ਬਾਬਾ ਖੜਕ ਸਿੰਘ ਕਾਰ ਸੇਵਾ ਵਾਲੇ
ਕਾਰ ਸੇਵਾ ਉਹੀ ਮਨੁੱਖ ਕਰ ਸਕਦਾ ਹੈ ਜਿਸ ਦੇ ਹਿਰਦੇ ਵਿਚ ਪਰਉਪਕਾਰ ਵਸਿਆ ਹੋਵੇ। ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵੱਡੇ ਖੇਤਰ ਵਿਚ ਜਾਣ ਤੋਂ ਪਹਿਲਾਂ ਆਪਣਾ ਜੀਵਨ ਗੁਰੂਘਰ ਨੂੰ ਸਮਰਪਿਤ ਕਰਨਾ ਪੈਂਦਾ ਹੈ। ਮਨ ਵਿਚ ਖੋਟ ਰੱਖਣ ਵਾਲੇ ਲੋਕਾਂ ਦੇ ਮਨਾਂ ਵਿੱਚੋਂ ਨਿਕਲ ਜਾਂਦੇ ਹਨ। ਜਿਹੜੇ ਇਸ ਖੇਤਰ ਵਿਚ ਤਨ, ਮਨ ਤੇ ਧਨ ਨਾਲ ਸੰਗਤ ਦੀ ਸੇਵਾ ਵਿਚ ਰਾਤ-ਦਿਨ ਕੁੱਦ ਪੈਂਦੇ ਹਨ, ਉਹ ਇਸ ਧਰਤੀ ਦਾ ਸ਼ਿੰਗਾਰ ਬਣ ਜਾਂਦੇ ਹਨ। ਅਜਿਹੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਬਾਬਾ ਖੜਕ ਸਿੰਘ ਕਾਰ ਸੇਵਾ ਵਾਲੇ। ਉਨ੍ਹਾਂ ਨੇ ਆਪਣੀ ਹਯਾਤੀ ਦੌਰਾਨ ਹਜ਼ਾਰਾਂ ਘਰਾਂ ਵਿਚ ਪਏ ਕਲੇਸ਼ ਅਤੇ ਗੰਭੀਰ ਝਗੜੇ ਨਿਪਟਾਏ। ਲੱਖਾਂ ਪਰਿਵਾਰਾਂ ਨੂੰ ਇਸ ਅਨਮੋਲ ਜੀਵਨ ਨੂੰ ਜਿਉਣ ਦੀ ਜੀਵਨ ਜਾਚ ਸਮਝਾਈ। ਪਰਿਵਾਰਾਂ ਵਿਚ ਮਿਲ-ਬੈਠ ਕੇ ਪਿਆਰ ਤੇ ਪ੍ਰੇਮ ਨਾਲ ਰਹਿਣ ਦੀ ਪ੍ਰੇਰਨਾ ਦਿੱਤੀ।
ਉਨ੍ਹਾਂ ਦਾ ਜਨਮ ਲਾਹੌਰ (ਲਹਿੰਦਾ ਪੰਜਾਬ) ਜ਼ਿਲ੍ਹੇ ਦੇ ਪਿੰਡ ਬਰਕੀ ਵਿਚ ਪਾਲਾ ਸਿੰਘ ਅਤੇ ਮਾਤਾ ਦਾਨ ਕੌਰ ਦੇ ਗ੍ਰਹਿ ਵਿਖੇ 1895 ਈਸਵੀ ਨੂੰ ਹੋਇਆ ਸੀ। ਪਰਿਵਾਰਕ ਜ਼ਿੰਮੇਵਾਰੀ ਨੂੰ ਸਮਝਦਿਆਂ ਪਹਿਲਾਂ ਫ਼ੌਜ ਵਿਚ ਭਰਤੀ ਹੋ ਕੇ ਚੰਗੇ ਸਿਪਾਹੀ ਦੇ ਫ਼ਰਜ਼ ਨੂੰ ਨਿਭਾਇਆ। ਜਵਾਨੀ ਵਿਚ ਹੀ ਰੱਬੀ-ਪ੍ਰੇਮ ਵਿਚ ਵੈਰਾਗ ਅਵਸਥਾ ਵਿਚ ਵਿਚਰਦਿਆਂ ਮਨੁੱਖਤਾ ਦੇ ਭਲੇ ਲਈ ਜੀਵਨ ਬਤੀਤ ਕਰਨ ਦੀ ਖਿੱਚ ਕਾਰਨ ਮਨ ਉਚਾਟ ਰਹਿਣ ਲੱਗ ਪਿਆ। ਫ਼ੌਜ ਵਿੱਚੋਂ ਵਾਪਸ ਆ ਕੇ ਸੰਤ-ਸਿਪਾਹੀ ਵਜੋਂ ਵਿਚਰਨਾ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਵਿਚ ਕਾਰ ਸੇਵਾ ਦੇ ਖੇਤਰ ਦੀ ਵੱਡੀ ਹਸਤੀ ਬਾਬਾ ਨਿਧਾਨ ਸਿੰਘ ਕਾਰ ਸੇਵਾ ਵਾਲਿਆਂ ਦੇ ਜੱਥੇ ਵਿਚ ਸ਼ਾਮਲ ਹੋ ਗਏ। ਸੇਵਾ ਤਨਦੇਹੀ ਨਾਲ ਨਿਭਾਉਣੀ ਪੈਂਦੀ ਸੀ। ਉਨ੍ਹਾਂ ਦਿਨਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ। ਮਰਜੀਵੜੇ ਸਿੱਖ ਜਾਨ ਨਾਲੋਂ ਪਿਆਰੇ ਗੁਰਧਾਮਾਂ ਨੂੰ ਮਾੜੇ ਪ੍ਰਬੰਧਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਬਾਬਾ ਖੜਕ ਸਿੰਘ ਤਨਦੇਹੀ ਨਾਲ ਸੇਵਾ ਨਿਭਾਉਂਦਿਆਂ ਜੈਤੋ ਦੇ ਮੋਰਚੇ ਦੌਰਾਨ ਗ੍ਰਿਫ਼ਤਾਰ ਹੋ ਗਏ। ਮੋਰਚਾ ਫ਼ਤਹਿ ਹੋਣ ਤੱਕ ਕੈਦ ਕੱਟੀ। ਜੇਲ੍ਹ ਵਿੱਚੋਂ ਵਾਪਸ ਆਉਂਦਿਆਂ ਹੀ ਮੁੜ ਕਾਰ ਸੇਵਾ ਨੂੰ ਸਮਰਪਿਤ ਹੋ ਗਏ।
ਉਸ ਸਮੇਂ ਆਪ ਕਾਰ ਸੇਵਾ ਦੇ ਖੇਤਰ ਦੀ ਉੱਘੀ ਹਸਤੀ ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯਾਦਗਾਰੀ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਵਿਚ ਜੁਟੇ ਹੋਏ ਸਨ। ਇਸੇ ਦੌਰਾਨ ਇਕ ਦਿਨ ਲਾਹੌਰ ਵਿਖੇ ਕਾਬੁਲ (ਅਫ਼ਗਾਨਿਸਤਾਨ) ਤੋਂ ਇਕ ਜੱਥਾ ਦਰਸ਼ਨਾਂ ਲਈ ਆਇਆ। ਉਸ ਆਈ ਹੋਈ ਸੰਗਤ ਨੇ ਬੀੜ ਬਾਬਾ ਬੁੱਢਾ ਸਾਹਿਬ ਦੀ ਨਵ-ਉਸਾਰੀ ਲਈ ਬੇਨਤੀ ਕੀਤੀ। ਬਾਬਾ ਗੁਰਮੁਖ ਸਿੰਘ ਨੇ ਬਾਬਾ ਖੜਕ ਸਿੰਘ ਨੂੰ ਇਕ ਜ਼ਿੰਮੇਵਾਰ ਕਾਰ-ਸੇਵਕ ਵਜੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਸੌਂਪ ਦਿੱਤੀ। ਬਾਬਾ ਜੀ ਲਾਹੌਰ ਤੋਂ ਸੀਮਤ ਜਿਹਾ ਉਸਾਰੀ ਦਾ ਸਾਮਾਨ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਪਹੁੰਚ ਗਏ। ਉੱਥੇ ਪੁੱਜਦਿਆਂ ਹੀ ਸਭ ਤੋਂ ਪਹਿਲਾਂ ਪਾਵਨ-ਸਰੋਵਰ ਅਤੇ ਇਸ ਤੋਂ ਪਿੱਛੋਂ ਗੁਰਦੁਆਰਾ ਸਾਹਿਬ ਦੇ ਨਵ-ਨਿਰਮਾਣ ਦੀ ਸੇਵਾ ਸ਼ੁਰੂ ਕੀਤੀ। ਇਸ ਕਾਰ ਸੇਵਾ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੌਜੂਦਾ ਆਧੁਨਿਕ ਲੰਗਰ ਦੀ ਇਮਾਰਤ ਦੀ ਸੇਵਾ ਨੂੰ ਪ੍ਰਮੁੱਖ ਫ਼ਰਜ਼ ਸਮਝਦੇ ਹੋਏ ਨਿਭਾਇਆ। ਇਸ ਸੇਵਾ ਤੋਂ ਪਿੱਛੋਂ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਅੰਮ੍ਰਿਤ ਸਰੋਵਰ ਲਈ ਪੁਰਾਤਨ ਹੰਸਲੀ ਦੇ ਨਵ-ਨਿਰਮਾਣ ਲਈ ਜਲ ਲਿਆਉਣ ਦੀ ਸੇਵਾ ਨੂੰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਪੂਰਨ ਕੀਤਾ।
ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਉੱਪਰ ਬਣ ਰਹੇ ਪੁਲ ਦੀ ਉਸਾਰੀ ਲਈ ਵੀ ਯੋਗਦਾਨ ਪਾਇਆ। ਇਨ੍ਹਾਂ ਸੇਵਾਵਾਂ ਤੋਂ ਇਲਾਵਾ ਬੀੜ ਸਾਹਿਬ ਦੇ ਇਲਾਕੇ ਵਿਚ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡੇ ਯਤਨਾਂ ਨੂੰ ਸਫਲਤਾ ਨਾਲ ਸਿਰੇ ਚਾੜ੍ਹਿਆ। ਬਾਬਾ ਬੁੱਢਾ ਸਾਹਿਬ ਕਾਲਜ, ਬਾਬਾ ਬੁੱਢਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਅਤੇ ਪਬਲਿਕ ਸਕੂਲ ਆਪ ਜੀ ਦੀਆਂ ਵਿੱਦਿਅਕ ਸੇਵਾਵਾਂ ਪ੍ਰਤੀ ਲਗਨ ਦੇ ਪ੍ਰਤੱਖ ਸਬੂਤ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1984 ’ਚ ਵਾਪਰੇ ਕਤਲੇਆਮ ਅਤੇ ਘੱਲੂਘਾਰੇ ਨੇ ਆਪ ਨੂੰ ਧੁਰ-ਅੰਦਰੋਂ ਹਿਲਾ ਕੇ ਰੱਖ ਦਿੱਤਾ। ਇਸ ਘੱਲੂਘਾਰੇ ਦਾ ਉਨ੍ਹਾਂ ਦੀ ਅੰਤਰ-ਆਤਮਾ ’ਤੇ ਗਹਿਰਾ ਅਸਰ ਹੋਇਆ। ਤੀਹ ਮਈ, 1986 ਨੂੰ ਉਹ ਸੱਚਖੰਡ ਜਾ ਬਿਰਾਜੇ। ਉਨ੍ਹਾਂ ਤੋਂ ਪਿੱਛੋਂ ਇਨ੍ਹਾਂ ਕਾਰ ਸੇਵਾਵਾਂ ਨੂੰ ਬਾਬਾ ਦਰਸ਼ਨ ਸਿੰਘ ਬਾਖ਼ੂਬੀ ਨਿਭਾਉਂਦੇ ਰਹੇ। ਮੌਜੂਦਾ ਸਮੇਂ ਇਨ੍ਹਾਂ ਸੇਵਾਵਾਂ ਨੂੰ ਬਾਬਾ ਸੰਤੋਖ ਸਿੰਘ ਪੂਰੀ ਤਨਦੇਹੀ ਨਾਲ ਅੰਜਾਮ ਦੇ ਰਹੇ ਹਨ। ਬਾਬਾ ਖੜਕ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ।
Share this content:


Post Comment