Loading Now

ਬਹਿਰੀਨ ਵਿਖੇ ਹੋਣ ਵਾਲੀਆਂ ਏਸ਼ੀਅਨ ਯੂਥ ਗੇਮਜ਼ ਲਈ ਭਾਰਤੀ ਸਾਈਕਲਿੰਗ ਟੀਮ ਦੀ ਚੋਣ

ਬਹਿਰੀਨ ਵਿਖੇ ਹੋਣ ਵਾਲੀਆਂ ਏਸ਼ੀਅਨ ਯੂਥ ਗੇਮਜ਼ ਲਈ ਭਾਰਤੀ ਸਾਈਕਲਿੰਗ ਟੀਮ ਦੀ ਚੋਣ

*ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਵਾਨੀਗੜ੍ਹ ਵਿਖੇ ਕਰਵਾਏ ਗਏ ਟਰਾਇਲ

ਭਵਾਨੀਗੜ੍ਹ, 30 ਜੂਨ – ਬਹਿਰੀਨ ਵਿਖੇ ਹੋਣ ਵਾਲੀਆਂ ਏਸ਼ੀਅਨ ਯੂਥ ਗੇਮਜ਼ ਲਈ ਭਾਰਤੀ ਸਾਈਕਲਿੰਗ ਟੀਮ ਦੀ ਚੋਣ ਲਈ ਟਰਾਇਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਸੰਗਰੂਰ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਭਵਾਨੀਗੜ੍ਹ ਵਿਖੇ ਕਰਵਾਏ, ਜਿਨ੍ਹਾਂ ਵਿੱਚ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਪੁਰਸ਼ ਜੂਨੀਅਰ ਵਰਗ ਅਤੇ ਮਹਿਲਾ ਜੂਨੀਅਰ ਵਰਗ ਦੇ ਮੁੰਡੇ ਤੇ ਕੁੜੀਆਂ ਨੇ ਹਿੱਸਾ ਲਿਆ। ਇਸ ਦੌਰਾਨ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਮੁੰਡਿਆਂ ਦੇ 20 ਕਿਲੋਮੀਟਰ ਅਤੇ ਕੁੜੀਆਂ ਦੇ 15 ਕਿਲੋਮੀਟਰ ਦੇ ਟਰਾਇਲ ਕਰਵਾਏ ਗਏ।

ਇਸ ਮੌਕੇ ਪੁਰਸ਼ ਜੂਨੀਅਰ ਵਰਗ ਵਿੱਚ 20 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿੱਚ ਪਹਿਲਾ ਸਥਾਨ ਅਦਿੱਤਿਆ ਜਾਖੜ ਰਾਜਸਥਾਨ, ਦੂਜਾ ਸਥਾਨ ਆਲੋਕ ਬਿਸ਼ਨੋਈ ਰਾਜਸਥਾਨ, ਤੀਜਾ ਸਥਾਨ ਲੋਕੇਸ਼ ਚੌਧਰੀ ਰਾਜਸਥਾਨ ਅਤੇ ਚੌਥਾ ਸਥਾਨ ਸਨੀ ਹਰਿਆਣਾ ਨੇ ਹਾਸਲ ਕੀਤਾ। ਮਹਿਲਾ ਜੂਨੀਅਰ ਵਰਗ ਵਿੱਚ 15 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿੱਚ ਪਹਿਲਾ ਸਥਾਨ ਅੰਜਲੀ ਜਾਖੜ ਰਾਜਸਥਾਨ, ਦੂਜਾ ਸਥਾਨ ਰੁਖਮਣੀ ਰਾਜਸਥਾਨ, ਤੀਜਾ ਸਥਾਨ ਪ੍ਰਾਜਕਤਾ ਸੂਰਿਆਵੰਸ਼ੀ ਮਹਾਰਾਸ਼ਟਰਾ, ਚੌਥਾ ਸਥਾਨ ਨਿਕਿਤਾ ਸ਼ਿੰਦੇ ਮਹਾਰਾਸ਼ਟਰਾ ਨੇ ਹਾਸਲ ਕੀਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਅਥਲੀਟ ਕਮਿਸ਼ਨ ਦੇ ਕਨਵੀਨਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸ਼੍ਰੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਚੇਅਰਮੈਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਸ. ਓਂਕਾਰ ਸਿੰਘ ਅਤੇ ਸਕੱਤਰ ਜਨਰਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਸ. ਮਨਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਟਰਾਇਲ ਕਰਵਾਏ ਗਏ ਹਨ। ਸ਼੍ਰੀ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੌਮਾਂਤਰੀ ਖੇਡਾਂ ਲਈ ਟੀਮ ਦੀ ਚੋਣ ਵਾਸਤੇ ਇਹ ਮੁਕਾਬਲੇ ਪੰਜਾਬ ਵਿਖੇ ਕਰਵਾਏ ਗਏ ਹਨ ਤੇ ਵੱਡੀ ਗਿਣਤੀ ਲੋਕ ਇਹਨਾਂ ਨੂੰ ਦੇਖਣ ਲਈ ਪੁੱਜੇ ਹਨ, ਜਿਸ ਨਾਲ ਪੇਸ਼ੇਵਰ ਸਾਈਕਲਿੰਗ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧੇਗੀ ਅਤੇ ਪੰਜਾਬ ਵਿੱਚੋਂ ਵੀ ਵੱਧ ਤੋਂ ਵੱਧ ਖਿਡਾਰੀ ਪੇਸ਼ੇਵਰ ਸਾਈਕਲਿੰਗ ਨਾਲ ਜੁੜਨਗੇ।

ਸ਼੍ਰੀ ਕਾਹਲੋਂ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਲਈ ਵਿਸ਼ੇਸ਼ ਕੈਂਪ ਲਾ ਕੇ ਟ੍ਰੇਨਿੰਗ ਕਰਵਾਈ ਜਾਵੇਗੀ ਤਾਂ ਜੋ ਇਹ ਖਿਡਾਰੀ ਕੌਮਾਂਤਰੀ ਮੁਕਾਬਲੇ ਵਿੱਚ ਤਗਮੇ ਹਾਸਲ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਸਾਈਕਲਿੰਗ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਬਹੁਤ ਜਲਦ ਪੰਜਾਬ ਵਿੱਚ ਇੱਕ ਵੱਡੇ ਪੱਧਰ ਦਾ ਸਾਈਕਲਿੰਗ ਟੂਰਨਾਮੈਂਟ ਕਰਵਾਇਆ ਜਾਵੇਗਾ।

ਸ਼੍ਰੀ ਕਾਹਲੋਂ ਨੇ ਦੱਸਿਆ ਕਿ ਕੌਮੀ ਅਤੇ ਕੌਮਾਂਤਰੀ ਸਾਈਕਲਿਸਟਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੱਧਰ ਉੱਤੇ ਇਸ ਖੇਡ ਦੀ ਪ੍ਰਫੁੱਲਤਾ ਲਈ ਕਦਮ ਚੁੱਕੇ ਜਾ ਰਹੇ ਹਨ। ਜਗਦੀਪ ਸਿੰਘ ਨੇ ਇਹ ਈਵੈਂਟ ਕਰਵਾਉਣ ਵਿੱਚ ਸਹਿਯੋਗ ਦੇਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ, ਖਾਸ ਕਰ ਕੇ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਇਸ ਮੌਕੇ ਇਹਨਾਂ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਨੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਪੰਜਾਬ ਵਿੱਚ ਬਹੁਤ ਹੀ ਪਿਆਰ ਤੇ ਸਤਿਕਾਰ ਮਿਲਿਆ ਹੈ, ਜਿਸ ਲਈ ਸਦਾ ਪੰਜਾਬ ਵਿੱਚ ਇਹ ਈਵੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਅਤੇ ਪੰਜਾਬ ਦੇ ਆਮ ਲੋਕਾਂ ਦੇ ਸਦਾ ਰਿਣੀ ਰਹਿਣਗੇ।

ਇਸ ਮੌਕੇ ਕੌਮਾਂਤਰੀ ਸਾਈਕਲਿਸਟ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਸੁਖਜਿੰਦਰ ਸਿੰਘ ਪਟਵਾਰੀ, ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਤੇ ਕੌਮੀ ਸਾਈਕਲਿਸਟ ਹਰਪਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫਸਰ ਤੇ ਕੌਮੀ ਸਾਈਕਲਿਸਟ ਸਤਿੰਦਰਪਾਲ ਸਿੰਘ, ਸੰਗਰੂਰ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਲਵਦੀਪ ਸਿੰਘ ਚੀਮਾ, ਕੌਮਾਂਤਰੀ ਸਾਈਕਲਿਸਟ ਤੇ ਸੰਗਰੂਰ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਜਨਰਲ ਬਖਸ਼ੀਸ਼ ਸਿੰਘ, ਖੇਡ ਪ੍ਰਮੋਟਰ ਮਨਦੀਪ ਸੁਨਾਮ, ਮਨੀਸ਼ ਦੂਆ, ਨੀਰਜ ਤੰਵਰ ਸੰਯੁਕਤ ਸਕੱਤਰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਵੀ.ਐਨ. ਸਿੰਘ ਸਹਾਇਕ ਸਕੱਤਰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਮਨੀਸ਼ ਸਾਹਨੀ, ਡਾ. ਅਨਿਤ ਕੁਮਾਰ, ਮਿਹਰ ਸਿੰਘ ਚੌਂਕੀ ਇੰਚਾਰਜ, ਵਿਨੇ ਸੀ.ਐਫ.ਆਈ., ਗੁਰਨਾਮ ਸਿੰਘ ਸੀ.ਐਫ. ਆਈ., ਸਤਵਿੰਦਰ ਸਿੰਘ ਸੀ.ਐਫ.ਆਈ., ਖਿਡਾਰੀ, ਖੇਡ ਪ੍ਰੇਮੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share this content:

Post Comment