਅੰਦਰ ਵਿਸ਼ ਘੋਲਦਾ ਹੈ। ਲੋਕਾਂ ਦੀ ਅੰਬ ਵੱਢ ਕੇ ਅੱਕਾਂ ਦੀ ਵਾੜ ਕਰਨ ਦੀ ਆਦਤ ਬਦਲਣੀ ਅਸਮਾਨੋਂ ਤਾਰੇ ਤੋੜਨ ਵਰਗੀ ਗੱਲ ਬਣ ਗਈ ਹੈ। ਜਿਹੜੇ ਲੋਕ ਹਰ ਵਾਰ ਆਪਣੇ ਹੀ ਹੱਕਾਂ ਨਾਲ ਸਮਝੌਤਾ ਕਰ ਲੈਂਦੇ ਹਨ, ਉਹ ਫਿਰ ਆਪਣਾ ਆਪ ਵੇਚਣ ਲੱਗਿਆਂ ਇੱਕ ਪਲ ਵੀ ਨਹੀਂ ਲਾਉਂਦੇ। ਕਈਆਂ ਨੂੰ ਅੱਗ ਲਾਉਣ ਅਤੇ ਬੁਝਾਉਣ ਦੋਵਾਂ ਦੀ ਆਦਤ ਹੁੰਦੀ ਹੈ। ਉਹ ਅੱਗ ਲਾ ਕੇ ਡੱਬੂ ਕੰਧ ਉੱਤੇ ਕਰਦੇ ਹਨ ਅਤੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ। ਅੜਬ ਸੁਭਾਅ ਦੇ ਲੋਕਾਂ ਲਈ ਹਰ ਮੌਸਮ ਖ਼ਰਾਬ ਰਹਿੰਦਾ ਹੈ। ਉਨ੍ਹਾਂ ਵੱਲੋਂ ਹੱਥਾਂ ਨਾਲ ਦਿੱਤੀਆਂ ਗੰਢਾਂ ਕਈ ਵਾਰ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹਨ।
ਅੜਿੱਕੇ ਅੜਾਉਣ ਵਾਲੇ ਵੀ ਘੱਟ ਨਹੀਂ!
ਬਹੁਗਿਣਤੀ ਲੋਕਾਂ ਵਿੱਚ ਇੱਕ ਹੋਰ ਬਿਮਾਰੀ ਹੈ, ਹਰ ਕੰਮ ਵਿੱਚ ਅੜਿੱਕਾ ਅੜਾਉਣਾ। ਪਿੰਡਾਂ ਵਿੱਚ ਸਾਂਝੇ ਕੰਮਾਂ ਨੂੰ ਪਿੱਛੇ ਪਾਉਣ ਵਾਲੇ, ਵਾੜ ਵਿੱਚ ਬੋਲੀਏ ਫਸਾਉਣ ਵਾਲੇ ਅਤੇ ਹਰ ਗੱਲ ਵਿੱਚ ਟੁੱਚਰਾਂ ਕਰਨ ਵਾਲੇ ਲੋਕ ਆਮ ਮਿਲ ਜਾਂਦੇ ਹਨ। ਉਨ੍ਹਾਂ ਨੇ ਨਾ ਆਪ ਕੰਮ ਕਰਨਾ ਹੁੰਦਾ ਹੈ ਅਤੇ ਨਾ ਦੂਜਿਆਂ ਨੂੰ ਕਰਨ ਦੇਣਾ ਹੁੰਦਾ ਹੈ। ਇਹੋ ਜਿਹੇ ਘੜੰਮ ਚੌਧਰੀ ਹਰ ਥਾਂ ਮਿਲ ਜਾਂਦੇ ਹਨ। ਇਨ੍ਹਾਂ ਦਾ ਕੰਮ ਹੁੰਦਾ ਹੈ ਨਾ ਖੇਡਣਾ, ਨਾ ਖੇਡਣ ਦੇਣਾ। ਕਈ ਅੜਬੇੜੇ ਅਜਿਹਿਆਂ ਨੂੰ ਪੜ੍ਹਨੇ ਵੀ ਪਾ ਦਿੰਦੇ ਹਨ। ਸਮਾਜ ਦੀ ਤਰੱਕੀ ਸਿਰਫ਼ ਸਰਕਾਰਾਂ ਦੇ ਸਹਾਰੇ ਨਹੀਂ ਹੁੰਦੀ। ਇਸ ਲਈ ਲੋਕਾਂ ਦੀ ਸਾਂਝ, ਸਹਿਯੋਗ ਅਤੇ ਸਾਂਝੀ ਜ਼ਿੰਮੇਵਾਰੀ ਵੀ ਜ਼ਰੂਰੀ ਹੈ। ਜਿਹੜਾ ਮਨੁੱਖ ਹਰ ਸਾਂਝੇ ਕੰਮ ਵਿੱਚ ਆਪਣੀ ਹਉਮੈ ਦਾ ਝੰਡਾ ਗੱਡਣਾ ਚਾਹੁੰਦਾ ਹੈ, ਉਹ ਸਮਾਜ ਦਾ ਭਲਾ ਨਹੀਂ ਕਰ ਸਕਦਾ। ਐੜਾ, ਊੜਾ ਅਤੇ ਅਣਖ ਦੀ ਗੱਲ ਕਰਦਾ, ਸਾਨੂੰ ਜਿਊਣ ਦਾ ਢੰਗ ਦੱਸਦਾ, ਖਚਰਾ ਬੰਦਾ ਰਹੇ ਹੱਸਦਾ। ਐੜਾ ਆਪ ਤਾਂ ਕਦੇ ਅੜਵਾਈਆਂ ਨਹੀਂ ਕਰਦਾ, ਇਹ ਊੜੇ ਦਾ ਸਾਥੀ ਹੈ। ਪਰ ਊੜੇ ਦੀ ਆੜੇ ਨਾਲ ਨਹੀਂ ਬਣਦੀ। ਇਸੇ ਕਰਕੇ ਆੜਾ ਹਰ ਵਾਰ ਅੱਗੇ ਲੱਗ ਕੇ ਖ਼ੁਸ਼ ਰਹਿੰਦਾ ਹੈ। ਉਰਦੂ ਦੇ ਕੁਝ ਅੱਖਰ ਆਪਣੀ ਸ਼ਕਲ ਨਹੀਂ ਬਦਲਦੇ ਅਤੇ ਇਕੱਲੇ ਹੀ ਰਹਿੰਦੇ ਹਨ। ਭਾਸ਼ਾ ਦੀ ਆਪਣੀ ਬਣਤਰ ਹੈ, ਪਰ ਸਮਾਜ ਦੀ ਬਣਤਰ ਵਿੱਚ ਮਨੁੱਖ ਨੂੰ ਇਕੱਲਾ ਨਹੀਂ ਰਹਿਣਾ ਚਾਹੀਦਾ। ਐੜਾ ਜਦੋਂ ਅੜਬਪੁਣੇ ਵਿੱਚ ਆਉਂਦਾ ਹੈ ਤਾਂ ਕਈਆਂ ਦੀਆਂ ਛਾਲਾਂ ਛੁਡਾ ਦਿੰਦਾ ਹੈ। ਪਰ ਅਸਲ ਐੜਾ ਉਹ ਹੈ ਜਿਹੜਾ ਅਨਿਆਂ ਅੱਗੇ ਅੜੇ, ਜ਼ੁਲਮ ਅੱਗੇ ਅੜੇ, ਭ੍ਰਿਸ਼ਟਾਚਾਰ ਅੱਗੇ ਅੜੇ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਡਟੇ।
ਅੜਨਾ ਅਤੇ ਅੜੀਅਲ ਹੋਣਾ ਦੋ ਵੱਖਰੀਆਂ ਗੱਲਾਂ ਹਨ। ਅੜਨਾ ਅਸੂਲਾਂ ਲਈ ਹੋਵੇ ਤਾਂ ਅਣਖ ਹੈ, ਪਰ ਆਪਣੀ ਹਉਮੈ ਲਈ ਹੋਵੇ ਤਾਂ ਅਹੰਕਾਰ ਹੈ। ਅਕਲ ਵਾਲਾ ਮਨੁੱਖ ਆਪਣੀ ਗ਼ਲਤੀ ਮੰਨ ਲੈਂਦਾ ਹੈ, ਜਦਕਿ ਹੰਕਾਰੀ ਮਨੁੱਖ ਆਪਣੀ ਗ਼ਲਤੀ ਨੂੰ ਵੀ ਸਿਧਾਂਤ ਬਣਾ ਕੇ ਪੇਸ਼ ਕਰਦਾ ਹੈ। ਜਿਹੜੇ ਲੋਕ ਕੱਲ੍ਹ ਤੱਕ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਸਨ, ਅੱਜ ਉਨ੍ਹਾਂ ਦੇ ਖ਼ਿਲਾਫ਼ ਲੋਕ ਹੱਥਾਂ ਉੱਤੇ ਥੁੱਕੀ ਫਿਰਦੇ ਹਨ। ਪਰ ਲੋਕਾਂ ਦਾ ਗੁੱਸਾ ਜਦੋਂ ਤੱਕ ਸੰਗਠਿਤ ਚੇਤਨਾ ਵਿੱਚ ਨਹੀਂ ਬਦਲਦਾ, ਉਦੋਂ ਤੱਕ ਉਹ ਢਿੱਡ ਵਿੱਚ ਹੀ ਰਹਿ ਜਾਂਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਐੜੇ ਦਾ ਸਤਿਕਾਰ ਕਰੋ। ਊੜੇ ਐੜੇ ਨੂੰ ਪਿਆਰ ਕਰੋ। ਅੱਖਰਾਂ ਦਾ ਸਤਿਕਾਰ ਕਰੋ, ਸ਼ਬਦਾਂ ਦਾ ਸਤਿਕਾਰ ਕਰੋ ਅਤੇ ਸਭ ਤੋਂ ਵੱਧ ਮਨੁੱਖ ਦਾ ਸਤਿਕਾਰ ਕਰੋ। ਆੜਾ ਜਦੋਂ ਰਾੜਾ ਲਾਉਣ ਲੱਗ ਪਿਆ ਤਾਂ ਕਈਆਂ ਨੂੰ ਨਾਨੀ ਯਾਦ ਕਰਵਾ ਦੇਵੇਗਾ।
ਆੜਾ ਕਿਉਂ ਚੁੱਪ ਹੈ, ਈੜੀ ਨੂੰ ਇਸੇ ਗੱਲ ਦਾ ਦੁੱਖ ਹੈ। ਸੱਸਾ ਕਦੋਂ ਨੂੰਹ ਦੀ ਸੱਸ ਬਣ ਜਾਵੇ, ਪਤਾ ਨਹੀਂ ਲੱਗਦਾ। ਪਰ ਹੁਣ ਆੜੇ ਨੂੰ ਅੜਨਾ ਪਵੇਗਾ, ਆਪਣੀ ਅਣਖ ਜਗਾਉਣੀ ਪਵੇਗੀ ਅਤੇ ਆਪਣੇ ਇਤਿਹਾਸ ਤੋਂ ਸਿੱਖਣਾ ਪਵੇਗਾ। ਵਿਸਾਖੀ ਨੂੰ ਯਾਦ ਕਰੋ। ਉਹ ਇਤਿਹਾਸ ਯਾਦ ਕਰੋ ਜਦੋਂ ਸੀਸ ਤਲੀ ਉੱਤੇ ਰੱਖ ਕੇ ਮਨੁੱਖਤਾ, ਬਰਾਬਰੀ ਅਤੇ ਹੱਕਾਂ ਦੀ ਰਾਖੀ ਦਾ ਪ੍ਰਣ ਕੀਤਾ ਗਿਆ ਸੀ। ਕੀ ਅੱਜ ਸਾਡੇ ਅੰਦਰ ਉਹੋ ਜਿਹਾ ਹੌਸਲਾ, ਉਹੋ ਜਿਹੀ ਸਾਂਝ ਅਤੇ ਉਹੋ ਜਿਹੀ ਅਣਖ ਬਾਕੀ ਹੈ? ਆੜਾ ਸਾਨੂੰ ਪੁੱਛਦਾ ਹੈ, ਜਦੋਂ ਸੀਸ ਤਲੀ ਉੱਤੇ ਧਰਿਆ ਸੀ, ਉਦੋਂ ਵਾਲੀ ਸੋਚ ਅੱਜ ਕਿੱਥੇ ਗਈ?
ਐੜੇ ਦੀ ਅਰਜੋਈ!
ਆੜਾ ਕਰੇ ਅਰਜੋਈ,
ਹੁਣ ਨੀ ਪੰਜਾਬ ਦਾ ਵਾਲੀ,
ਵਾਰਸ ਨਾ ਕੋਈ?
ਅਡਾਨੀ ਜਾਵੇ ਅੱਤ ਮਚਾਈ,
ਜਨਤਾ ਉਹਨੇ ਵੈਂਟੀਲੇਟਰ ਉੱਤੇ ਪਾਈ।
ਗੋਦੀ ਮੀਡੀਆ ਸਾਨੂੰ ਝੂਠ ਸੁਣਾਈ।
ਮੋਦੀ ਤੇ ਸ਼ਾਹ ਕਹੇ,
ਰਾਸ਼ਟਰ ਦੀ ਕੀਤੀ ਐ ਸੇਵਾ ਭਾਈ!
ਸਵਾਲ ਇਹ ਨਹੀਂ ਕਿ ਕੌਣ ਕਿੰਨਾ ਅਮੀਰ ਹੋ ਗਿਆ। ਸਵਾਲ ਇਹ ਹੈ ਕਿ ਦੇਸ਼ ਦੀ ਦੌਲਤ ਕਿਸ ਦੇ ਹੱਥਾਂ ਵਿੱਚ ਇਕੱਠੀ ਹੋ ਰਹੀ ਹੈ? ਜਨਤਕ ਅਦਾਰਿਆਂ ਦੀ ਜਵਾਬਦੇਹੀ ਕਿੱਥੇ ਹੈ? ਲੋਕਾਂ ਦੀ ਬੱਚਤ, ਮਿਹਨਤ ਅਤੇ ਭਵਿੱਖ ਦੀ ਸੁਰੱਖਿਆ ਕਿੰਨੀ ਮਹਿਫ਼ੂਜ਼ ਹੈ? ਜਦੋਂ ਕਾਰਪੋਰੇਟ ਤਾਕਤ ਅਤੇ ਸਿਆਸੀ ਸੱਤਾ ਇੱਕ-ਦੂਜੇ ਦੇ ਨੇੜੇ ਆਉਂਦੀਆਂ ਹਨ ਤਾਂ ਲੋਕਤੰਤਰ ਦੀ ਚੌਕਸੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।
ਆੜਾ ਆਕੜ ਵਿਖਾਏ,
ਈੜੀ ਬੈਠੀ ਸ਼ਰਮਾ ਜਾਵੇ।
ਪਰ ਪੰਜਾਬ ਨੂੰ ਸਿਰਫ਼ ਆੜੇ ਦੀ ਆਕੜ ਨਹੀਂ ਚਾਹੀਦੀ। ਪੰਜਾਬ ਨੂੰ ਅਕਲ, ਅਣਖ, ਅਧਿਕਾਰਾਂ ਦੀ ਸਮਝ, ਆਤਮ-ਆਲੋਚਨਾ ਅਤੇ ਇਕਜੁੱਟਤਾ ਚਾਹੀਦੀ ਹੈ। ਪੰਜਾਬ ਨੂੰ ਅਜਿਹੇ ਲੋਕ ਚਾਹੀਦੇ ਹਨ ਜਿਹੜੇ ਸਵਾਲ ਪੁੱਛਣ, ਜਵਾਬ ਮੰਗਣ ਅਤੇ ਆਪਣੇ ਹੱਕਾਂ ਲਈ ਖੜ੍ਹੇ ਹੋਣ।
ਐੜਾ ਸਾਨੂੰ ਅੜਨਾ ਸਿਖਾਉਂਦਾ ਹੈ, ਪਰ ਹਰ ਅੜੀਅਲਪੁਣਾ ਸਿਆਣਪ ਨਹੀਂ ਹੁੰਦਾ। ਅਨਿਆਂ ਅੱਗੇ ਅੜਨਾ ਅਣਖ ਹੈ, ਸੱਚ ਅੱਗੇ ਅੜਨਾ ਹਠ ਹੈ। ਜਿਹੜਾ ਸਮਾਜ ਆਪਣੇ ਅਧਿਕਾਰਾਂ ਲਈ ਅੜਨਾ ਭੁੱਲ ਜਾਂਦਾ ਹੈ, ਉਸ ਦੇ ਹਿੱਸੇ ਫਿਰ ਗੁਲਾਮੀ ਆਉਂਦੀ ਹੈ।
ਆਓ, ਊੜੇ ਤੋਂ ਐੜੇ ਤੱਕ ਦਾ ਸਫ਼ਰ ਸਿਰਫ਼ ਅੱਖਰਾਂ ਦਾ ਨਾ ਰਹੇ, ਇਹ ਸੋਚ ਤੋਂ ਸੰਘਰਸ਼ ਅਤੇ ਸੰਘਰਸ਼ ਤੋਂ ਸਮਾਜਿਕ ਤਬਦੀਲੀ ਦਾ ਸਫ਼ਰ ਬਣੇ।
ਤੁਸੀਂ ਕੀ ਸੋਚਦੇ ਓ ਬਈ?

ਬੁੱਧ ਸਿੰਘ ਨੀਲੋਂ
9464370823
Share this content:



Post Comment