ਫੋਰਟੀਫਾਈਡ ਚੌਲਾਂ ਦੀ ਸਪਲਾਈ ਅਸਥਾਈ ਤੌਰ ’ਤੇ ਬੰਦ
ਨਵੀਂ ਦਿੱਲੀ, 28 ਫਰਵਰੀ – ਕੇਂਦਰ ਸਰਕਾਰ ਨੇ ਫੋਰਟੀਫਾਈਡ ਚੌਲਾਂ ਦੀ ਸਪਲਾਈ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਹੈ, ਜਿਸ ਨਾਲ ਸਾਧਾਰਨ ਚੌਲ ਕੇਂਦਰੀ ਪੂਲ ’ਚ ਭੇਜਣ ਦਾ ਰਾਹ ਖੁੱਲ੍ਹ ਗਿਆ ਹੈ। ਕੇਂਦਰੀ ਫ਼ੈਸਲੇ ਨਾਲ ਪੰਜਾਬ ਦੇ ਕਰੀਬ ਪੰਜ ਹਜ਼ਾਰ ਚੌਲ ਮਿੱਲ ਮਾਲਕਾਂ ਨੂੰ ਰਾਹਤ ਮਿਲੀ ਹੈ। ਇਸ ਫ਼ੈਸਲੇ ਨਾਲ ਪੰਜਾਬ ’ਚ ਹੁਣ ਨਵੇਂ ਅਨਾਜ ਭੰਡਾਰਨ ਲਈ ਜਗ੍ਹਾ ਖ਼ਾਲੀ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਵੇਲੇ ਦੇਸ਼ ਦੇ ਗੁਦਾਮਾਂ ’ਚ ਪਿਛਲੇ ਸਾਲਾਂ ਦੇ ਫੋਰਟੀਫਾਈਡ ਚੌਲਾਂ ਦਾ ਵੱਡਾ ਭੰਡਾਰ ਪਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਚੌਲ ਮਿੱਲ ਮਾਲਕਾਂ ਵੱਲੋਂ ਸਾਲ 2025-26 ਦੌਰਾਨ ਖ਼ਰੀਦੇ ਝੋਨੇ ਦੀ ਛੜਾਈ ਮਗਰੋਂ 102 ਲੱਖ ਮੀਟਰਿਕ ਟਨ ਚੌਲ ਕੇਂਦਰੀ ਪੂਲ ’ਚ ਦਿੱਤਾ ਜਾਣਾ ਹੈ। ਇਸ ਕੁੱਲ ਮਾਤਰਾ ’ਚੋਂ 82 ਲੱਖ ਮੀਟਰਿਕ ਟਨ ਪੌਸ਼ਟਿਕ ਤੱਤਾਂ ਵਾਲਾ ਫੋਰਟੀਫਾਈਡ ਚੌਲ ਕੇਂਦਰ ਨੂੰ ਦਿੱਤਾ ਜਾਣਾ ਸੀ। ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਅੱਜ ਸੂਬਿਆਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ’ਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਤੇ ਹੋਰ ਭਲਾਈ ਯੋਜਨਾਵਾਂ ਲਈ ਫੋਰਟੀਫਾਈਡ ਚੌਲ ਦੀ ਸਪਲਾਈ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ’ਚ ਇਸ ਵੇਲੇ 2023-24, 2024-25 ਅਤੇ 2025-26 ਦੇ ਤਿੰਨ ਸਾਲਾਂ ਦਾ ਫੋਰਟੀਫਾਈਡ ਚੌਲ ਗੁਦਾਮਾਂ ਵਿੱਚ ਵੱਡੀ ਮਾਤਰਾ ਵਿੱਚ ਪਿਆ ਹੈ। ਪੰਜਾਬ ਸਾਲ 2025-26 ਦੇ 102 ਲੱਖ ਮੀਟਰਿਕ ਟਨ ’ਚੋਂ 40 ਲੱਖ ਮੀਟਰਿਕ ਟਨ ਚੌਲ ਦੇ ਚੁੱਕਾ ਹੈ ਜਦੋਂਕਿ 62 ਲੱਖ ਮੀਟਰਿਕ ਟਨ ਫੋਰਟੀਫਾਈਡ ਚੌਲ ਦਿੱਤਾ ਜਾਣਾ ਸੀ। ਕੇਂਦਰ ਸਰਕਾਰ ਨੇ ਅੱਜ ਪੱਤਰ ਜਾਰੀ ਕਰ ਕੇ ਫੋਰਟੀਫਾਈਡ ਚੌਲ ਦੀ ਥਾਂ ਫ਼ਿਲਹਾਲ ਸਾਧਾਰਨ ਚੌਲ ਹੀ ਲੈਣ ਦਾ ਫ਼ੈਸਲਾ ਕੀਤਾ ਹੈ।
Share this content:


Post Comment