ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਇਤਿਹਾਸਿਕ ਦੇਣ/ਡਾ. ਸਵਰਾਜ ਸਿੰਘ
16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ 355ਵਾਂ ਜਨਮ ਦਿਨ ਬਾਬਾ ਬੰਦਾ ਸਿੰਘ ਬਹਾਦਰ ਭਵਨ ਪਿੰਡ ਰਕਬਾ ਨੇੜੇ ਲੁਧਿਆਣਾ ਵਿੱਚ ਮਨਾਇਆ ਗਿਆ। ਬਾਬਾ ਬੰਦਾ ਸਿੰਘ ਦੇ ਜੀਵਨ ਅਤੇ ਇਤਿਹਾਸਿਕ ਦੇਣ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਮੈਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਨਕਲਾਬ ਨੂੰ ਸੰਪੂਰਨ ਕਰਨ ਵਾਲੇ ਅਤੇ ਉਨਾਂ ਸਿਧਾਂਤਾਂ ਤੇ ਅਧਾਰਿਤ ਖਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਸਨ। ਇਸੇ ਲੜੀ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਨਿਰੰਤਰਤਾ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਖਾਲਸਾ ਰਾਜ ਲੋਕ ਭਲਾਈ ਅਤੇ ਧਰਮ ਨਿਰਪੱਖਤਾ (ਵੈਲਫੇਅਰ ਐਂਡ ਸੈਕੂਲਰ ਸਟੇਟ) ਵਾਲਾ ਰਾਜ ਸੀ। ਸਿੱਖ ਇਨਕਲਾਬ ਦੀ ਇੱਕ ਵਿਲੱਖਣਤਾ ਹੈ ਕਿ ਇਸ ਨੇ ਸਮਾਜਿਕ ਪਰਿਵਰਤਨ ਦੇ ਨਾਲ ਨਾਲ ਮਨੁੱਖੀ ਪਰਿਵਰਤਨ ਤੇ ਵੀ ਜ਼ੋਰ ਦਿੱਤਾ। ਸਿੱਖ ਇਨਕਲਾਬ ਦਾ ਸਿਧਾਂਤਕ ਆਧਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੇ ਬਣਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੋਦੀਆਂ ਤੇ ਭ੍ਰਿਸ਼ਟ ਹੋ ਚੁੱਕੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਬਦਲਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਜਾਤੀ ਪ੍ਰਥਾ ਅਤੇ ਜਾਤੀ ਵਿਤਕਰੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਉਨ੍ਹਾਂ ਨੇ ਪੂਰਨ ਤੌਰ ਤੇ ਚੇਤੰਨ ਮਨੁੱਖ ਗੁਰਮੁਖ ਦਾ ਸੰਕਲਪ ਉਜਾਗਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਖਾਲਸੇ ਦੀ ਸਿਰਜਣਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਇਨਕਲਾਬ ਦੇ ਸਮਾਜਿਕ ਅਤੇ ਰਾਜਨੀਤਿਕ ਸਰੋਕਾਰ ਲਾਗੂ ਕਰਕੇ ਖਾਲਸਾ ਰਾਜ ਦੀ ਸਥਾਪਨਾ ਕਰਕੇ ਸਿੱਖ ਇਨਕਲਾਬ ਨੂੰ ਸੰਪੂਰਨ ਕੀਤਾ। ਮੁੱਖ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਨਕਲਾਬ ਨੂੰ ਕਿਸਾਨਾਂ ਅਤੇ ਕਿਰਤੀਆਂ ਦਾ ਇਨਕਲਾਬ ਕਿਹਾ ਜਾ ਸਕਦਾ ਹੈ। ਮਾਓ ਜੇ ਤੁੰਗ ਨੇ ਇਸ ਨੂੰ ਸੰਸਾਰ ਦਾ ਪਹਿਲਾ ਸਫ਼ਲ ਕਿਸਾਨੀ ਇਨਕਲਾਬ ਕਿਹਾ ਸੀ।
ਪਹਿਲਾ ਮੁਗਲ ਸਰਕਾਰ ਅਤੇ ਫਿਰ ਅੰਗਰੇਜ਼ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਇਤਿਹਾਸ ਖਿਲਵਾਇਆ। ਵਿਸ਼ੇਸ਼ ਕਰਕੇ ਇਹ ਭੁਲੇਖਾ ਪਾਉਣ ਦਾ ਯਤਨ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸੇ ਦੇ ਰਾਜ ਦੀ ਥਾਂ ਨਿੱਜੀ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਮੁਸਲਮਾਨ ਵਿਰੋਧੀ ਸੀ, ਜਿਸ ਨੇ ਮੁਸਲਮਾਨਾਂ ਤੇ ਬਹੁਤ ਜ਼ੁਲਮ ਕੀਤੇ ਅਤੇ ਉਨ੍ਹਾਂ ਦੀਆਂ ਮਸੀਤਾਂ ਢਾਹ ਦਿੱਤੀਆਂ। ਜਦੋਂ ਅਸੀਂ ਤੱਥਾਂ ਦੀ ਰੋਸ਼ਨੀ ਵਿੱਚ ਇਨ੍ਹਾਂ ਇਲਜ਼ਾਮਾਂ ਦੀ ਘੋਖ ਪੜਚੋਲ ਕਰਦੇ ਹਾਂ ਤਾਂ ਇਹ ਸਾਰੇ ਬੇਬੁਨਿਆਦ ਸਾਬਤ ਹੁੰਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਆਪਣੀ ਅਤੇ ਆਪਣੇ ਚਾਰ ਸਾਲ ਦੇ ਪੁੱਤਰ ਦੀ ਮਹਾਨ ਸ਼ਹਾਦਤ ਤੱਕ ਆਪਣੇ ਸਿਧਾਂਤਾਂ ‘ਤੇ ਪੂਰੀ ਤਰ੍ਹਾਂ ਕਾਇਮ ਰਹੇ। ਉਹਨਾਂ ਨੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ, ਸਗੋਂ ਸ੍ਰੀ ਗੁਰੂ ਨਾਨਕ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਖ ਸਿਧਾਂਤਾਂ ਨੂੰ ਉਜਾਗਰ ਕਰਦਾ ਸਿੱਕਾ ਚਲਾਇਆ। ਉਨ੍ਹਾਂ ‘ਤੇ ਲਾਏ ਜਾਂਦੇ ਮੁਸਲਮਾਨ ਵਿਰੋਧੀ ਹੋਣ ਅਤੇ ਮਸੀਤਾਂ ਢੋਣ ਦੇ ਇਲਜ਼ਾਮ ਦੀ ਬੇਬੁਨਿਆਦ ਹਨ। ਸੱਚ ਇਹ ਹੈ ਕਿ ਉਹਨਾਂ ਦੀ ਫੌਜ ਵਿੱਚ ਲਗਭਗ 5000 ਮੁਸਲਮਾਨ ਸਨ, ਜਿਨਾਂ ਨੂੰ ਨਮਾਜ਼ ਪੜਨ ਦੀ ਵੀ ਆਗਿਆ ਸੀ। ਸਰਹੰਦ ਵਿੱਚ ਅੱਜ ਵੀ ਰੋਜ਼ਾ ਸ਼ਰੀਫ ਕਾਇਮ ਹੈ, ਇਹ ਉਹ ਮਸਜਿਦ ਹੈ ਜਿੱਥੇ ਪੈਰੋਕਾਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ।
ਧਰਮ ਨਿਰਪੱਖਤਾ ਖ਼ਾਲਸਾ ਰਾਜ ਦਾ ਇੱਕ ਬੁਨਿਆਦੀ ਸਿਧਾਂਤ ਰਿਹਾ ਹੈ, ਇੱਥੇ ਸਾਨੂੰ ਧਰਮ ਨਿਰਪੱਖਤਾ (ਸੈਕੁਲਰਿਜ਼ਮ) ਦੇ ਪੱਛਮੀ ਅਤੇ ਸਿੱਖ (ਪੁਰਬੀ) ਸਿਧਾਂਤਾਂ ਵਿੱਚ ਫ਼ਰਕ ਸਮਝਣ ਦੀ ਲੋੜ ਹੈ। ਸਿੱਖ ਧਰਮ ਨਿਰਪੱਖਤਾ ਦਾ ਸਿਧਾਂਤ ਸਾਰੇ ਧਰਮਾਂ ਦਾ ਸਤਿਕਾਰ ਕਰਨ ਤੇ ਖੜ੍ਹਾ ਹੈ, ਜਦੋਂ ਕਿ ਪੱਛਮੀ ਨਿਰਪੱਖਤਾ ਦਾ ਸਿਧਾਂਤ ਧਰਮ ਦੀ ਵਿਰੋਧਤਾ ਅਤੇ ਨਿਖੇਦੀ ਵਿੱਚੋਂ ਉਪਜਿਆ ਹੈ। ਅਸੀਂ ਧਰਮ ਨਿਰਪੱਖਤਾ ਦੇ ਪੂਰਬੀ ਸਿਧਾਂਤ ਨੂੰ ਹਾਂ-ਪੱਖੀ ਧਰਮ ਨਿਰਪੱਖਤਾ (ਪੋਜ਼ੇਟਿਵ ਸੈਕੁਲਰਿਜ਼ਮ) ਕਹਿ ਸਕਦੇ ਹਾਂ ਅਤੇ ਧਰਮ ਨਿਰਪੱਖਤਾ ਦੇ ਪੱਛਮੀ ਸੰਕਲਪ ਨੂੰ ਨਾਂਹ-ਪੱਖੀ (ਨੈਗੇਟਿਵ ਸੈਕੁਲਰਿਜ਼ਮ) ਕਹਿ ਸਕਦੇ ਹਾਂ। ਧਰਮ ਨਿਰਪੱਖਤਾ ਦੇ ਪੂਰਬੀ ਅਤੇ ਪੱਛਮੀ ਸਿਧਾਂਤ ਵੱਖ-ਵੱਖ ਸਮਾਜਿਕ ਅਤੇ ਇਤਿਹਾਸਿਕ ਪ੍ਰਸਥਿਤੀਆਂ ਦੀ ਉਪਜ ਹਨ। ਪੂਰਬ ਵਿੱਚ ਧਰਮ ਨਿਰਪੱਖਤਾ ਦੇ ਸਿਧਾਂਤ ਵੱਖ-ਵੱਖ ਧਰਮਾਂ ਦੀ ਸਹਿਣਸ਼ੀਲਤਾ ਅਤੇ ਸਹਿਹੋਂਦ ਦੀ ਭਾਵਨਾ ਵਿਚੋਂ ਉਪਜੇ ਹਨ, ਜਦੋਂ ਕਿ ਪੱਛਮ ਵਿੱਚ ਧਰਮ ਨਿਰਪੱਖਤਾ ਦੇ ਸਿਧਾਂਤ ਉਪਜ ਰਹੀ ਸਰਮਾਏਦਾਰੀ ਦੀ ਚਰਚ ਤੋਂ ਸਮਾਜਿਕ ਅਤੇ ਰਾਜਨੀਤਿਕ ਸ਼ਕਤੀ ਖੋਹਣ ਦੀ ਭਾਵਨਾ ਵਿੱਚੋਂ ਨਿਕਲੇ ਹਨ।
ਇਨ੍ਹਾਂ ਦਾ ਜ਼ੋਰ ਜਥੇਬੰਦਕ ਧਰਮ ਦੀ ਨਿਖੇਦੀ ਕਰਨ ਤੇ ਹੈ। ਖ਼ਾਲਸਾ ਰਾਜ (ਮਹਾਰਾਜਾ ਰਣਜੀਤ ਸਿੰਘ ਦੇ ਰਾਜ) ਵਿੱਚ ਧਰਮ ਨਿਰਪੱਖਤਾ ਦੇ ਸਿਧਾਂਤਾਂ ਦਾ ਕਿਵੇਂ ਪਾਲਣ ਕੀਤਾ ਜਾਂਦਾ ਸੀ, ਇਸ ਨੂੰ ਅਸੀਂ ਕਈ ਪੱਖਾਂ ਤੋਂ ਦੇਖ ਸਕਦੇ ਹਾਂ। ਪਹਿਲਾਂ ਹੈ ਵਸੋਂ ਦੀ ਬਣਤਰ, ਇਸ ਰਾਜ ਵਿੱਚ ਮੁਸਲਮਾਨਾਂ ਦੀ ਗਿਣਤੀ ਸਭ ਤੋਂ ਵੱਧ ਸੀ,70 ਫੀਸਦੀ ਤੋਂ ਵੀ ਵੱਧ, ਹਿੰਦੂਆਂ ਦੀ ਗਿਣਤੀ 20 ਫੀਸਦੀ ਦੇ ਲਗਭਗ ਸੀ, ਸਿੱਖਾਂ ਦੀ ਗਿਣਤੀ ਲਗਭਗ 7-1/2 ਫੀਸਦੀ ਸੀ। ਰਾਜ ਵੱਲ ਤਿੰਨਾਂ ਧਰਮਾਂ ਦੀ ਸੰਸਥਾਵਾਂ ਦੀ ਸਹਾਇਕ ਕੀਤੀ ਜਾਂਦੀ ਸੀ। ਤਿੰਨਾਂ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਆਪਣੇ ਧਰਮਾਂ ਦੇ ਨਿਯਮਾਂ ਨੂੰ ਪਾਲਣ ਦਾ ਪੂਰਾ ਪੂਰਾ ਹੱਕ ਸੀ। ਕਈ ਇਤਿਹਾਸਿਕ ਘਟਨਾਵਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਖ਼ਾਲਸਾ ਰਾਜ ਵਿੱਚ ਹਿੰਦੂ ਅਤੇ ਮੁਸਲਮਾਨ ਵੀ ਆਪਣੇ ਆਪ ਨੂੰ ਬਰਾਬਰ ਦੇ ਨਾਗਰਿਕ ਸਮੇਝਦੇ ਹਨ ਅਤੇ ਉਸ ਰਾਜ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਉਸ ਪ੍ਰਤੀ ਬਹੁਤ ਵਫ਼ਾਦਾਰ ਸਨ। ਮੰਤਰੀ ਮੰਡਲ ਵਿੱਚ ਨਾ ਸਿਰਫ਼ ਹਿੰਦੂ ਅਤੇ ਮੁਸਲਮਾਨ ਸ਼ਾਮਿਲ ਸਨ, ਸਗੋਂ ਉਹਨਾਂ ਕੋਲ ਬਹੁਤ ਮਹੱਤਵਪੂਰਨ ਵਿਭਾਗ ਸਨ, ਜਿਵੇਂ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਆਦਿ। ਫ਼ੌਜ ਵਿੱਚ ਕਈ ਹਿੰਦੂ ਵੱਡੇ ਜਰਨੈਲ ਸਨ, ਤੋਪਖਾਨਾ (ਹੇਵੀ ਆਰਟਿਲਰੀ) ਜ਼ਿਆਦਾਤਰ ਮੁਸਲਮਾਨਾਂ ਕੋਲ ਸੀ। ਕੁੱਝ ਮਸ਼ਹੂਰ ਨਾਵਾਂ ਵਿੱਚ ਦੀਵਾਨ ਮੋਹਕਮ ਚੰਦ, ਜੋ ਕਿ ਫ਼ੌਜ ਦੇ ਕਮਾਂਡਰ ਇਨ ਚੀਫ (ਮੁੱਖ ਜਰਨੈਲ) ਸਨ, ਫਕੀਰ ਅਜ਼ੁਜ਼ਦੀਨ , ਮੰਤਰੀ ਮੰਡਲ ਵਿੱਚ ਬਹੁਤ ਜਾਣੇ ਪਹਿਚਾਣੇ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਭਰੋਸੇਯੋਗ ਸਲਾਹਕਾਰ ਸਨ, ਮਾਖੇ ਖਾਂ ਮਸ਼ਵਰ ਤੋਪਚੀ ਸੀ।
ਅਸੀਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਕੇ ਇਹ ਦੇਖ ਸਕਦੇ ਹਾਂ ਕਿ ਨਾ ਸਿਰਫ ਹਿੰਦੂ ਅਤੇ ਮੁਸਲਮਾਨ ਖ਼ਾਲਸਾ ਰਾਜ ਪ੍ਰਤੀ ਵਫ਼ਾਦਾਰ ਸਨ ਸਗੋਂ ਉਸ ਪ੍ਰਤੀ ਡੂੰਘੀ ਭਾਵਨਾ ਰੱਖਦੇ ਸਨ। 1813 ਦੀ ਅਟਕ ਦੀ ਲੜਾਈ ਖ਼ਾਲਸਾ ਰਾਜ ਲਈ ਬਹੁਤ ਵੱਡਾ ਮੀਲ ਪੱਥਰ ਸੀ। ਇਹ ਲੜਾਈ ਅਫ਼ਗਾਨ ਨਾਲ ਹੋਈ। ਅਫ਼ਗਾਨਾਂ ਦੀ ਅਗਵਾਈ ਦੋਸਤ ਮੁਹੰਮਦ ਖਾਨ ਕਰ ਰਿਹਾ ਸੀ। ਖ਼ਾਲਸਾ ਫ਼ੌਜਾਂ ਦੀ ਕਮਾਂਡ ਮੋਹਕਮ ਚੰਦ ਦੇ ਹੱਥ ਸੀ। ਇਸ ਲੜਾਈ ਵਿੱਚ ਅਫਗਾਨ ਨੂੰ ਹਰਾ ਕੇ ਖ਼ਾਲਸਾ ਫ਼ੌਜ ਨੇ 1000 ਸਾਲ ਦਾ ਇਤਿਹਾਸ ਪਲਟ ਦਿੱਤਾ। ਸਾਰੇ ਅਫ਼ਗਾਨ ਧਾੜਵੀ ਇਸੇ ਰਸਤੇ ਹੀ ਭਾਰਤ ਤੇ ਹਮਲਾ ਕਰਦੇ ਰਹੇ। ਪੰਜਾਬ ਦੇ ਆਖਰੀ ਹਿੰਦੂ ਖਤਰੀ ਰਾਜੇ ਜੈਪਾਲ ਨੇ 800 ਸਾਲ ਤੋਂ ਵੱਧ ਸਮਾਂ ਪਹਿਲਾਂ ਅਫ਼ਗਾਨਾਂ ਨਾਲ ਕਈ ਲੜਾਈਆਂ ਲੜ ਕੇ ਪੰਜਾਬ ਨੂੰ ਉਹਨਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਹਰ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ। ਆਖ਼ਰੀ ਲੜਾਈ ਅਟਕ ਵਿੱਚ ਲੜੀ, ਜਿਸ ਵਿੱਚ ਹਾਰਨ ਤੋਂ ਬਾਅਦ ਉਸਨੇ ਜੀਉਂਦੀਆਂ ਹੀ ਚਿਖਾ ‘ਤੇ ਬੈਠ ਕੇ ਆਤਮਦਾਹ ਕਰ ਲਿਆ। ਲੜਾਈ ਜਿੱਤਣ ਤੋਂ ਬਾਅਦ ਦੀਵਾਨ ਮੋਹਕਮ ਚੰਦ ਨੇ ਕਿਹਾ ਕਿ ਹਜ਼ਾਰ ਸਾਲ ਪਹਿਲਾਂ ਇਸੇ ਥਾਂ (ਅਟਕ) ਵਿੱਚ ਇੱਕ ਹਿੰਦੂ ਖ਼ਤਰੀ ਦੀ ਹਾਰ ਨੇ ਪੰਜਾਬ ਨੂੰ ਗੁਲਾਮ ਬਣਾ ਦਿੱਤਾ ਅੱਜ ਇੱਕ ਹਿੰਦੂ ਖ਼ਤਰੀ ਨੇ ਉਸੇ ਥਾਂ ਤੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਨੂੰ ਆਜ਼ਾਦ ਕਰਵਾ ਦਿੱਤਾ। ਫਿਲੋਰ ਕਿਲੇ ਦੀ ਉਸਾਰੀ ਵੀ ਮੋਹਕਮ ਚੰਦ ਦੀ ਨਿਗਰਾਨੀ ਵਿੱਚ ਹੋਈ ਤਾਂ ਅੰਗਰੇਜ਼ਾਂ ਨੇ ਸਤਲੁਜ ਦੇ ਦੂਜੇ ਪਾਸੇ ਫੌਜ ਤੈਨਾਤ ਕਰ ਦਿੱਤੀ।
ਮੋਹਕਮ ਚੰਦ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਆਗਿਆ ਮੰਗੀ ਕਿ ਉਸ ਨੂੰ ਸਤਲੁਜ ਪਾਰ ਕਰਕੇ ਅੰਗਰੇਜ਼ਾਂ ਦੀ ਫ਼ੌਜ ‘ਤੇ ਹਮਲਾ ਕਰਨ ਦੀ ਆਗਿਆ ਦਿੱਤੀ ਜਾਏ ਪਰੰਤੂ ਮਹਾਰਾਜੇ ਦੇ ਕੁੱਝ ਸਲਾਹਕਾਰਾਂ ਨੇ ਕਿਹਾ ਕਿ ਇਹ ਮਸਲਾ ਗੱਲਬਾਤ ਨਾਲ ਹੀ ਹੱਲ ਕਰਨਾ ਚਾਹੀਦਾ ਹੈ, ਕਿਉਂਕਿ ਅੰਗਰੇਜ਼ ਬਹੁਤ ਤਾਕਤਵਰ ਹਨ, ਜਦੋਂ ਕਿ ਮੋਹਕਮ ਚੰਦ ਦਾ ਕਹਿਣਾ ਸੀ ਕਿ ਫ਼ੌਜੀ ਚੁਣੌਤੀ ਦਾ ਜਵਾਬ ਫ਼ੌਜੀ ਕਾਰਵਾਈ ਨਾਲ ਨਾ ਦੇਣਾ ਸਾਡੀ ਕਮਜ਼ੋਰੀ ਸਮਝੀ ਜਾਏਗੀ ਅਤੇ ਇੱਕ ਦਿਨ ਅੰਗਰੇਜ਼ ਸਾਡੇ ‘ਤੇ ਹਮਲਾ ਕਰਨਗੇ। ਦੂਜਾ ਅੰਗਰੇਜ਼ ਸਿੱਖ ਯੁੱਧ ਮੁਲਤਾਨ ਤੋਂ ਸ਼ੁਰੂ ਹੋਇਆ, ਜਿਸ ਦਾ ਗਵਰਨਰ ਦੀਵਾਨ ਮੂਲਰਾਜ ਚੋਪੜਾ ਸੀ। ਸਿੱਖ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਹਾਰ ਮੰਨ ਲਈ ਸੀ (ਪਹਿਲੇ ਯੁੱਧ ਤੋਂ ਬਾਅਦ) ਦੀਵਾਨ ਮੂਲ ਰਾਜ ਅੰਗਰੇਜ਼ਾਂ ਪ੍ਰਤੀ ਡੂੰਘੀ ਭਾਵਨਾ ਰੱਖਦਾ ਸੀ ਅਤੇ ਖ਼ਾਲਸਾ ਰਾਜ ਦੀ ਸਿਰਮੋਰਤਾਂ ਸਥਾਪਿਤ ਕਰਨਾ ਚਾਹੁੰਦਾ ਸੀ। ਅੰਗਰੇਜ਼ਾਂ ਨੇ ਉਸ ਦੀ ਥਾਂ ‘ਤੇ ਕਾਰਨ ਸਿੰਘ ਮਾਨ ਨੂੰ ਮੁਲਤਾਨ ਦਾ ਗਵਰਨਰ ਬਣਾ ਦਿੱਤਾ। ਅੰਗਰੇਜ਼ ਅਫ਼ਸਰਾਂ ਦੀ ਨਿਗਰਾਨੀ ਹੇਠ ਉਹ ਚਾਰਜ ਲੈਣ ਲਈ ਮੁਲਤਾਨ ਆਇਆ ਅਤੇ ਮੁਲਤਾਨ ਦੀਆਂ ਚਾਬੀਆਂ ਮੰਗੀਆਂ। ਮੂਲ ਰਾਜ ਦੀ ਮਾਤਾ ਨੇ ਕਿਹਾ ਕਿ ਚਾਬੀਆਂ ਵਾਪਸ ਨਹੀਂ ਦੇਣੀਆਂ। ਖ਼ਾਲਸੇ ਦੇ ਰਾਜ ਲਈ ਲੜਨਾ ਤੇ ਸ਼ਹੀਦ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸਾਡੇ ਗੁਰੂਆਂ ਤੇ ਸਾਹਿਬਜ਼ਾਦਿਆਂ ਨੇ ਮਹਾਨ ਸ਼ਹੀਦੀਆਂ ਦਿੱਤੀਆਂ ਹਨ। ਜੇ ਤੂੰ ਨਹੀਂ ਲੜੇਂਗਾਂ ਤਾਂ ਮੈ ਫ਼ੌਜਾਂ ਦੀ ਅਗਵਾਈ ਕਰਾਂਗੀ। ਮੂਲ ਰਾਜ ਨੇ ਲੜਾਈ ਸ਼ੁਰੂ ਕਰ ਦਿੱਤੀ (ਦੂਜਾ ਅੰਗਰੇਜ਼ ਸਿੱਖ ਯੁੱਧ)। ਸ਼ਾਹ ਮੁਹੰਮਦ, ਇੱਕ ਮੁਸਲਮਾਨ, ਨੇ ਕਿੰਨੀ ਸੰਵੇਦਨਾ ਅਤੇ ਡੂੰਘੀ ਭਾਵਨਾ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਦੇ ਯੁੱਧ ਦਾ ਵਰਣਨ ਕੀਤਾ ਹੈ। ਇਸ ਕਿੱਸੇ ‘ਤੇ ਅੰਗਰੇਜ਼ਾਂ ਨੇ ਪਾਬੰਦੀ ਲਾਈ ਸੀ।

-ਡਾ. ਸਵਰਾਜ ਸਿੰਘ
-9417533060
Share this content:


Post Comment