ਬਦਲਦੀ ਵਿਸ਼ਵ ਵਿਵਸਥਾ ਵਿੱਚ ਭਾਰਤ
ਪਿਛਲੇ ਕੁਝ ਸਮੇਂ ਦੌਰਾਨ ਦੁਨੀਆ ਵਿੱਚ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ। ਅਮਰੀਕਾ ਦੀ ਆਰਥਿਕ ਅਤੇ ਫ਼ੌਜੀ ਸਰਦਾਰੀ ਹਾਲੇ ਵੀ ਕਾਫ਼ੀ ਮਜ਼ਬੂਤ ਹੈ ਪਰ ਇਸ ਨੂੰ ਲਗਾਤਾਰ ਵਧਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਭਰ ਰਹੇ ਅਰਥਚਾਰੇ ਅਤੇ ਵਿਕਾਸਸ਼ੀਲ ਦੇਸ਼ ਵੱਖ-ਵੱਖ ਵਿਸ਼ਵ ਪੱਧਰੀ ਮੰਚਾਂ ਅਤੇ ਸੰਸਥਾਵਾਂ ਰਾਹੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਕੌਮਾਂਤਰੀ ਮਾਮਲਿਆਂ ਵਿੱਚ ਆਪਣਾ ਬਣਦਾ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਸਮਾਂ ਸੀ ਜਦੋਂ ਭਾਰਤ ਇਨ੍ਹਾਂ ਮੰਚਾਂ ਉੱਤੇ ਮੋਹਰੀ ਭੂਮਿਕਾ ਨਿਭਾਉਂਦਾ ਸੀ। ਖ਼ਾਸਕਰ ਗੁੱਟ-ਨਿਰਲੇਪ ਅੰਦੋਲਨ ਰਾਹੀਂ ਭਾਰਤ ਨੇ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਦਿਸ਼ਾ ਪ੍ਰਦਾਨ ਕੀਤੀ ਸੀ, ਜੋ ਸਿਆਸੀ ਆਜ਼ਾਦੀ, ਆਰਥਿਕ ਨਿਆਂ ਅਤੇ ਨਿਆਂਪੂਰਨ ਕੌਮਾਂਤਰੀ ਵਿਵਸਥਾ ਲਈ ਸੰਘਰਸ਼ ਕਰ ਰਹੇ ਸਨ ਪਰ ਹੁਣ ਸਥਿਤੀ ਵਿੱਚ ਕਾਫ਼ੀ ਤਬਦੀਲੀ ਆ ਚੁੱਕੀ ਹੈ। ਉੱਭਰ ਰਹੀ ਵਿਸ਼ਵ ਵਿਵਸਥਾ ਨੂੰ ਰੂਪ ਦੇਣ ਵਿੱਚ ਭਾਰਤ ਦੀ ਆਵਾਜ਼ ਅਤੇ ਪ੍ਰਭਾਵ ਕਮਜ਼ੋਰ ਹੋਏ ਹਨ, ਜਿਸ ਨਾਲ ਇਸ ਦੀ ਵਿਦੇਸ਼ ਨੀਤੀ ਦੀ ਦਿਸ਼ਾ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਹਾਲ ਹੀ ਵਿੱਚ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਏ 49ਵੀਂ ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ ਸਿਖਰ ਸੰਮੇਲਨ ਅਤੇ ਕੁਆਡ ਮੁਲਕਾਂ ਦੀ ਮੀਟਿੰਗ ਨੇ ਇੱਕ ਵਾਰ ਫਿਰ ਇਸ ਹਕੀਕਤ ਨੂੰ ਸਾਹਮਣੇ ਲਿਆਂਦਾ ਹੈ। ਕੁਆਡ ਦੀ ਮੀਟਿੰਗ 2025 ਵਿੱਚ ਭਾਰਤ ਵਿੱਚ ਹੋਣੀ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਛਾ ਅਨੁਸਾਰ ਇਸ ਨੂੰ ਮਨੀਲਾ ਵਿੱਚ ਕਰਵਾਇਆ ਗਿਆ। ਸਭ ਤੋਂ ਵੱਧ ਚਰਚਾ ਵਾਲੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੋਨਲਡ ਟਰੰਪ ਨਾਲ ਪ੍ਰੈੱਸ ਕਾਨਫਰੰਸ ਵਿੱਚ ਖੜ੍ਹੇ ਹੋਣ ਦੀ ਕਥਿਤ ਝਿਜਕ ਰਹੀ। ਇਹ ਘਟਨਾ ਭਾਰਤ ਦੇ ਘਟਦੇ ਕੂਟਨੀਤਕ ਆਤਮ-ਵਿਸ਼ਵਾਸ ਅਤੇ ਰੁਤਬੇ ਦਾ ਪ੍ਰਤੀਕ ਬਣ ਗਈ ਹੈ। ਪ੍ਰਧਾਨ ਮੰਤਰੀ ਪੂਰੇ ਦੇਸ਼ ਦੀ ਨੁਮਾਇੰਦਗੀ ਕਰਦੇ ਹਨ ਅਤੇ ਹਰ ਭਾਰਤੀ ਦੀ ਇਹ ਸੁਭਾਵਿਕ ਇੱਛਾ ਹੋਵੇਗੀ ਕਿ ਦੇਸ਼ ਦੇ ਆਗੂ ਨੂੰ ਦੁਨੀਆ ਦੇ ਪ੍ਰਮੁੱਖ ਆਗੂਆਂ ਵਿੱਚ ਬਰਾਬਰ ਦੇ ਆਗੂ ਵਜੋਂ ਸਨਮਾਨ ਮਿਲੇ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੌਜੂਦਾ ਸਰਕਾਰ ਵੱਲੋਂ ਅਪਣਾਈ ਜਾ ਰਹੀ ਵਿਦੇਸ਼ ਨੀਤੀ ਨੇ ਇਹ ਪ੍ਰਭਾਵ ਪੈਦਾ ਕੀਤਾ ਹੈ ਕਿ ਭਾਰਤ ਇੱਕ ਸੁਤੰਤਰ ਅਤੇ ਸੰਤੁਲਿਤ ਕੌਮਾਂਤਰੀ ਭੂਮਿਕਾ ਨਿਭਾਉਣ ਦੀ ਬਜਾਏ ਅਮਰੀਕਾ ਉੱਤੇ ਬਹੁਤ ਜ਼ਿਆਦਾ ਨਿਰਭਰ ਹੁੰਦਾ ਜਾ ਰਿਹਾ ਹੈ।
ਇਸ ਨਾਜ਼ੁਕ ਮੋੜ ’ਤੇ ਭਾਰਤ ਨੂੰ ਵਾਸ਼ਿੰਗਟਨ ਅਤੇ ਤਹਿਰਾਨ ਦੋਵਾਂ ਨਾਲ ਆਪਣੇ ਸਬੰਧਾਂ ਤੇ ਕੂਟਨੀਤਕ ਪ੍ਰਭਾਵ ਦੀ ਵਰਤੋਂ ਕਰਦਿਆਂ ਗੱਲਬਾਤ ਅਤੇ ਸ਼ਾਂਤੀਪੂਰਨ ਹੱਲ ਦੀ ਅਪੀਲ ਕਰਨੀ ਚਾਹੀਦੀ ਹੈ। ਭਾਰਤ ਨੂੰ ਅਜਿਹੇ ਕਦਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਜਿਹੜੇ ਹੋਰ ਫ਼ੌਜੀ ਟਕਰਾਅ ਦਾ ਖ਼ਤਰਾ ਪੈਦਾ ਕਰਦੇ ਅਤੇ ਕੌਮਾਂਤਰੀ ਵਪਾਰ ਤੇ ਊਰਜਾ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਡੋਨਲਡ ਟਰੰਪ ਨਾਲ ਆਪਣੀ ਨਿੱਜੀ ਦੋਸਤੀ ਦਾ ਵਾਰ-ਵਾਰ ਜ਼ਿਕਰ ਕਰਦੇ ਰਹੇ ਹਨ। ਜੇਕਰ ਇਸ ਦੋਸਤੀ ਦੀ ਕੋਈ ਕੂਟਨੀਤਕ ਅਹਿਮੀਅਤ ਹੈ ਤਾਂ ਇਸ ਦੀ ਵਰਤੋਂ ਅਮਰੀਕੀ ਪ੍ਰਸ਼ਾਸਨ ਨੂੰ ਟਕਰਾਅ ਵਾਲੀਆਂ ਨੀਤੀਆਂ ਛੱਡ ਕੇ ਸ਼ਾਂਤੀਪੂਰਨ ਹੱਲ ਵੱਲ ਵਧਣ ਲਈ ਪ੍ਰੇਰਿਤ ਕਰਨ ਵਾਸਤੇ ਕੀਤੀ ਜਾਣੀ ਚਾਹੀਦੀ ਹੈ। ਇੱਕ ਚੰਗੀ ਗੱਲ ਇਹ ਰਹੀ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਕੇਂਦਰੀ ਮੰਤਰੀ ਮੁਸੱਦਿਕ ਮਸੂਦ ਮਲਿਕ ਨੂੰ ਪਹਿਲੇ ਸ਼ੰਘਾਈ ਸਹਿਯੋਗ ਸੰਗਠਨ ਸੱਭਿਅਤਾ ਸੰਵਾਦ ਮੰਚ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਇਹ ਦੋ ਗੁਆਂਢੀ ਦੇਸ਼ਾਂ ਵਿਚਕਾਰ ਸੰਵਾਦ ਮੁੜ ਸ਼ੁਰੂ ਕਰਨ ਵੱਲ ਇੱਕ ਸਵਾਗਤਯੋਗ ਕਦਮ ਹੈ। ਇਹ ਸਿਰਫ਼ ਇੱਕ ਇਕੱਲਾ ਕੂਟਨੀਤਕ ਕਦਮ ਬਣ ਕੇ ਨਹੀਂ ਰਹਿ ਜਾਣਾ ਚਾਹੀਦਾ ਸਗੋਂ ਇਸ ਤੋਂ ਬਾਅਦ ਆਰਥਿਕ ਸਹਿਯੋਗ, ਖੇਤਰੀ ਸਥਿਰਤਾ ਅਤੇ ਦਹਿਸ਼ਤਗਰਦੀ ਸਮੇਤ ਹੋਰ ਵਿਵਾਦਪੂਰਨ ਸਿਆਸੀ ਮੁੱਦਿਆਂ ਉੱਤੇ ਲਗਾਤਾਰ ਦੁਵੱਲੀ ਗੱਲਬਾਤ ਹੋਣੀ ਚਾਹੀਦੀ ਹੈ।
ਭਾਰਤ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਕਰਨਾ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨਾ ਜਾਂ ਆਪਣੀ ਸਥਿਤੀ ਕਮਜ਼ੋਰ ਕਰਨਾ ਨਹੀਂ ਹੈ। ਇਸ ਦੇ ਉਲਟ ਇੱਕ ਆਤਮ-ਵਿਸ਼ਵਾਸੀ ਅਤੇ ਜ਼ਿੰਮੇਵਾਰ ਮੁਲਕ ਨੂੰ ਆਪਣੇ ਜਾਇਜ਼ ਹਿੱਤਾਂ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰਦਿਆਂ ਗੱਲਬਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਬਦਲਦੀ ਕੌਮਾਂਤਰੀ ਸਥਿਤੀ ਭਾਰਤ ਸਾਹਮਣੇ ਚੁਣੌਤੀਆਂ ਦੇ ਨਾਲ-ਨਾਲ ਮੌਕੇ ਵੀ ਪੇਸ਼ ਕਰਦੀ ਹੈ। ਸਾਡੇ ਦੇਸ਼ ਵਿੱਚ ਇੱਕ ਹੋਰ ਜਮਹੂਰੀ, ਸ਼ਾਂਤੀਪੂਰਨ ਅਤੇ ਬਹੁ-ਧਰੁਵੀ ਵਿਸ਼ਵ ਦੀ ਉਸਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ ਪਰ ਇਸ ਲਈ ਅਜਿਹੀ ਵਿਦੇਸ਼ ਨੀਤੀ ਦੀ ਲੋੜ ਹੈ, ਜੋ ਰਣਨੀਤਕ ਖ਼ੁਦਮੁਖ਼ਤਿਆਰੀ, ਪ੍ਰਭੂਸੱਤਾ-ਆਧਾਰਿਤ ਫ਼ੈਸਲਿਆਂ, ਆਪਸੀ ਸਨਮਾਨ ਅਤੇ ਵਿਕਾਸਸ਼ੀਲ ਮੁਲਕਾਂ ਨਾਲ ਏਕੇ ਉੱਤੇ ਆਧਾਰਿਤ ਹੋਵੇ। ਭਾਰਤ ਨੂੰ ਉਸ ਸੁਤੰਤਰ ਕੂਟਨੀਤਕ ਪਰੰਪਰਾ ਵੱਲ ਮੁੜਨਾ ਚਾਹੀਦਾ ਹੈ, ਜਿਸ ਨੇ ਕਦੇ ਪੂਰੀ ਦੁਨੀਆ ਦੇ ਦੇਸ਼ਾਂ ਵਿੱਚ ਇਸ ਨੂੰ ਸਨਮਾਨਯੋਗ ਆਵਾਜ਼ ਪ੍ਰਦਾਨ ਕੀਤੀ ਸੀ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਦਾ ਮੁੜ ਮੁਲਾਂਕਣ ਕਰੇ ਅਤੇ ਕਿਸੇ ਇੱਕ ਵਿਸ਼ਵ ਸ਼ਕਤੀ ਉੱਤੇ ਬੇਹੱਦ ਨਿਰਭਰਤਾ ਤੋਂ ਬਾਹਰ ਨਿਕਲੇ। ਅਮਰੀਕਾ ਨਾਲ ਦੋਸਤੀ ਮਹੱਤਵਪੂਰਨ ਹੈ ਪਰ ਇਹ ਭਾਰਤ ਦੇ ਸੁਤੰਤਰ ਫ਼ੈਸਲੇ ਲੈਣ ਦੇ ਅਧਿਕਾਰ ਜਾਂ ਹੋਰ ਦੇਸ਼ਾਂ ਨਾਲ ਇਸ ਦੇ ਰਵਾਇਤੀ ਸਬੰਧਾਂ ਦੀ ਕੀਮਤ ’ਤੇ ਨਹੀਂ ਹੋਣੀ ਚਾਹੀਦੀ। ਭਾਰਤ ਨੂੰ ਬ੍ਰਿਕਸ, ਸ਼ੰਘਾਈ ਸਹਿਯੋਗ ਸੰਗਠਨ ਅਤੇ ਹੋਰ ਬਹੁਪੱਖੀ ਮੰਚਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਵਿਸ਼ਵ ਸੰਸਥਾਵਾਂ ਵਿੱਚ ਸੁਧਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸੰਘਰਸ਼-ਗ੍ਰਸਤ ਖੇਤਰਾਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਭਾਰਤ ਨੂੰ ਕਿਸੇ ਹੋਰ ਦੀ ਵਿਸ਼ਵ ਰਣਨੀਤੀ ਵਿੱਚ ਇੱਕ ਅਧੀਨ ਭਾਈਵਾਲ ਨਹੀਂ ਬਣਨਾ ਚਾਹੀਦਾ।
Share this content:



Post Comment