Loading Now

ਪੰਜ ਦਿਨਾ ਗੁਰਸ਼ਰਨ ਸਿੰਘ ਨਾਟ ਉਤਸਵ ਆਗਾਜ਼ 7 ਦਸੰਬਰ ਤੋਂ ਹੋਵੇਗਾ

ਪੰਜ ਦਿਨਾ ਗੁਰਸ਼ਰਨ ਸਿੰਘ ਨਾਟ ਉਤਸਵ ਆਗਾਜ਼ 7 ਦਸੰਬਰ ਤੋਂ ਹੋਵੇਗਾ

*ਹੁਣ ਰੰਗਮੰਚ ਦਰਸ਼ਕਾਂ ਦੇ ਸੁਚੇਤ ਸਹਿਯੋਗ ਸਦਕਾ ਹੀ ਹੋ ਸਕੇਗਾ-ਅਨੀਤਾ ਸ਼ਬਦੀਸ਼

ਚੰਡੀਗੜ੍ਹ, 6 ਦਸੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ ਏ.ਡੀ.ਪੀ ਨਿਊਜ਼) – ਸੁਚੇਤਕ ਰੰਗਮੰਚ ਮੋਹਾਲੀ 2004 ਤੋਂ ਲਗਾਤਾਰ ‘ਗੁਰਸ਼ਰਨ ਸਿੰਘ ਨਾਟ ਉਤਸਵ’ ਕਰਦਾ ਆ ਰਿਹਾ ਹੈ. ਇਸਦਾ ਆਗਾਜ਼ ਸ੍ਰ. ਗੁਰਸ਼ਰਨ ਸਿੰਘ ਨੂੰ ਸੰਗੀਤ ਨਾਟਕ ਅਕਾਦਮੀ ਤੇ ਕਾਲੀਦਾਸ ਸਨਮਾਨ ਮਿਲਣ ਦੀ ਖ਼ੁਸ਼ੀ ਸਾਂਝੀ ਕਰਨ ਲਈ ਕੀਤਾ ਗਿਆ ਸੀ. ਉਹ ਉਸ ਵੇਲ਼ੇ ਕੌਮੀ ਪੱਧਰ ਦੇ ਦੋ ਵੱਕਾਰੀ ਸਨਮਾਨ ਹਾਸਿਲ ਕਰਨ ਵਾਲ਼ੇ ਇਕਲੌਤੇ ਪੰਜਾਬੀ ਨਾਟਕਕਾਰ ਸਨ ਤੇ ਅੱਜ ਵੀ ਉਹੀ ਹਨ। ਉਸ ਵੇਲ਼ੇ ਸੁਚੇਤਕ ਰੰਗਮੰਚ ਦੇ ਸੱਦੇ ’ਤੇ ਗੁਰਸ਼ਰਨ ਸਿੰਘ ਦੀਆਂ ਨੰਗਲ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀਆਂ ਟੀਮਾਂ ਦਾ ਹਿੱਸਾ ਰਹੇ ਸਾਰੇ ਕਲਾਕਾਰ ਸ਼ਾਮਲ ਹੋਏ ਸਨ. ਉਸ ਪ੍ਰੋਗਰਾਮ ਵਿੱਚ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਿਰਜਕ ਜਤਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸਨਮਾਨ ਭੇਂਟ ਕੀਤਾ ਗਿਆ ਸੀ. ਉਸ ਸਮਾਗਮ ਨੂੰ ਐਡਾ ਵੱਡਾ ਹੁੰਗਾਰਾ ਮਿਲਿਆ ਕਿ ‘ਗੁਰਸ਼ਰਨ ਸਿੰਘ ਨਾਟ ਉਤਸਵ’ ਚੰਡੀਗੜ੍ਹ ਦੀਆਂ ਰੰਗਮੰਚੀ ਸਰਗਰਮੀਆਂ ਦਾ ਸਥਾਈ ਅੰਗ ਬਣ ਗਿਆ ਹੈ. ਇਹ ਇਸ ਸਾਲ 7 ਦਸੰਬਰ ਤੋਂ 11 ਦਸੰਬਰ ਤੱਕ ਹੋਣ ਜਾ ਰਿਹਾ ਹੈ, ਜਿਸ ਵਿੱਚ ਛੇ ਨਾਟਕ ਖੇਡੇ ਜਾਣਗੇ।

7 ਦਸੰਬਰ ਨੂੰ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਸੁਰਿੰਦਰ ਸ਼ਰਮਾ ਦਾ ਨਾਟਕ ਪੇਸ਼ ਹੋਵੇਗਾ। ਇਹ ਨਾਟਕ ਪੰਜਾਬੀ ਸਮਾਜ ਅੰਦਰ ਵਿਦੇਸ਼ ਜਾਣ ਦੀ ਦੌੜ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਹੋਵੇਗਾ. ਇਸ ਤੋਂ ਅਗਲੇ ਦਿਨ ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਨਾਟਕ ਖੇਡਿਆ ਜਾਵੇਗਾ. ਇਹ ਨਾਟਕ ਥਰਡ ਜੈਂਡਰ ਦੇ ਜੀਵਨ ਨੂੰ ਪੇਸ਼ ਕਰੇਗਾ. 9 ਦਸੰਬਰ ਨੂੰ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਬਜ਼ੁਰਗਾਂ ਦੇ ਪਰਿਵਾਰਕ ਜੀਵਨ ਦੀ ਹਲਚਲ ਨੂੰ ਜ਼ਾਹਰ ਕਰੇਗਾ. 10 ਦਸੰਬਰ ਦੀ ਸ਼ਾਮ ਗੁਰਸ਼ਰਨ ਸਿੰਘ ਦੇ ਨਾਟ-ਮੰਚ ਦੀ ਸ਼ੈਲੀ ਨੂੰ ਸਮਰਪਤ ਹੋਵੇਗਾ. ਇਸ ਦਿਨ ਉਨ੍ਹਾਂ ਦੇ ਦੋ ਨਾਟਕ ਖੇਡੇ ਜਾਣਗੇ. ਪਹਿਲਾ ਨਾਟਕ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ‘ਰਾਹਤ’ ਹੋਵੇਗਾ, ਜੋ ਹੜ੍ਹਾਂ ਦੀ ਮਾਰ ਹੇਠ ਦੁੱਖ ਝੱਲ ਰਹੇ ਆਵਾਮ ਦੇ ਦੁੱਖਾਂ ਅਤੇ ਸਿਆਸੀ ਨੇਤਾਵਾਂ ਤੇ ਅਫਸਰਸ਼ਾਹੀ ਦੇ ਪਾਖੰਡਾਂ ਦਾ ਪਰਦਾ ਫਾਸ਼ ਕਰੇਗਾ. ਇਸਦਾ ਨਿਰਦੇਸ਼ਨ ਇਕੱਤਰ ਸਿੰਘ ਵੱਲੋਂ ਹੋਵੇਗਾ. ਇਸ ਸ਼ਾਮ ਦਾ ਦੂਸਰਾ ਨਾਟਕ ‘ਸੁਖੀ ਬਸੈ ਮਸਕੀਨੀਆ’ ਸਟੇਜ਼ ਟੂ ਸਕਰੀਨ ਕਲੱਬ ਮੋਹਾਲੀ ਵੱਲੋਂ ਰਮਨ ਢਿੱਲੋਂ ਦੀ ਨਿਰਦੇਸ਼ਨਾ ਹੇਠ ਪੇਸ਼ ਹੋਵੇਗਾ. ਇਹ ਨਾਟਕ ਭ੍ਰਿਸ਼ਟ ਨਿਜ਼ਾਮ ਦੇ ਵਰਤਾਰੇ ਨੂੰ ਪੇਸ਼ ਕਰਦਾ ਹੈ, ਜਿਸ ਦੇ ਸ਼ਿਕਾਰ ਲੋਕ ਜੀਵਨ ਦੇ ਸੱਚੇ ਆਦਰਸ਼ਾਂ ਤੋਂ ਪਰ੍ਹੇ ਜਾ ਕੇ ਦਰਦ ਹੰਢਾਉਂਦੇ ਹਨ।

ਗੁਰਸ਼ਰਨ ਸਿੰਘ ਨਾਟ ਉਤਸਵ ਦੇ ਸਿਖ਼ਰਲੇ ਦਿਨ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਦੀ ਜੀਵਨ ਗਾਥਾ ਪੇਸ਼ ਕਰਦਾ ਨਾਟਕ ‘ਖਿੜਦੇ ਰਹਿਣ ਗੁਲਾਬ’ ਨਾਟਕ ਪੇਸ਼ ਹੋਵੇਗਾ. ਇਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋਂ ਕੀਤਾ ਜਾਵੇਗਾ ਤੇ ਸੋਲੋ ਨਾਟਕ ਵਿੱਚ ਅਭਿਨੈ ਵੀ ਉਹੀ ਕਰਨਗੇ। ਅਨੀਤਾ ਸ਼ਬਦੀਸ਼ ਨੇ ਗੁਰਸ਼ਰਨ ਸਿੰਘ ਨਾਟ ਉਤਸਵ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਲਾਜ਼ਮੀ ਹਨ, ਤਾਂਕਿ ਕਲਾ ਜਗਤ ਵਿੱਚ ਗੂੜ੍ਹੀਆਂ ਪੈੜਾਂ ਪਾ ਗਏ ਲੋਕਾਂ ਨੂੰ ਯਾਦ ਰੱਖਿਆ ਜਾ ਸਕੇ, ਪਰ ਕੁਝ ਸਾਲਾਂ ਤੋਂ ਰੰਗਮੰਚ ਨੂੰ ਭਾਰੀ ਸੰਕਟ ’ਚੋਂ ਗੁਜ਼ਰਨਾ ਪੈ ਰਿਹਾ ਹੈ. ਇਹ ਸੰਕਟ ਦਰਸ਼ਕਾਂ ਦੇ ਸਰਗਰਮ ਸਹਿਯੋਗ ਸਦਕਾ ਹੀ ਖ਼ਤਮ ਕੀਤਾ ਜਾ ਸਕਦਾ ਹੈ. ਇੱਕ ਵੇਲ਼ਾ ਸੀ, ਜਦੋਂ ਸਰਕਾਰੀ ਗ੍ਰਾਂਟ ਮਿਲ ਜਾਂਦੀ ਸੀ, ਹੁਣ ਨਿਜ਼ਾਮ ਏਨਾ ਬਦਲ ਗਿਆ ਹੈ ਕਿ ਲੋਕਾਂ ਦਾ ਸਹਿਯੋਗ ਹੀ ਰੰਗਮੰਚ ਨੂੰ ਬਚਾ ਸਕਦਾ ਹੈ।

Share this content:

Post Comment