Loading Now

ਬਿਹਾਰ ਅਜੇ ਹੋਰ ਹੈਰਾਨ ਕਰੇਗਾ

ਬਿਹਾਰ ਅਜੇ ਹੋਰ ਹੈਰਾਨ ਕਰੇਗਾ

ਬਿਹਾਰ ਅਸੈਂਬਲੀ ਚੋਣਾਂ ਵਿੱਚ ਐੱਨ ਡੀ ਏ ਦੀ ਜ਼ਬਰਦਸਤ ਜਿੱਤ ਨੇ ਉਨ੍ਹਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ, ਜਿਹੜੇ ਜਿੱਤ ਬਾਰੇ ਤਾਂ ਆਸਵੰਦ ਸਨ, ਪਰ ਉਨ੍ਹਾਂ ਇਹ ਨਹੀਂ ਸੋਚਿਆ ਸੀ ਕਿ ਜਿੱਤ ਦਾ ਫਰਕ ਏਨਾ ਹੋਵੇਗਾ। ਦਰਅਸਲ ਇਹ ਚੋਣਾਂ ਇੱਕ ਤੋਂ ਵੱਧ ਹੈਰਾਨੀ ਵਾਲੀਆਂ ਚੋਣਾਂ ਸਾਬਤ ਹੋਈਆਂ ਹਨ। 243 ਵਿੱਚੋਂ 202 ਸੀਟਾਂ ਜਿੱਤਣ ਵਾਲੇ ਐੱਨ ਡੀ ਏ ਦੀ ਲੀਡ ਉਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਦੇਖਣ ਨੂੰ ਮਿਲੀ, ਜਿਨ੍ਹਾਂ ਨੂੰ ਆਪੋਜ਼ੀਸ਼ਨ ਦਾ ਗੜ੍ਹ ਸਮਝਿਆ ਜਾਂਦਾ ਸੀ। 174 ਸੀਟਾਂ ’ਤੇ ਜਿੱਤ ਦਾ ਫਰਕ ਵੋਟਰ ਲਿਸਟਾਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਦੌਰਾਨ ਕੱਟੇ ਗਏ ਨਾਵਾਂ ਨਾਲੋਂ ਘੱਟ ਰਿਹਾ। ਆਪੋਜ਼ੀਸ਼ਨ ਨੇ 2020 ਵਿੱਚ ਜਿਹੜੀਆਂ 91 ਸੀਟਾਂ ਜਿੱਤੀਆਂ ਸਨ, ਉਨ੍ਹਾਂ ਵਿੱਚੋਂ 75 ਐੱਨ ਡੀ ਏ ਜਿੱਤ ਗਿਆ ਤੇ ਮਹਾਂ-ਗੱਠਬੰਧਨ ਸਿਰਫ 15 ਜਿੱਤ ਸਕਿਆ, ਜਦਕਿ ਇੱਕ ਸੀਟ ਇੱਕ ਨਿੱਕੀ ਪਾਰਟੀ ਲੈ ਗਈ। ਭਾਜਪਾ ਨੇ ਕੁਰਹਾਨੀ ਸੀਟ ਸਿਰਫ 616 ਵੋਟਾਂ ਦੇ ਫਰਕ ਨਾਲ ਖੋਹੀ, ਜਦਕਿ ਵੋਟਰ ਲਿਸਟਾਂ ਵਿੱਚੋਂ 24 ਹਜ਼ਾਰ ਵੋਟਰਾਂ ਦੇ ਨਾਂਅ ਕੱਟ ਦਿੱਤੇ ਗਏ ਸਨ। ਜਨਤਾ ਦਲ (ਯੂ) ਨੇ ਸੰਦੇਸ਼ ਸੀਟ 27 ਵੋਟਾਂ ਦੇ ਫਰਕ ਨਾਲ ਖੋਹੀ, ਜਦਕਿ ਇੱਥੇ 25682 ਵੋਟਰਾਂ ਦੇ ਨਾਂਅ ਕੱਟ ਦਿੱਤੇ ਗਏ ਸਨ। ਕਾਂਗਰਸ ਦਾ ਦਾਅਵਾ ਹੈ ਕਿ ਐੱਨ ਡੀ ਏ ਨੇ 128 ਸੀਟਾਂ ਵੋਟਰਾਂ ਦੇ ਨਾਂਅ ਕੱਟੇ ਜਾਣ ਕਾਰਨ ਜਿੱਤੀਆਂ ਹਨ। ਇਸ ਦਾ ਸਿਹਰਾ ਮੁੱਖ ਚੋਣ ਕਮਿਸ਼ਨਰ ਨੂੰ ਜਾਂਦਾ ਹੈ!

ਇਹ ਤੱਥ ਵੀ ਹੈਰਾਨ ਕਰਨ ਵਾਲਾ ਹੈ ਕਿ ਭਾਜਪਾ ਦੀਆਂ 20.08 ਫੀਸਦੀ ਦੇ ਮੁਕਾਬਲੇ ਰਾਸ਼ਟਰੀ ਜਨਤਾ ਦਲ ਨੇ 23 ਫੀਸਦੀ ਵੋਟਾਂ ਹਾਸਲ ਕੀਤੀਆਂ, ਪਰ ਉਸ ਦੇ ਹੱਥ ਸਿਰਫ 25 ਸੀਟਾਂ ਲੱਗੀਆਂ, ਜਦਕਿ ਭਾਜਪਾ ਸਭ ਤੋਂ ਵੱਧ 89 ਸੀਟਾਂ ਜਿੱਤ ਗਈ। ਕਾਂਗਰਸ ਨੇ 2015 ਵਿੱਚ 6.66 ਫੀਸਦੀ ਵੋਟਾਂ ਨਾਲ 27 ਸੀਟਾਂ ਜਿੱਤੀਆਂ ਸਨ, ਪਰ ਐਤਕੀਂ 8.71 ਫੀਸਦੀ ਵੋਟਾਂ ਲੈ ਕੇ ਵੀ ਸਿਰਫ 6 ਸੀਟਾਂ ਜਿੱਤ ਸਕੀ। ਆਲ ਇੰਡੀਆ ਮਜਲਿਸ-ਏ-ਇਤਿਹਾਦੁੱਲ ਮੁਸਲਮੀਨ ਸਿਰਫ 1.85 ਫੀਸਦੀ ਵੋਟਾਂ ਨਾਲ 5 ਸੀਟਾਂ ਜਿੱਤ ਗਈ। ਭਵਿੱਖ ਵਿੱਚ ਬਿਹਾਰ ਹੋਰ ਵੀ ਹੈਰਾਨ ਕਰ ਸਕਦਾ ਹੈ। ਜਿੱਤ ਦਾ ਜਸ਼ਨ ਭਾਜਪਾ ਨੇ ਢੋਲ-ਢਮੱਕਿਆਂ ਨਾਲ ਮਨਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿੱਚ ਸ਼ਾਮਲ ਹੋਏ।

ਇਸ ਦੇ ਉਲਟ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਟਨਾ ਸਥਿਤ ਕੋਠੀ ’ਚ ਜਸ਼ਨ ਨਜ਼ਰ ਨਹੀਂ ਆਇਆ। ਉਨ੍ਹਾ ਦੀ ਕੋਠੀ ’ਚ ਵੀ ਨਾਲ ਲਗਦੀ ਲਾਲੂ ਪ੍ਰਸਾਦ ਦੀ ਕੋਠੀ ਵਰਗੀ ਬੇਰੌਣਕੀ ਨਜ਼ਰ ਆਈ ਹੈ। ਐੱਨ ਡੀ ਏ ਵੱਲੋਂ ਅਜੇ ਇਹ ਐਲਾਨ ਨਹੀਂ ਕੀਤਾ ਗਿਆ ਕਿ ਨਿਤੀਸ਼ ਕੁਮਾਰ ਮੁੱਖ ਮੰਤਰੀ ਵਜੋਂ ਕਦੋਂ ਸਹੁੰ ਚੁੱਕਣਗੇ। ਮਹਾਰਾਸ਼ਟਰ ਵਿੱਚ ਭਾਜਪਾ ਨੇ ਸ਼ਿਵ ਸੈਨਾ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਸਨ, ਪਰ ਨਤੀਜਿਆਂ ਤੋਂ ਬਾਅਦ ਉਨ੍ਹਾ ਨੂੰ ਉਪ ਮੁੱਖ ਮੰਤਰੀ ਬਣਨ ਲਈ ਮਜਬੂਰ ਕਰ ਦਿੱਤਾ ਸੀ। ਮਹਾਰਾਸ਼ਟਰ ਵਾਂਗ ਬਿਹਾਰ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਅਤੇ ਉਹ ਚਾਹੇ ਤਾਂ ਆਪੋਜ਼ੀਸ਼ਨ ਵਿੱਚ ਭੰਨਤੋੜ ਕਰਕੇ ਨਿਤੀਸ਼ ਤੋਂ ਬਿਨਾਂ ਵੀ ਸਰਕਾਰ ਬਣਾ ਸਕਦੀ ਹੈ। ਹਾਲ ਦੀ ਘੜੀ ਉਹ ਨਿਤੀਸ਼ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ, ਪਰ ਹੈਰਾਨੀ ਨਹੀਂ ਹੋਵੇਗੀ ਜੇ ਕੁਝ ਮਹੀਨਿਆਂ ਬਾਅਦ ਹੇਠੋਂ ਕੁਰਸੀ ਖਿੱਚ ਲਵੇ। ਇਸ ਲਈ ਉਹ ਨਿਤੀਸ਼ ਦੀ ਪਾਰਟੀ ਨੂੰ ਵੀ ਤੋੜ ਸਕਦੀ ਹੈ।

Share this content:

Post Comment