ਬੀਤੇ ਦਿਨ ਸੁਰਖ ਮੰਚ ਵੱਲੋਂ ਪ੍ਰੀਤ ਨਗਰ ਫਗਵਾੜਾ ਵਿਖੇ ਕੀਤਾ ਗਿਆ ਸਟੂਡੀਓ 23 ਮਾਰਚ ਦਾ ਆਗਾਜ਼
ਫਗਵਾੜਾ, 27 ਅਪ੍ਰੈਲ – ਬੀਤੇ ਕੱਲ੍ਹ 26 ਅਪ੍ਰੈਲ 2026 ਨੂੰ ਸੁਰਖ ਮੰਚ ਵੱਲੋਂ ਪ੍ਰੀਤ ਨਗਰ ਫਗਵਾੜਾ ਵਿਖੇ ਸਟੂਡੀਓ 23 ਮਾਰਚ ਦਾ ਅਗਾਜ਼ ਕੀਤਾ ਗਿਆ। ਜਿਸ ਵਿੱਚ ਸਥਾਨਕ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਸਟੂਡੀਓ 23 ਮਾਰਚ ਬਾਰੇ ਦੱਸਦਿਆਂ ਸੁਰਖ ਮੰਚ ਦੇ ਬੁਲਾਰੇ ਨੇ ਦੱਸਿਆ ਕਿ ਸਾਡੀਆਂ ਕਲਾ ਕਿਰਤਾਂ, ਚਾਹੇ ਉਹ ਫਿਲਮਾਂ ਹੋਣ, ਚਾਹੇ ਉਹ ਨਾਟਕ, ਚਾਹੇ ਉਹ ਫੋਟੋਗ੍ਰਾਫੀ ਹੋਵੇ ਉਹਨਾਂ ਦਾ ਅੱਜ ਦੇ ਸਮਾਜ ਵਿੱਚ ਰਹਿੰਦੇ ਹੋਏ ਲੋਕਾਂ ਨਾਲ਼ ਕੋਈ ਰਿਸ਼ਤਾ ਬਣਦਾ ਹੈ। ਉਹਨਾਂ ਦੇ ਦੁੱਖਾਂ ਅਤੇ ਸਮਾਜਿਕ ਦੁਸ਼ਵਾਰੀਆਂ ਨੂੰ ਕਲਾ ਕਿਰਤਾਂ ਨੇ ਸਮੋ ਕੇ ਜੱਗ ਜ਼ਾਹਿਰ ਕਰਨਾ ਹੁੰਦਾ ਹੈ।

ਮੌਜੂਦਾ ਦੌਰ ਵਿੱਚ ਸੱਤਾ ਤੇ ਕਾਬਿਜ਼ ਰਹਿਣ ਲਈ, ਲੋਕਾਂ ਨੂੰ ਲੁੱਟਣ ਵਾਲੀਆਂ ਸਰਕਾਰਾਂ, ਲੋਕਾਂ ਵਿੱਚ ਇੱਕ ਆਮ ਵਿਚਾਰ ਤਿਆਰ ਕਰ ਕੇ ਇਹ ਸਹਿਮਤੀ ਲੈਂਦੀਆਂ ਹਨ ਕੇ ਉਹ ਸਭ ਤੋਂ ਵਧੀਆ ਹਨ ਤਾਂ ਜੋ ਓਹ ਮੁੜ ਸੱਤਾ ਵਿੱਚ ਆ ਸਕਣ ਤੇ ਇਸ ਨੂੰ ਕਰਨ ਲਈ ਸਭ ਵੱਡੇ ਹਥਿਆਰ ਦੇ ਤੌਰ ਤੇ ਮੀਡੀਆ ਤੇ ਫਿਲਮਾਂ ਨੂੰ ਵਰਤਦੀਆਂ ਹਨ। ਇਹ ਵਿਚਾਰ ਸਰਕਾਰਾਂ ਲੋਕਾਂ ਦੇ ਮਨਾਂ ਵਿੱਚ ਪਾਉਂਦੀਆਂ ਹਨ ਕਿ ਇਹ ਸਿਸਟਮ ਠੀਕ ਚੱਲ ਰਿਹਾ ਹੈ ਅਤੇ ਅਜਿਹਾ ਹੀ ਚੱਲਣਾ ਚਾਹੀਦਾ ਹੈ ,ਉਸਦੇ ਉਲਟ ਸੁਰਖ ਮੰਚ ਇਹ ਅਹਿਦ ਕਰਦਾ ਹੈ ਕਿ ਉਹ ਲੋਕਾਂ ਨੂੰ ਹਕੀਕਤ ਨਾਲ਼ ਜਾਣੂ ਕਰਵਾਵੇਗਾ ਅਤੇ ਕਲਾ ਸਾਹਿਤ ਰਾਹੀਂ ਲੋਕਾਂ ਨੂੰ ਆਪਣੇ ਆਲੇ -ਦੁਆਲੇ ਬਾਰੇ ਸੋਚਣ ਲਾਵੇਗਾ। ਜਿਸ ਚਿੰਤਨ ਨਾਲ਼ ਭਗਤ ਸਿੰਘ ਲੋਕਾਂ ਨੂੰ ਜੋੜਨਾ ਚਾਹੁੰਦਾ ਸੀ ਉਸ ਨਾਲ਼ ਲੋਕਾਂ ਨੂੰ ਜੋੜਦਾ ਰਹੇਗਾ ।

ਇਸ ਕਾਰਜ ਨੂੰ ਕਰਨ ਦੇ ਲਈ ਆਪਣੇ ਅਗਲੇਰੇ ਕਦਮਾਂ ਨੂੰ ਪੁੱਟਦੇ ਹੋਏ ਸਟੂਡੀਓ 23 ਮਾਰਚ ਨੂੰ ਵਰਤਦੇ ਹੋਏ, ਛੋਟੀਆਂ ਫਿਲਮਾਂ,ਕਵਿਤਾਵਾਂ ਦੀ ਫ਼ਿਲਮੀ ਪੇਸ਼ਕਾਰੀ, ਫੋਟੋ ਪ੍ਰਦਰਸ਼ਨੀ ਅਤੇ ਨਾਟਕਾਂ ਰਾਹੀਂ ਆਪਣੀ ਗੱਲ ਲੋਕਾਂ ਤੀਕ ਲੈ ਕੇ ਜਾਂਦਾ ਰਹੇਗਾ। ਇਸ ਪ੍ਰੋਗਰਾਮ ਵਿੱਚ ਪਰਵਿੰਦਰਜੀਤ ਸਿੰਘ, ਗੁਰਮੀਤ ਸਿੰਘ ਪਲਾਹੀ, ਅਧਿਆਪਕ ਭਲਾਈ ਕਮੇਟੀ, ਸ਼ੇਖਰ ਭਨੋਟ ਲਾਇਬ੍ਰੇਰੀ, ਪਰਵਾਜ਼ ਥੀਏਟਰ,ਅੱਜ ਦਾ ਪੰਜਾਬ ਅਖ਼ਬਾਰ ਸੰਸਥਾਵਾਂ ਦੇ ਬੁਲਾਰਿਆਂ ਅਤੇ ਕਵਿੱਤਰੀਆਂ ਜਸਵਿੰਦਰ ਫਗਵਾੜਾ, ਨਰਿੰਦਰ ਪਾਲ ਨੇ ਆਪਣੀ ਗੱਲ ਰੱਖਦਿਆਂ ਮੰਚ ਦੀ ਹੌਸਲਾ ਅਫ਼ਜਾਈ ਕੀਤੀ।
Share this content:



Post Comment