Loading Now

ਪੰਜਾਬ ਨੇ 9 ਹਜ਼ਾਰ ਕਰੋੜ ਦੀ ਵਾਧੂ ਕੈਸ਼ ਕਰੈਡਿਟ ਲਿਮਟ ਮੰਗੀ

ਪੰਜਾਬ ਨੇ 9 ਹਜ਼ਾਰ ਕਰੋੜ ਦੀ ਵਾਧੂ ਕੈਸ਼ ਕਰੈਡਿਟ ਲਿਮਟ ਮੰਗੀ

ਚੰਡੀਗੜ੍ਹ, 19 ਨਵੰਬਰ – ਪੰਜਾਬ ਸਰਕਾਰ ਨੇ ਮੌਜੂਦਾ ਸਮੇਂ ਖਰੀਦ ਕੇਂਦਰਾਂ ਵਿੱਚ ਆ ਰਹੀ ਝੋਨੇ ਦੀ ਫ਼ਸਲ ਦੀ ਖਰੀਦ ਲਈ ਫ਼ੰਡ ਜੁਟਾਉਣੇ ਸ਼ੁਰੂ ਕੀਤੇ ਹਨ। ਪੰਜਾਬ ਸਰਕਾਰ ਨੇ ਚਾਲੂ ਖ਼ਰੀਦ ਸੀਜ਼ਨ ਦੌਰਾਨ 180 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਮੁਕੰਮਲ ਕਰ ਲਿਆ ਹੈ। ਹਾਲਾਂਕਿ ਮੰਡੀਆਂ ’ਚ ਹਾਲੇ ਵੀ ਫ਼ਸਲ ਆ ਰਹੀ ਹੈ। ਪੰਜਾਬ ਵਿੱਚ ਝੋਨੇ ਦੀ ਖ਼ਰੀਦ 186.59 ਲੱਖ ਟਨ ਤੱਕ ਪਹੁੰਚ ਗਈ ਹੈ, ਜਦੋਂ ਕਿ ਕੇਂਦਰ ਸਰਕਾਰ ਨੇ 180 ਲੱਖ ਟਨ ਦਾ ਟੀਚਾ ਤੈਅ ਕੀਤਾ ਹੋਇਆ ਹੈ। ਹੁਣ ਤੱਕ ਮਿੱਥੇ ਟੀਚੇ ਨਾਲੋਂ 6.59 ਲੱਖ ਟਨ ਝੋਨੇ ਦੀ ਫ਼ਸਲ ਵੱਧ ਖ਼ਰੀਦੀ ਜਾ ਚੁੱਕੀ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਚਾਲੂ ਸੀਜ਼ਨ ਲਈ 200 ਲੱਖ ਟਨ ਟੀਚਾ ਤੈਅ ਕਰਨ ਦੀ ਮੰਗ ਰੱਖੀ ਸੀ ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਪਾਸੇ ਕੋਈ ਹੁੰਗਾਰਾ ਨਹੀਂ ਭਰਿਆ ਹੈ। ਕੇਂਦਰੀ ਚੁੱਪ ਦੇ ਬਾਵਜੂਦ ਪੰਜਾਬ ਸਰਕਾਰ ਨੇ ਆਪਣੇ ਪੱਧਰ ’ਤੇ ਝੋਨੇ ਦੀ ਖ਼ਰੀਦ ਜਾਰੀ ਰੱਖੀ ਹੋਈ ਹੈ, ਜਿਸ ਦੀ ਹਾਲੇ ਵਿੱਤੀ ਮਨਜ਼ੂਰੀ ਮਿਲਣੀ ਬਾਕੀ ਹੈ। ਸੂਬਾ ਸਰਕਾਰ ਨੇ ਨਿਰਧਾਰਿਤ ਟੀਚੇ ਨਾਲੋਂ ਵੱਧ ਫ਼ਸਲੀ ਖ਼ਰੀਦ ਲਈ ਫ਼ੰਡ ਜੁਟਾਉਣ ਵਾਸਤੇ 9,000 ਕਰੋੜ ਰੁਪਏ ਦੀ ਵਾਧੂ ‘ਕੈਸ਼ ਕਰੈਡਿਟ ਲਿਮਿਟ’ (ਸੀ ਸੀ ਐੱਲ) ਦੀ ਮੰਗ ਕੀਤੀ ਹੈ।

ਕੇਂਦਰ ਸਰਕਾਰ ਨੂੰ ਇਹ ਲਿਮਿਟ 48,581 ਕਰੋੜ ਰੁਪਏ ਤੋਂ ਵਧਾ ਕੇ 57,000 ਕਰੋੜ ਰੁਪਏ ਕਰਨ ਲਈ ਪੱਤਰ ਭੇਜਿਆ ਹੈ। ਪੰਜਾਬ ਸਰਕਾਰ ਨੂੰ ਇਨ੍ਹਾਂ ਵਾਧੂ ਫ਼ੰਡਾਂ ਲਈ ਭਾਰਤੀ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਪੱਤਰ ਲਿਖ ਕੇ ਪੰਜਾਬ ਨੇ ਖ਼ਰੀਦ ਟੀਚੇ ’ਚ 20 ਲੱਖ ਟਨ ਦੇ ਵਾਧੇ ਦੀ ਮੰਗ ਕੀਤੀ ਸੀ। ਪੰਜਾਬ ਵਿੱਚ ਐਤਕੀਂ ਝੋਨੇ ਦੀ ਬੰਪਰ ਫ਼ਸਲ ਹੋਈ ਹੈ। ਸੂਬੇ ’ਚ ਇਸ ਵਾਰ ਕਰੀਬ 32 ਕੁਇੰਟਲ ਪ੍ਰਤੀ ਏਕੜ ਦਾ ਝਾੜ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਵੱਧ ਜਿਣਸ ਆਉਣ ਲਈ ਝੋਨੇ ਦੇ ਝਾੜ ਵਿੱਚ ਵਾਧੇ ਅਤੇ ਕਪਾਹ ਤੇ ਬਾਸਮਤੀ ਦੀ ਬਜਾਏ ਗੈਰ-ਬਾਸਮਤੀ ਝੋਨੇ ਹੇਠ ਰਕਬਾ ਵਧਣ ਦੀ ਦਲੀਲ ਦਿੱਤੀ ਹੈ। ਕੇਂਦਰ ਸਰਕਾਰ ਨੇ ਮੌਜੂਦਾ ਖ਼ਰੀਫ਼ ਮੰਡੀਕਰਨ ਸੀਜ਼ਨ ਲਈ ਪੰਜਾਬ ਨੂੰ ਸ਼ੁਰੂ ਵਿੱਚ 180 ਲੱਖ ਟਨ ਝੋਨਾ ਖ਼ਰੀਦਣ ਵਾਸਤੇ 48,581 ਕਰੋੜ ਰੁਪਏ ਦੀ ਸੀ ਸੀ ਐੱਲ ਮਨਜ਼ੂਰ ਕੀਤੀ ਸੀ।

ਮੁੱਖ ਮੰਤਰੀ ਵੱਲੋਂ ਦਾਣਾ ਦਾਣਾ ਖਰੀਦਣ ਦੀ ਹਦਾਇਤ

ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਖ਼ਰੀਦ ਕੇਂਦਰਾਂ ’ਚ ਆਉਣ ਵਾਲੀ ਜਿਣਸ ਦਾ ਦਾਣਾ ਦਾਣਾ ਖ਼ਰੀਦ ਕੀਤਾ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਖੱਜਲਖੁਆਰੀ ਨਹੀਂ ਹੋਣੀ ਚਾਹੀਦੀ। ਅਧਿਕਾਰੀਆਂ ਮੁਤਾਬਕ ਮੌਜੂਦਾ ਸੀਜ਼ਨ ’ਚ ਝੋਨੇ ਦੀ ਕੁੱਲ ਖ਼ਰੀਦ 192 ਲੱਖ ਟਨ ਨੂੰ ਛੂਹਣ ਦੀ ਉਮੀਦ ਹੈ।

Share this content:

Post Comment