ਬਾਬਾ ਸ਼ੇਖ਼ ਫ਼ਰੀਦ ਮੇਲੇ ਨੂੰ ਚਿਤਵਦਿਆਂ
ਪੰਜਾਬੀ ਦੇ ਆਦਿ ਕਵੀ ਅਤੇ ਬਾਰਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਦੀ ਯਾਦ ਵਿਚ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਸਾਂਝੀਵਾਲਤਾ ਦੀ ਬੇਮਿਸਾਲ ਤਸਵੀਰ ਪ੍ਰਸਤੁਤ ਕਰਦਾ ਹੈ। ਬਾਬਾ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ, ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਤੇ ਸੰਦੇਸ਼ ਬਾਰੇ ਇਸ ਸੰਖੇਪ ਨਿਬੰਧ ਵਿਚ ਗੱਲ ਕਰਨੀ ਅਸੰਭਵ ਜਾਪਦੀ ਹੈ। ਇੱਥੇ ਬਾਬਾ ਜੀ ਦੇ ਸਲੋਕਾਂ ਦੀ ਵਿਆਖਿਆ ਕਰਨੀ ਵੀ ਸੂਰਜ ਨੂੰ ਦੀਵਾ ਵਿਖਾਉਣ ਦੇ ਤੁੱਲ ਹੋਵੇਗਾ। ਮੈਨੂੰ ਇਕ ਮੇਲੀ ਦੇ ਰੂਪ ਵਿਚ ਸ਼ੇਖ਼ ਫ਼ਰੀਦ ਜੀ ਦੇ ਮੇਲੇ ਵਿਚ ਟਹਿਲਦਿਆਂ ਕੁਝ ਯਾਦਾਂ ਝੁਰਮਟ ਪਾ ਰਹੀਆਂ ਨੇ।
ਮੇਰੇ ਵਰਗੇ ਕਈਆਂ ਦਾ ਬਚਪਨ ਬਾਬਾ ਫ਼ਰੀਦ ਜੀ ਦੇ ਮੇਲੇ ਵਿਚ ਵਿਚਰਦਿਆਂ ਬੀਤਿਆ ਹੈ। ਅੱਜ ਤੋਂ ਲਗਪਗ ਚਾਰ ਦਹਾਕੇ ਪਹਿਲਾਂ ਉਸ ਵੇਲੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਸਿੱਧੂ ਤੇ ਸੇਖੋਂ ਇੰਦਰਜੀਤ ਸਿੰਘ ਖ਼ਾਲਸਾ ਵਰਗੀਆਂ ਹਸਤੀਆਂ ਤੇ ਉਨਾਂ ਦੇ ਸਾਥੀਆਂ ਵੀਰ ਸਿੰਘ ਤੇ ਕੋਹਲੀ ਸਹਿਬ ਦੀ ਸੋਚ ਤੇ ਸ਼ੁਰੂਆਤ ਨੂੰ ਅੱਜ ਵੀ ਸਿਜਦਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਬਾਬਾ ਜੀ ਦੀ ਯਾਦ ਵਿਚ ਜੋਤ ਜਗਾਈ ਜੋ ਲਟ-ਲਟ ਬਲਦੀ ਮਸ਼ਾਲ ਬਣੀ ਹੋਈ ਹੈ। ਇਹ ਮੇਲਾ ਫ਼ਰੀਦਕੋਟ ਸ਼ਹਿਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਇਕ ਸ਼ਾਨਾਂਮੱਤਾ ਵਿਰਸਾ ਤੇ ਗੌਰਵ ਬਣ ਗਿਆ ਹੈ। ਹੁਣ ਇਹ ਮੇਲਾ ਕੌਮੀ ਪੱਧਰ ’ਤੇ ਮਨਾਇਆ ਜਾਂਦਾ ਹੈ। ਭਾਰਤ ਦੇ ਕਈ ਸੂਬਿਆਂ ਵਿੱਚੋਂ ਤੇ ਦੇਸ਼-ਵਿਦੇਸ਼ੋਂ ਵੀ ਸੰਗਤ ਖ਼ੂਬ ਆਉਂਦੀ ਹੈ।
ਉੱਨੀ ਤੋਂ 23 ਸਤੰਬਰ ਤੀਕ ਮੇਲਾ ਸਮਾਜਿਕ ਤੇ ਸਰਕਾਰੀ ਤੌਰ ਉੱਤੇ ਤਿੰਨ ਰੋਜ਼ਾ ਹੁੰਦਾ ਹੈ ਪਰ ਤਿੰਨ ਦਿਨ ਬੀਤਣ ਤੋਂ ਬਾਅਦ ਫਿਰ ਵੀ ਕਈ-ਕਈ ਦਿਨ ਚੱਲਦਾ ਰਹਿੰਦਾ ਹੈ। ਸੰਨ 2019-20 ਵਿਚ ਤਾਂ ਹਫ਼ਤਾ ਭਰ ਮੇਲਾ ਭਰਿਆ ਰਿਹਾ। ਇਸ ਵਿਚ ਵੰਨ-ਸੁਵੰਨੀਆਂ ਖੇਡਾਂ, ਕੁਸ਼ਤੀ ਦੰਗਲ ਤੇ ਕਬੱਡੀ ਦੇ ਮੈਚ ਹੁੰਦੇ ਹਨ। ਪੰਘੂੜੇ, ਚੰਡੋਲ ਤੇ ਸਰਕਸਾਂ ਲੱਗਦੀਆਂ ਹਨ। ਕਿਧਰੇ ਕਵੀ ਦਰਬਾਰ ਤੇ ਕਿਤੇ ਕੀਰਤਨ ਦਰਬਾਰ ਹੁੰਦੇ ਹਨ। ਭੰਗੜੇ, ਨਾਚ ਤੇ ਵੱਖ-ਵੱਖ ਲੋਕ ਕਲਾਵਾਂ ਦੇ ਖ਼ੂਬਸੂਰਤ ਰੰਗ ਦੇਖਣ ਨੂੰ ਮਿਲਦੇ ਹਨ। ਸਰਕਾਰੀ ਬਰਜਿੰਦਰਾ ਕਾਲਜ ਵਿਚ ਵਿਸ਼ਾਲ ਪੁਸਤਕ ਮੇਲਾ ਤੇ ਲੇਖਕਾਂ-ਪਾਠਕਾਂ ਦੀਆਂ ਗਲਵਕੜੀਆਂ, ਮਿਲਣੀਆਂ ਮੁਲਾਕਾਤਾਂ ਹੁੰਦੀਆਂ ਹਨ। ਕਿਤੇ ਗਾਇਨ ਕਲਾ ਦੇ ਰੰਗ ਤੇ ਸਟੇਡੀਅਮ ਵਿਚ ਕਿਸੇ ਗਾਇਕ ਦਾ ਖੁੱਲ੍ਹਾ ਅਖਾੜਾ ਲੱਗਦਾ ਹੈ।
ਤਰਕਸ਼ੀਲਾਂ, ਬਾਜੀਗਰਾਂ ਤੇ ਜਾਦੂਗਰਾਂ ਦੇ ਵਿਲੱਖਣ ਕਰਤੱਬ ਦੇਖਣ ਨੂੰ ਮਿਲਦੇ ਹਨ। ਕਿਤੇ ਬਾਬਾ ਜੀ ਦੀ ਬਾਣੀ ’ਤੇ ਸੈਮੀਨਾਰ, ਕਿਤੇ ਸ਼ਬਦ ਗਾਇਨ ਮੁਕਾਬਲੇ ਤੇ ਕਿਤੇ ਸ਼ਖ਼ਸੀਅਤਾਂ ਦੇ ਸਨਮਾਨ ਸਮਾਰੋਹ ਹੁੰਦੇ ਹਨ ਤੇ ਸ਼ੁਰੂਆਤ ਅਤੇ ਸਮਾਪਤੀ ਉੱਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਕਿਧਰੇ ਕੱਵਾਲੀਆਂ ਗਾ ਰਹੇ ਕੱਵਾਲਾਂ ਦੀਆਂ ਹੇਕਾਂ ਤੇ ਹੂਕਾਂ ਸੁਣਨ ਨੂੰ ਮਿਲਦੀਆਂ ਹਨ। ਬੜੀ ਸ਼ਰਧਾ ਨਾਲ ਤਰ੍ਹਾਂ-ਤਰ੍ਹਾਂ ਦੇ ਲੰਗਰਾਂ ਲੱਗਦੇ ਹਨ। ਕਹਿਣ ਤੋਂ ਭਾਵ, ਬਾਬਾ ਫ਼ਰੀਦ ਜੀ ਦੀ ਮਹਾਨ ਸ਼ਖ਼ਸੀਅਤ ਨੂੰ ਹਰ ਜ਼ਾਵੀਏ ਤੋਂ ਜਾਣਨ ਦਾ ਅਵਸਰ ਪ੍ਰਦਾਨ ਹੁੰਦਾ ਹੈ। ਲਗਪਗ ਹਰੇਕ ਮੇਲੇ ਵਿਚ ਜਾਣਾ ਤਤਕਾਲੀ ਮੁੱਖ ਮੰਤਰੀ ਆਪਣਾ ਸੁਭਾਗ ਸਮਝਦਾ ਹੈ। ਇਕ ਚੰਗੀ ਰਵਾਇਤ ਬਣ ਚੁੱਕੀ ਹੈ। ਕਿਸੇ ਸਮੇਂ ਸਿਧਾਰਥ ਸ਼ੰਕਰ ਰੇਅ ਵਰਗੇ ਗਵਰਨਰ ਵੀ ਮੇਲੇ ਦੀ ਸ਼ਾਨ ਬਣਦੇ ਰਹੇ। ਹੌਲੀ-ਹੌਲੀ ਸ਼ੇਖ਼ ਫ਼ਰੀਦ ਉਦਾਸ ਹੋਣ ਲੱਗਿਆ। ਬਾਬਾ ਜੀ ਦੀ ਉਦਾਸੀ ਦੇ ਅਣਗਿਣੇ ਤੇ ਅਣਕਿਆਸੇ ਕਾਰਨ ਹਨ।
ਫਿਰ ਮੇਲੇ ਦੇ ਪ੍ਰਬੰਧਕ ਆਪੋ ਵਿਚ ਪਾਟਣ ਲੱਗੇ ਸਨ। ਧੜੇ ਬਣ ਗਏ। ਬਾਬਾ ਜੀ ਦੀ ਬਾਣੀ ਤੇ ਸੁਨੇਹੇ ਅਣਡਿੱਠ ਹੋਣ ਲੱਗੇ। ਇਸ ਸਭ ਕਾਰਨ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਣ ਲੱਗੀ ਹੈ ਪਰ ਮੇਲਾ ਹੁੰਦਾ ਰਿਹਾ ਤੇ ਹੁੰਦਾ ਰਹੇਗਾ। ਬਾਬਾ ਫ਼ਰੀਦ ਜੀ ਦੀ ਬਾਣੀ ਮਹਾਨ ਹੈ। ਬਾਬਾ ਤਾਂ ਮਨੁੱਖ ਨੂੰ ਨਿਵ ਕੇ ਤੇ ਡਰ ਕੇ ਰੱਬ ਦਾ ਨਾਂ ਜਪਣ ਲਈ ਆਖਦੇ ਨੇ। ਬਾਬਾ ਜੀ ਤਾਂ ਕਹਿੰਦੇ ਕਿ ਜੋ ਕੋਈ ਤੁਹਾਡੇ ਮੁੱਕੇ ਮਾਰਦਾ ਹੈ, ਤੁਸੀਂ ਘਰ ਆਉਣ ਉੱਤੇ ਉਸ ਦੇ ਪੈਰ ਚੁੰਮੋ (ਫਰੀਦਾ ਜੋ ਤੈ ਮਾਰਨਿ ਮੁਕੀਆ ਤਿਨਾ ਨਾ ਮਾਰੇ ਘੁੰਮਿ।। ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।।) ਬਾਬਾ ਫ਼ਰੀਦ ਮਨੁੱਖ ਨੂੰ ਨਦੀ ਕਿਨਾਰੇ ਖੜ੍ਹੇ ਓਸ ਰੁੱਖੜੇ ਵਾਂਗ ਮੰਨਦੇ ਨੇ ਜੋ ਛੱਲ ਆਉਣ ਉੱਤੇ ਰੁੜ੍ਹ ਜਾਏਗਾ। ਬਾਬਾ ਜੀ ਪ੍ਰਭੂ ਸਿਮਰਨ ਤੇ ਉਸ ਦੇ ਨਾਲ ਇਕਮਿਕ ਹੋਣ, ਸਾਦਾ ਜੀਵਨ ਜਿਉਣ ਤੇ ਰੁੱਖੀ-ਸੁੱਕੀ ਖਾ ਕੇ ਠੰਢਾ ਪਾਣੀ ਪੀਣ ਦਾ ਸੰਦੇਸ਼ਾ ਦੇ ਰਹੇ ਹਨ।
ਉਹ ਘੋਰ ਕਲਯੁੱਗ ਵਿਚ ਵਰਤ ਰਹੇ ਕਲੇਸ਼ ਨੂੰ ਘਰ-ਘਰ ਦੀ ਅੱਗ ਕਹਿੰਦੇ ਹੋਏ ਮਨੁੱਖ ਨੂੰ ਦੱਸ ਦਿੰਦੇ ਹਨ ਕਿ ਮੈਂ ਇਕੱਲਾ ਹੀ ਨਹੀਂ, ਇੱਥੇ ਸਭ ਸੰਸਾਰ ਦੁਖੀਆ ਹੈ ਤੇ ਘਰ-ਘਰ ਇਹੋ ਅੱਗ ਫੈਲੀ ਹੋਈ ਹੈ। ਬਾਬਾ ਜੀ ਬੁਰੇ ਦਾ ਭਲਾ ਕਰਨ ਤੇ ਆਪਣੇ ਮਨੋਂ ਗੁੱਸਾ ਕੱਢਣ ਲਈ ਮਨੁੱਖ ਨੂੰ ਵਾਰ ਵਾਰ ਆਖਦੇ ਹਨ ਪਰ ਅਜੋਕੀ ਕਹਾਣੀ ਕਥਾ ਤੇ ਸਾਡੀ ਸੋਚ, ਵਿਵਹਾਰ ਹੋਰ ਪਾਸੇ ਤੁਰੀ ਜਾ ਰਹੇ ਹਨ। ਖ਼ੈਰ! ਮੇਲੇ ਦੀ ਗੱਲ ਵੱਲ ਮੁੜਦਾ ਹਾਂ। ਇਸ ਵਾਰ ਮੇਲੇ ਦੇ ਸੁੱਘੜ ਸਿਆਣੇ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਨੇਕ ਸੋਚ ਸੋਚੀ ਹੈ ਕਿ ਇਕ ਪਾਸੇ ਅੱਧੇ ਤੋਂ ਵੱਧ ਪੰਜਾਬ ਪਾਣੀ ਵਿਚ ਰੁੜ੍ਹ ਰਿਹਾ ਹੈ ਤੇ ਏਧਰ ਮੇਲੇ ਮਨਾਉਂਦੇ, ਨੱਚਦੇ ਗਾਉਂਦੇ ਸ਼ੋਭਦੇ ਨਹੀਂ ਹਾਂ। ਸੋ, ਵੱਡੇ ਰੂਪ ਵਿਚ ਮੇਲਾ ਮੁਲਤਵੀ ਹੋਇਆ ਪਰ ਸਥਾਨਕ ਸੰਖੇਪ ਰੂਪ ਵਿਚ ਧਾਰਮਿਕ ਸਮਾਗਮ ਹੋਣਗੇ। ਇਹ ਦੱਸਣਾ ਜ਼ਰੂਰੀ ਹੈ ਕਿ ਪ੍ਰਸ਼ਾਸਨ ਤੋਂ ਬਿਨਾਂ ਮੇਲਾ ਸੰਭਵ ਨਹੀਂ ਪਰ ਬਹੁਤ ਸਾਰੀਆਂ ਵੱਖ-ਵੱਖ ਸੰਸਥਾਵਾਂ ਦਾ ਸਹਿਯੋਗ ਵੀ ਵਡਮੁੱਲਾ ਰਿਹਾ ਹੈ। ਸੇਖੋਂ ਸਾਹਿਬ, ਇੰਦਰਜੀਤ ਸਿੰਘ ਖ਼ਾਲਸਾ ਮੇਲੇ ਦੀ ਰੂਹ ਸਨ। ਉਨ੍ਹਾਂ ਦੀ ਘਾਲਣਾ ਮਹਾਨ ਹੈ। ਇਕ-ਇਕ ਬੰਦਾ ਕਾਫ਼ਲੇ ਵਿਚ ਤੋਰਿਆ ਤੇ ਵਿਸ਼ਾਲ ਕਾਫ਼ਲਾ ਬਣ ਗਿਆ।
ਬਾਬਾ ਜੀ ਦੇ ਨਾਂ ਉੱਤੇ ਵਿੱਦਿਅਕ ਸੰਸਥਾਵਾਂ ਉਸਰ ਗਈਆਂ। ਖ਼ਾਲਸਾ ਜੀ ਆਪਣੇ ਆਖ਼ਰੀ ਸਵਾਸਾਂ ਤੀਕ ਮੇਲੇ ਖ਼ਾਤਰ ਹੀ ਸੋਚਦੇ-ਵਾਚਦੇ ਰਹੇ। ਉਨ੍ਹਾਂ ਦੇ ਤੁਰ ਜਾਣ ਨਾਲ ਮੇਲੇ ਦਾ ਰੰਗ-ਰੂਪ ਪਹਿਲਾਂ ਵਾਲਾ ਨਾ ਰਿਹਾ। ਉਹ ਬੜੇ ਸਿਦਕੀ, ਸਿਰੜੀ ਤੇ ਸਖ਼ਤ ਸੁਭਾਅ ਦੇ ਸਨ। ਲੋਕ ਉਨਾਂ ਦਾ ਸਤਿਕਾਰ ਬੜਾ ਕਰਦੇ ਸਨ। ਉਹ ਆਖਦੇ ਸਨ ਕਿ ਫ਼ਰੀਦ ਜੀ ਦੀ ਉਨ੍ਹਾਂ ਉੱਪਰ ਅਪਾਰ ਕਿਰਪਾ ਦ੍ਰਿਸ਼ਟੀ ਹੋਈ ਹੈ। ਇਸ ਵਾਰ ਹੜ੍ਹਾਂ ਦੇ ਕਹਿਰ ਕਾਰਨ ਸੋਸ਼ਲ ਮੀਡੀਆ ਉੱਤੇ ਲੋਕ ਮੇਲੇ ਨੂੰ ਮੁਲਤਵੀ ਕਰਨ ਦੀਆਂ ਬੇਨਤੀਆਂ ਕਰਦੇ ਦਿਸੇ ਸਨ। ਬਾਬਾ ਸ਼ੇਖ਼ ਫ਼ਰੀਦ ਜੀ ਦੇ ਨਾਂ ਨਾਲ ਵਸਿਆ ਸ਼ਹਿਰ ਫ਼ਰੀਦਕੋਟ (ਜੋ ਪਹਿਲਾਂ ਇੱਥੋਂ ਦੇ ਰਾਜੇ ਮੋਕਲ ਦੇ ਨਾਂ ਉੱਤੇ ਮੋਕਲਸਰ ਸੀ) ਅੱਜ ਦੁਨੀਆ ਭਰ ਵਿਚ ਪ੍ਰਸਿੱਧ ਹੈ।
Share this content:

Post Comment