Loading Now

ਪੰਜਾਬ ਪੁਲਿਸ ਨੇ ਦਰਬਾਰ ਸਾਹਿਬ ਤੋਂ ਚੁੱਕੇ ਦੋ ਵਿਅਕਤੀ, SGPC ਸਕੱਤਰ ਪ੍ਰਤਾਪ ਸਿੰਘ ਨੇ ਜ਼ਾਹਰ ਕੀਤਾ ਰੋਸ

ਪੰਜਾਬ ਪੁਲਿਸ ਨੇ ਦਰਬਾਰ ਸਾਹਿਬ ਤੋਂ ਚੁੱਕੇ ਦੋ ਵਿਅਕਤੀ, SGPC ਸਕੱਤਰ ਪ੍ਰਤਾਪ ਸਿੰਘ ਨੇ ਜ਼ਾਹਰ ਕੀਤਾ ਰੋਸ

ਅੰਮ੍ਰਿਤਸਰ, 31 ਜਨਵਰੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਕੱਲ੍ਹ ਪੰਜਾਬ ਪੁਲੀਸ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਦੋ ਵਿਅਕਤੀਆਂ ਨੂੰ ਚੁੱਕੇ ਜਾਣ ਦੀ ਕਾਰਵਾਈ ’ਤੇ ਪ੍ਰਤੀਕਰਮ ਦਿੰਦਿਆਂ ਇਸ ਨੂੰ ਪੁਲੀਸ ਦੀ ਆਪਮੁਹਾਰੀ ਕਾਰਵਾਈ ਅਤੇ ਪ੍ਰਬੰਧਾਂ ’ਚ ਦਖ਼ਲ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਪ੍ਰਬੰਧਕਾਂ ਨੂੰ ਬਿਨਾਂ ਕਿਸੇ ਜਾਣਕਾਰੀ ਦਿੱਤੇ ਪੁਲੀਸ ਵੱਲੋਂ ਕਿਸੇ ਨੂੰ ਹਿਰਾਸਤ ਵਿਚ ਲਏ ਜਾਣ ਦੀ ਕਾਰਵਾਈ ਅਣਉਚਿੱਤ ਅਤੇ ਸੰਗਤਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਹੈ।

ਸਕੱਤਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ, ਜਿੱਥੇ ਪੁਲੀਸ ਨੂੰ ਅਜਿਹੀ ਹਰਕਤ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਪੁਲੀਸ ਕਾਰਵਾਈ ਦੀ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਜੇ ਕਿਸੇ ਵਿਅਕਤੀ ਨੂੰ ਕਿਸੇ ਦੋਸ਼ ਤਹਿਤ ਹਿਰਾਸਤ ਵਿਚ ਲੈਣ ਦੀ ਲੋੜ ਸੀ ਤਾਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਪੁਲੀਸ ਦੀ ਹਰਕਤ ਸਬੰਧੀ ਪ੍ਰਬੰਧਕੀ ਤੌਰ ’ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਕਾਰਜਕਾਰਨੀ ਕਮੇਟੀ ਨੂੰ ਸੌਂਪੀ ਜਾਵੇਗੀ।

ਦੱਸਣਯੋਗ ਹੈ ਕਿ ਬੀਤੇ ਕੱਲ ਤਰਨ ਤਾਰਨ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਕਰਮਾ ਵਿੱਚੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ। ਪੁਲੀਸ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ ਆਪ ਮੁਹਾਰੇ ਕੀਤੀ ਇਸ ਕਾਰਵਾਈ ਦਾ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਅਤੇ ਇਸ ਨੂੰ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਵੀ ਆਖਿਆ। ਜਦੋਂ ਪੁਲੀਸ ਵੱਲੋਂ ਇਹ ਕਾਰਵਾਈ ਕੀਤੀ ਗਈ ਤਾਂ ਪਰਿਕਰਮਾ ਵਿੱਚ ਹਾਜ਼ਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਕਰਮਚਾਰੀਆਂ ਨੇ ਰੋਸ ਵਜੋਂ ਪੁਲੀਸ ਦੇ ਦੋ ਕਰਮਚਾਰੀਆਂ ਨੂੰ ਰੋਕ ਲਿਆ ਅਤੇ ਪਰਿਕਰਮਾ ਦੇ ਇੱਕ ਕਮਰੇ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੂੰ ਬੰਦ ਕਰ ਦਿੱਤਾ। ਜਦੋਂ ਇਸ ਮਾਮਲੇ ਵਿੱਚ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਦਖਲ ਅੰਦਾਜ਼ੀ ਕੀਤੀ ਤਾਂ ਕਮਰੇ ਵਿੱਚ ਰੋਕੇ ਗਏ ਪੁਲੀਸ ਦੇ ਦੋ ਕਰਮਚਾਰੀਆਂ ਨੂੰ ਬਾਹਰ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ। ਬੀਤੇ ਕੱਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਪੁਲੀਸ ਨੇ ਵੀ ਇਸ ਮਾਮਲੇ ਵਿੱਚ ਚੁੱਪੀ ਧਾਰ ਰੱਖੀ ਸੀ।

Share this content:

Post Comment