ਬਿਹਾਰ ਦੇ ਮੁਸਲਮਾਨਾਂ ਦਾ ਮੂਡ
ਬਿਹਾਰ ਦੇ ਸੀਮਾਂਚਲ ਦੇ ਚਾਰ ਮੁਸਲਮ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਪੂਰਨੀਆ, ਕਿਸ਼ਨਗੰਜ, ਅਰਰੀਆ ਤੇ ਕਟਿਹਾਰ ਇਸ ਵਾਰ ਬਿਹਾਰ ਦੀ ਸਿਆਸਤ ਬਦਲ ਸਕਦੇ ਹਨ। ਕਹਿਣ ਨੂੰ ਤਾਂ ਇੱਥੇ 243 ਮੈਂਬਰੀ ਅਸੈਂਬਲੀ ਦੀਆਂ 24 ਸੀਟਾਂ ਹੀ ਹਨ, ਪਰ ਜੇ ਇਹ ਇੱਕ ਪਾਸੇ ਚਲੇ ਗਈਆਂ ਤਾਂ ਵੱਡੀ ਖੇਡ ਹੋ ਸਕਦੀ ਹੈ। ਇੱਥੋਂ ਦੇ ਮੁਸਲਮਾਨ ਕਹਿ ਰਹੇ ਹਨ ਕਿ ਜੇ ਮਹਾਂ-ਗੱਠਬੰਧਨ ਮਲਾਹਾਂ ਤੇ ਮੱਛੀਆਂ ਫੜਨ ਵਾਲਿਆਂ ਦੇ ਆਗੂ ਮੁਕੇਸ਼ ਸਾਹਨੀ ਨੂੰ ਉਪ ਮੁੱਖ ਮੰਤਰੀ ਐਲਾਨਣ ਦੇ ਨਾਲ ਕਿਸੇ ਮੁਸਲਮ ਨੂੰ ਵੀ ਉਪ ਮੁੱਖ ਮੰਤਰੀ ਐਲਾਨ ਦਿੰਦਾ ਤਾਂ ਉਸ ਨੂੰ ਭਾਰੀ ਸਫਲਤਾ ਮਿਲ ਸਕਦੀ ਸੀ, ਤਾਂ ਵੀ ਇਸ ਵਾਰ ਮੁਸਲਮਾਨ ਮੋਦੀ-ਸ਼ਾਹ ਵੱਲੋਂ ਉਨ੍ਹਾਂ ਨੂੰ ਘੁਸਪੈਠੀਏ ਗਰਦਾਨਣ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਖਾਮੋਸ਼ੀ ਕਾਰਨ ਉਨ੍ਹਾ ਦੇ ਜਨਤਾ ਦਲ (ਯੂ) ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਜਾਪਦੇ ਹਨ। ਇਸ ਨਾਲ ਕਾਂਗਰਸ ਨੂੰ ਬੜ੍ਹਤ ਮਿਲ ਸਕਦੀ ਹੈ।
ਪਿਛਲੀਆਂ ਅਸੰਬਲੀ ਚੋਣਾਂ ਵਿੱਚ ਓਵੈਸੀ ਦੀ ਪਾਰਟੀ ਪੰਜ ਸੀਟਾਂ ਲੈਣ ਵਿੱਚ ਸਫਲ ਹੋ ਗਈ ਸੀ, ਜਿਹੜੀਆਂ ਰਾਜਦ ਤੇ ਕਾਂਗਰਸ ਦੇ ਖਾਤੇ ਵਿੱਚ ਜਾ ਸਕਦੀਆਂ ਸਨ। ਓਵੈਸੀ ਦੀ ਖੇਡ ਵਿੱਚ ਫਸ ਕੇ ਬਹੁਤੇ ਮੁਸਲਮਾਨ ਉਸ ਨਾਲ ਚਲੇ ਗਏ ਸਨ। ਉਨ੍ਹਾਂ ਦੇ ਮਨ ਵਿੱਚ ਇਹ ਵੀ ਸੀ ਕਿ ਜੇ ਓਵੈਸੀ ਦੀ ਪਾਰਟੀ ਦੀ ਤਾਕਤ ਵਧੇਗੀ ਤਾਂ ਸੱਤਾ ਦਾ ਤੋਲ ਹੱਥ ਵਿੱਚ ਆ ਸਕਦਾ ਹੈ, ਪਰ ਐਤਕੀਂ ਇਸ ਤਰ੍ਹਾਂ ਦੀ ਖੇਡ ਦੀ ਗੁੰਜਾਇਸ਼ ਨਹੀਂ, ਕਿਉਕਿ ਮੁਸਲਮਾਨ ਸਮਝ ਰਹੇ ਹਨ ਕਿ ਓਵੈਸੀ ਸਰਕਾਰ ਬਣਾਉਣ ਦੀ ਹੈਸੀਅਤ ਨਹੀਂ ਰੱਖਦੇ ਅਤੇ ਅਜਿਹੇ ਵਿੱਚ ਵੋਟਾਂ ਦੀ ਵੰਡ ਮਹਾਂ-ਗੱਠਬੰਧਨ ਲਈ ਮਾਰੂ ਸਾਬਤ ਹੋਵੇਗੀ ਤੇ ਭਾਜਪਾ ਮੁੜ ਸੱਤਾ ਵਿੱਚ ਆ ਜਾਵੇਗੀ। ਜਿਹੜੀ ਸਥਿਤੀ ਬਣ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਜਨਤਾ ਦਲ (ਯੂ) ਨੂੰ ਪਿਛਲੀ ਵਾਰ ਜਿੰਨੀਆਂ ਸੀਟਾਂ ਨਹੀਂ ਮਿਲਣਗੀਆਂ। ਮੁਸਲਮਾਨ ਵਕਫ ਕਾਨੂੰਨ ’ਤੇ ਨਿਤੀਸ਼ ਦੀ ਚੁੱਪੀ ਤੋਂ ਹੈਰਾਨ ਹਨ ਤੇ ਮੰਨਦੇ ਹਨ ਕਿ ਜਨਤਾ ਜਲ (ਯੂ) ਨਾਲ ਜਾਣਾ ਭਾਜਪਾ ਦੇ ਏਜੰਡੇ ਨੂੰ ਹੀ ਕਾਮਯਾਬ ਕਰਨਾ ਹੋਵੇਗਾ। ਪਿਛਲੀ ਵਾਰ ਓਵੈਸੀ ਨੇ ਪੰਜ ਸੀਟਾਂ ਜਿੱਤੀਆਂ ਸਨ, ਜਦਕਿ 12 ਸੀਟਾਂ ਐੱਨ ਡੀ ਏ ਦੇ ਹੱਥ ਲੱਗੀਆਂ ਸਨ। ਇਨ੍ਹਾਂ ਵਿੱਚ 8 ਭਾਜਪਾ ਤੇ 4 ਜਨਤਾ ਦਲ (ਯੂ) ਦੀ ਝੋਲੀ ਪਈਆਂ ਸਨ। ਮਹਾਂ-ਗੱਠਬੰਧਨ ਨੇ 7 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚ ਕਾਂਗਰਸ ਦੇ ਪੱਲੇ 5 ਅਤੇ ਰਾਜਦ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਪੱਲੇ ਇੱਕ-ਇੱਕ ਸੀਟ ਪਈ ਸੀ। ਮੈਦਾਨ ਵਿੱਚ ਪਹਿਲੀ ਵਾਰ ਉਤਰੀ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਬਾਰੇ ਮੁਸਲਮਾਨਾਂ ਦੀ ਸੋਚ ਹੈ ਕਿ ਉਸ ਦੇ ਮੁੱਦੇ ਸਹੀ ਹਨ, ਪਰ ਪਾਰਟੀ ਨਵੀਂ ਹੈ ਤੇ ਉਸ ਨੂੰ ਪਰਖਣ ਦੀ ਲੋੜ ਹੈ।
2022 ਦੀ ਜਾਤੀ ਜਨਗਣਨਾ ਮੁਤਾਬਕ ਬਿਹਾਰ ਵਿੱਚ 2 ਕਰੋੜ 30 ਲੱਖ ਤੋਂ ਵੱਧ ਮੁਸਲਮਾਨ ਹਨ, ਜਿਹੜੇ ਕੁਲ ਆਬਾਦੀ ਦਾ ਲਗਭਗ 17.70 ਫੀਸਦੀ ਬਣਦੇ ਹਨ। ਬਹੁਤੇ ਖੇਤ ਮਜ਼ਦੂਰੀ ਕਰਦੇ ਹਨ ਅਤੇ ਜਿਹੜੇ ਕਿਸਾਨ ਹਨ, ਉਹ ਵੀ ਬਹੁਤੇ ਛੋਟੀਆਂ ਜੋਤਾਂ ਵਾਲੇ ਹਨ। ਕਮਿਊਨਿਸਟ ਪਾਰਟੀਆਂ ਇਨ੍ਹਾਂ ਵਿੱਚ ਕਾਫੀ ਕੰਮ ਕਰਦੀਆਂ ਹਨ। ਭਿ੍ਰਸ਼ਟਾਚਾਰ, ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਇਲਾਵਾ ਵਕਫ ਕਾਨੂੰਨ ’ਤੇ ਨਿਤੀਸ਼ ਦੀ ਚੁੱਪੀ ਇਨ੍ਹਾਂ ਮਿਹਨਤਕਸ਼ ਮੁਸਲਮਾਨਾਂ ਨੂੰ ਸਰਕਾਰ ਬਦਲਣ ਦੇ ਰਾਹ ਵੱਲ ਤੋਰ ਰਹੀ ਹੈ। ਹੁਣ ਤੱਕ ਨਿਤੀਸ਼ ਦਾ ਸਾਥ ਦਿੰਦੇ ਆ ਰਹੇ ਮੁਸਲਮਾਨ ਕਹਿ ਰਹੇ ਹਨ ਕਿ ਨਿਤੀਸ਼ ਨੇ ਵਿਕਾਸ ਤਾਂ ਕੀਤਾ, ਪਰ ਉਨ੍ਹਾ ਦੀ ਸਰਕਾਰ ਭਾਜਪਾ ਦੇ ਦਬਾਅ ਵਿਚ ਆ ਕੇ ਰਾਹ ਭਟਕ ਗਈ। ਰਾਹੁਲ ਗਾਂਧੀ ਬਾਰੇ ਵੀ ਮੁਸਲਮਾਨ ਕਹਿ ਰਹੇ ਹਨ ਕਿ ਉਹ ਤੱਥਾਂ ਦੇ ਆਧਾਰ ’ਤੇ ਗੱਲ ਕਰਦੇ ਹਨ ਤੇ ਸੈਕੂਲਰ ਹਨ, ਜਾਤੀਵਾਦੀ ਨਹੀਂ।
Share this content:



Post Comment