ਪੰਜਾਬ ਮੰਡੀ ਬੋਰਡ ਹੋਈ ਡਿਜੀਟਲ, ਪੀ ਐੱਮ ਬੀ ਕੁਨੈਕਟ ਮੋਬਾਈਲ ਐਪ ਲਾਂਚ
ਚੰਡੀਗੜ੍ਹ, 22 ਅਪ੍ਰੈਲ – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਅੱਜ ਇਥੇ ਮੋਬਾਈਲ ਐਪਲੀਕੇਸ਼ਨ ‘ਪੀ ਐੱਮ ਬੀ ਕੁਨੈਕਟ ਮੋਬਾਈਲ ਐਪ’ ਲਾਂਚ ਕੀਤੀ ਗਈ। ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਇਸ ਐਪ ਨੂੰ ਲਾਂਚ ਕਰਦਿਆਂ ਸ੍ਰੀ ਬਰਸਟ ਨੇ ਕਿਹਾ ਕਿ ਇਹ ਕਦਮ ਮੰਡੀ ਪ੍ਰਣਾਲੀ ਨੂੰ ਡਿਜੀਟਲਾਈਜ਼ ਕਰਨ ਅਤੇ ਹੋਰ ਸੁਖਾਲੀ ਕਰਨ ਵੱਲ ਮਹੱਤਵਪੂਰਨ ਕਦਮ ਹੈ। ਐਪ ਰਾਹੀਂ ਖੇਤੀਬਾੜੀ ਸੈਕਟਰ ਨਾਲ ਸਬੰਧ ਸਾਰੀਆਂ ਧਿਰਾਂ ਖਾਸ ਕਰਕੇ ਕਿਸਾਨਾਂ ਅਤੇ ਲਾਇਸੈਂਸਧਾਰਕਾਂ ਨੂੰ ਇੱਕੋ ਪਲੇਟਫਾਰਮ ’ਤੇ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇਹ ਐਪ ਸਿਰਫ਼ ਇੱਕ ਕਲਿੱਕ ਰਾਹੀਂ ਕਿਸਾਨਾਂ, ਲਾਇਸੈਂਸਧਾਰਕਾਂ, ਮਾਰਕੀਟ ਕਮੇਟੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਨਲਾਈਨ ਸੇਵਾਵਾਂ ਨਾਲ ਜੋੜੇਗੀ।
ਐਪ ਰਾਹੀਂ ਹੁਣ ਕਿਸਾਨ ਆਪਣੇ ਸਾਰੇ ਜੇ-ਫਾਰਮ ਇੱਕੋ ਥਾਂ ’ਤੇ ਪ੍ਰਾਪਤ ਕਰ ਸਕਦੇ ਹਨ। ਉਹ ਇਨ੍ਹਾਂ ਨੂੰ ਵੇਖ ਸਕਦੇ ਹਨ, ਡਾਊਨਲੋਡ ਕਰ ਸਕਦੇ ਹਨ ਅਤੇ ਲੋੜ ਪੈਣ ’ਤੇ ਸਾਂਝਾ ਵੀ ਕਰ ਸਕਦੇ ਹਨ। ਇਸ ਸਹੂਲਤ ਨਾਲ ਕਿਸਾਨਾਂ ਦੀ ਲਾਇਸੈਂਸਧਾਰਕਾਂ ਅਤੇ ਸਰਕਾਰੀ ਦਫ਼ਤਰਾਂ ’ਤੇ ਨਿਰਭਰਤਾ ਘਟੇਗੀ, ਕਿਉਂਕਿ ਉਨ੍ਹਾਂ ਕੋਲ ਆਪਣੇ ਸਾਰੇ ਰਿਕਾਰਡ ਮੋਬਾਈਲ ’ਤੇ ਉਪਲਬਧ ਹੋਣਗੇ। ਇਸ ਤੋਂ ਇਲਾਵਾ ਲਾਇਸੈਂਸਧਾਰਕਾਂ ਲਈ ਇਹ ਐਪ ਉਨ੍ਹਾਂ ਦੇ ਕਾਰੋਬਾਰ ਨੂੰ ਸੁਖਾਲਾ ਬਣਾਏਗੀ। ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਐਪ ਰਾਹੀਂ ਲਾਇਸੈਂਸਧਾਰਕ ਦੀ ਜਾਣਕਾਰੀ ਤੁਰੰਤ ਚੈੱਕ ਕਰ ਸਕਦੇ ਹਨ। ਮੰਡੀ ਬੋਰਡ ਦਾ ਫੀਲਡ ਸਟਾਫ, ਜੋ ਰੋਜ਼ ਮੰਡੀ ਵਿੱਚ ਫਸਲ ਦੀ ਆਮਦ, ਖਰੀਦ ਅਤੇ ਚੁਕਾਈ ਦੀ ਰਿਪੋਰਟ ਕਰਦੇ ਹਨ, ਉਹ ਵੀ ਹੁਣ ਕਿਸੇ ਵੀ ਥਾਂ ’ਤੇ ਬੈਠ ਕੇ ਆਪਣੀ ਰਿਪੋਰਟ ਭੇਜ ਸਕਦੇ ਹਨ, ਇਸ ਨਾਲ ਡਾਟਾ ਪ੍ਰੋਸੈਸਿੰਗ ਤੇਜ਼ ਹੋਵੇਗਾ ਅਤੇ ਮੁੱਖ ਦਫ਼ਤਰ ਤੱਕ ਸਮੇਂ ਸਿਰ ਜਾਣਕਾਰੀ ਪਹੁੰਚੇਗੀ।
Share this content:



Post Comment