Loading Now

ਫ਼ਿਰੋਜ਼ਪੁਰ ਵਿਖੇ 14 ਤੇ 15 ਨਵੰਬਰ ਨੂੰ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ

ਫ਼ਿਰੋਜ਼ਪੁਰ ਵਿਖੇ 14 ਤੇ 15 ਨਵੰਬਰ ਨੂੰ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ

*ਪੰਜਾਬ ਦੇ 35 ਸਾਲ ਤੋਂ 100 ਸਾਲ ਤੱਕ ਉਮਰ ਵਰਗ ਦੇ ਖਿਡਾਰੀ ਹੋਣਗੇ ਸ਼ਾਮਲ

ਫ਼ਿਰੋਜ਼ਪੁਰ, 24 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜ਼ਿਲ੍ਹਾ ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋ, ਜਨਰਲ ਸਕੱਤਰ ਈਸ਼ਵਰ ਦਾਸ ਸ਼ਰਮਾ ਦੀ ਅਗਵਾਈ ਹੇਠ ਹੋਈ। ਇਸ ਮੌਕੇ  ਉਹਨਾਂ ਕਿਹਾ ਕਿ ਲੋਕਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਦਾ ਆਯੋਜਨ 14 ਅਤੇ 15 ਨਵੰਬਰ 2026 ਨੂੰ  ਸਥਾਨਕ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੀਤਾ ਜਾ ਰਿਹਾ ਹੈ। ਉਹਨਾਂ  ਦੱਸਿਆ ਕਿ ਇਹ ਖੇਡ ਮੁਕਾਬਲੇ ਮਾਸਟਰ ਅਥਲੈਟਿਕ ਫੈਡਰੇਸ਼ਨ ਆਫ ਪੰਜਾਬ ਪ੍ਰਧਾਨ ਰਜਿੰਦਰ ਸਿੰਘ ਸਿੱਧਵਾਂ, ਸਕੱਤਰ ਪ੍ਰਗਟ ਸਿੰਘ ਗਿੱਲ ਅਤੇ ਚੇਅਰਮੈਨ ਰਜਵੰਤ ਸਿੰਘ ਘੁੱਲੀ (ਆਫਿਸ ਇੰਚਾਰਜ, ਮੁੱਖ ਮੰਤਰੀ ਪੰਜਾਬ) ਦੀ ਅਗਵਾਈ ਹੇਠ ਕਰਵਾਏ ਜਾਣੇ ਹਨ। ਉਹਨਾਂ ਕਿਹਾ ਕਿ ਇਸ ਵਿੱਚ 35 ਸਾਲ ਤੋਂ ਲੈ ਕੇ 100 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈ ਸਕਣਗੇ। ਮੁਕਾਬਲਿਆਂ ਦਾ ਮੁੱਖ ਉਦੇਸ਼ ਵਧਦੀ ਉਮਰ ਵਿੱਚ ਵੀ ਸਰੀਰਕ ਤੰਦਰੁਸਤੀ, ਖੇਡ ਭਾਵਨਾ ਅਤੇ ਸਰਗਰਮ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਐਸੋਸੀਏਸ਼ਨ ਦੇ ਆਗੂਆਂ ਦੱਸਿਆ ਕਿ ਟਰੈਕ ਈਵੈਂਟਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 3000 ਮੀਟਰ ਦੌੜ, 3000 ਮੀਟਰ ਪੈਦਲ ਚਾਲ ਅਤੇ 5000 ਮੀਟਰ ਪੈਦਲ ਚਾਲ ਸਮੇਤ ਵੱਖ-ਵੱਖ ਉਮਰ ਵਰਗਾਂ ਲਈ ਮੁਕਾਬਲੇ ਕਰਵਾਏ ਜਾਣਗੇ।

ਇਸ ਤੋਂ ਇਲਾਵਾ ਫੀਲਡ ਈਵੈਂਟਸ ਵਿੱਚ ਲੰਬੀ ਛਾਲ, ਉੱਚੀ ਛਾਲ, ਤੀਹਰੀ ਛਾਲ, ਗੋਲਾ ਸੁੱਟਣਾ, ਡਿਸਕਸ ਸੁੱਟਣਾ, ਜੈਵਲਿਨ ਸੁੱਟਣਾ, ਹੈਮਰ ਥਰੋਅ ਅਤੇ 40 ਤੋਂ 80 ਸਾਲ ਤੱਕ ਦੇ ਖਿਡਾਰੀਆਂ ਲਈ ਪੋਲ ਵਾਲਟ ਦੇ ਮੁਕਾਬਲੇ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਉਮਰ ਖੇਡਾਂ ਵਿੱਚ ਭਾਗ ਲੈਣ ਲਈ ਕੋਈ ਰੁਕਾਵਟ ਨਹੀਂ, ਸਗੋਂ ਖੇਡਾਂ ਨਾਲ ਜੁੜ ਕੇ ਹਰ ਵਿਅਕਤੀ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦਾ ਹੈ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ। ਇਸ ਮੀਟ ਰਾਹੀਂ ਤਜਰਬੇਕਾਰ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ। ਐਸੋਸੀਏਸ਼ਨ ਵੱਲੋਂ ਸਮੂਹ ਖਿਡਾਰੀਆਂ, ਖੇਡ ਪ੍ਰੇਮੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਅਤੇ ਮਾਸਟਰਜ਼ ਅਥਲੈਟਿਕਸ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਚੇਅਰਮੈਨ ਗੁਰਦਿਆਲ ਸਿੰਘ ਵਿਰਕ, ਪ੍ਰਗਟ ਸਿੰਘ ਗਿੱਲ, ਕੈਸ਼ੀਅਰ ਦਲੀਪ ਸਿੰਘ ਸੰਧੂ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ, ਹਰਬਰਿੰਦਰ ਸਿੰਘ ਹਰਜੀਤ, ਸਿੰਘ ਸਿੱਧੂ, ਸਰਬਜੀਤ ਸਿੰਘ ਸਾਬਾ, ਗੁਰਿੰਦਰ ਸਿੰਘ, ਰਿਟਾਇਰਡ ਲੈਕਚਰਾਰ ਮਨਜੀਤ ਸਿੰਘ, ਸਤਿੰਦਰ ਸਿੰਘ ਬਾਠ ਆਦਿ ਹਾਜ਼ਰ ਸਨ।

Share this content:

Post Comment