ਪੰਜਾਬ ਦੇ ਦਰਦ, ਖੋਖਲੇ ਵਾਅਦਿਆਂ ਅਤੇ ਅਣਗੌਲੇ ਸਕੂਲਾਂ ਨੂੰ ਲੈ ਕੇ ਅੰਮ੍ਰਿਤਾ ਵੜਿੰਗ ਦਾ ਆਪ ਸਰਕਾਰ ‘ਤੇ ਤਿੱਖਾ ਹਮਲਾ
ਆਪ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਪੰਜਾਬ ਅਣਦੇਖੀ ਦਾ ਸ਼ਿਕਾਰ: ਕਾਂਗਰਸ
ਲੁਧਿਆਣਾ, 15 ਜੁਲਾਈ (ਗਿਆਨਾ ਸਿੰਘ) ਸਤਲੁਜ ਫਿਲਮ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਵਿਵਾਦ ਉੱਪਰ ਪ੍ਰਤੀਕਿਰਿਆ ਦਿੰਦਿਆਂ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਸਿੱਧੀ ਟਿੱਪਣੀ ਨਹੀਂ ਕਰਨਗੇ, ਲੇਕਿਨ ਉਹ ਹਮੇਸ਼ਾ ਤੋਂ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਦਰਦ ਤੇ ਦੁੱਖ ਦੇ ਨਾਲ ਖੜ੍ਹੀ ਰਹਿਣਗੇ। ਉਹ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ), ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ
ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੀ ਮੌਜੂਦਗੀ ਹੇਠ ਉਹ ਲੁਧਿਆਣਾ ਪੱਛਮੀ ਸਣੇ ਲੁਧਿਆਣਾ ਸ਼ਹਿਰੀ ਦੇ ਵੱਖ – ਵੱਖ ਇਲਾਕਿਆਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਕਿਚਲੂ ਨਗਰ ਸਥਿਤ ਸ਼੍ਰੀ ਰਾਮ ਸ਼ਰਨਮ ਦੇ ਮੁਖੀ ਨਰੇਸ਼ ਸੋਨੀ ਦੀ ਪਤਨੀ ਨੀਨਾ ਸੋਨੀ ਦੇ ਦੇਹਾਂਤ ‘ਤੇ ਉਨ੍ਹਾਂ ਦੇ ਗ੍ਰੀਨ ਪਾਰਕ, ਸਿਵਲ ਲਾਈਨਜ਼ ਵਿਖੇ ਦੁੱਖ ਦਾ ਪ੍ਰਗਟਾਵਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ, ਅੰਮ੍ਰਿਤਾ ਵੜਿੰਗ ਨੇ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।
ਜਦੋਂ ਮੀਡੀਆ ਨੇ ਸਤਲੁਜ ਫਿਲਮ ਦੇ ਵਿਵਾਦ ਅਤੇ ਅਦਾਕਾਰਾਂ ਦੇ ਬਿਆਨਾਂ ਬਾਰੇ ਪੁੱਛਿਆ ਕਿ ਕੀ ਇਸ ਨਾਲ ਪੰਜਾਬ ਦਾ ਮਾਹੌਲ ਹੋਰ ਖਰਾਬ ਹੋ ਸਕਦਾ ਹੈ, ਬਾਰੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਠੀਕ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਬਹੁਤ ਦਰਦ ਅਤੇ ਤਕਲੀਫ਼ ਸਹੀ ਹੈ। ਅਤੀਤ ਵਿੱਚ ਜੋ ਕੁਝ ਵੀ ਹੋਇਆ ਹੈ, ਉਹ ਠੀਕ ਨਹੀਂ ਸੀ। ਆਗੂਆਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਅਤੇ ਪੰਜਾਬ ਦੇ ਲੋਕਾਂ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੀ ਕਿਸੇ ਨੂੰ ਉਮੀਦ ਨਹੀਂ ਹੁੰਦੀ। ਇਹ ਠੀਕ ਨਹੀਂ ਹੈ।
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ ‘ਤੇ ਪੰਜਾਬੀਆਂ ਦੇ ਜ਼ਖ਼ਮਾਂ ਨੂੰ ਹਰਾ ਕਰਨ ਵਰਗਾ ਹੈ। ਅਸੀਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਤੋਂ ਅਜਿਹੇ ਵਿਵਹਾਰ ਦੀ ਉਮੀਦ ਨਹੀਂ ਕਰਦੇ ਹਨ। ਉਨ੍ਹਾਂ ਦੀ ਸਭ ਨੂੰ ਬੇਨਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੋ ਅਤੇ ਸਮਝੋ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕਿਹੜੇ ਹਾਲਾਤਾਂ ਦਾ ਸਾਹਮਣਾ ਕੀਤਾ ਹੈ।
ਇਸ ਦੌਰਾਨ ਕਾਂਗਰਸ ਪਾਰਟੀ ਦੇ ਅੰਦਰੂਨੀ ਮਤਭੇਦਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਟਿੱਪਣੀ ਕਰਨ ਦਾ ਕੋਈ ਮਤਲਬ ਨਹੀਂ ਹੈ। ਇਹ ਫੈਸਲਾ ਹਾਈਕਮਾਨ ਨੇ ਕਰਨਾ ਹੈ ਅਤੇ ਜੋ ਵੀ ਫੈਸਲਾ ਹੋਵੇਗਾ, ਉਹ ਤੁਹਾਡੇ ਸਭ ਦੇ ਸਾਹਮਣੇ ਆ ਜਾਵੇਗਾ। ਜਦਕਿ ਟੀਏ/ਡੀਏ ਦੇ ਮੁੱਦੇ ਨੂੰ ਚੁੱਕਦਿਆਂ, ਅੰਮ੍ਰਿਤਾ ਵੜਿੰਗ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ, ਕਿਹਾ ਕਿ ਪੰਜਾਬ ਦੇ ਸਰਕਾਰੀ
ਕਰਮਚਾਰੀਆਂ ਨੂੰ ਪਿਛਲੇ ਸਾਢੇ ਚਾਰ ਸਾਲਾਂ ਤੋਂ ਟੀਏ/ਡੀਏ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਇਹ ਵੀ ਨਾ ਭੁੱਲੋ ਕਿ ਸਾਢੇ ਚਾਰ ਸਾਲ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਹਰ ਭੈਣ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ। ਹੁਣ ਜਦੋਂ ਚੋਣਾਂ ਵਿੱਚ ਸਿਰਫ਼ ਤਿੰਨ-ਚਾਰ ਮਹੀਨੇ ਬਾਕੀ ਹਨ, ਤਾਂ ਸਰਕਾਰ ਨੇ ਪੈਸੇ ਖਾਤਿਆਂ ਵਿੱਚ ਪਾਉਣੇ ਸ਼ੁਰੂ ਕੀਤੇ ਹਨ। ਕੀ ਸਰਕਾਰ ਸਾਢੇ ਚਾਰ ਸਾਲ ਸੁੱਤੀ ਰਹੀ?
ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਸਭ ਕੁਝ ਸਮਝ ਚੁੱਕੇ ਹਨ। ਚੋਣਾਂ ਆਉਂਦਿਆਂ ਹੀ ਇਹ ਲੋਕ ਮੁੜ ਪੈਸੇ ਵੰਡ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ ਅਤੇ ਸਾਡੀਆਂ ਭੋਲੀਆਂ-ਭਾਲੀਆਂ ਭੈਣਾਂ ਦੇ ਵੋਟ ਲੈਣਾ ਚਾਹੁੰਦੇ ਹਨ। ਇਹ ਪੈਸਾ ਵੋਟਾਂ ਵਿੱਚ ਨਹੀਂ ਬਦਲੇਗਾ। ਉਹ ਆਪ ਦੀ ਪੂਰੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਦੇ ਹਨ ਕਿ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਓ, ਇਹ ਪੈਸਾ ਵੋਟਾਂ ਵਿੱਚ ਤਬਦੀਲ ਨਹੀਂ ਹੋਵੇਗਾ। ਤੁਸੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੈ ਅਤੇ ਲੋਕ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਸਰਕਾਰ ਬਦਲਣਗੇ।
ਇਸੇ ਤਰ੍ਹਾਂ, ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ‘ਤੇ ਚਿੰਤਾ ਜ਼ਾਹਿਰ ਕਰਦਿਆਂ, ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਅੱਜ ਨਸ਼ਾ ਪੰਜਾਬ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਕਾਰਨ ਅਣਗਿਣਤ ਘਰਾਂ ਦੇ ਚਿਰਾਗ ਬੁੱਝ ਗਏ ਹਨ ਅਤੇ ਬੇਸ਼ੁਮਾਰ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਰਕਾਰ ਇਨ੍ਹਾਂ ਗੰਭੀਰ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।
ਇਸ ਦੌਰਾਨ ਸਮਰਾਲਾ ਚੌਂਕ ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਸਤੀ ਸੁਧਾ ਵਿੱਚ 42,000 ਰੁਪਈਆਂ ਦੇ ਬਕਾਇਆ ਬਿੱਲ ਕਾਰਨ ਬਿਜਲੀ ਕੱਟੇ ਜਾਣ ਅਤੇ ਕਰੀਬ 200 ਬੱਚਿਆਂ ਨੂੰ ਸੋਮਵਾਰ ਨੂੰ ਬਿਨਾਂ ਬਿਜਲੀ ਅਤੇ ਪੱਖਿਆਂ ਦੇ ਗਰਮੀ ਵਿੱਚ ਬੈਠਣ ਲਈ ਮਜਬੂਰ ਹੋਣ ਦੇ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮਨਾਕ ਹੈ। ਆਪ ਸਰਕਾਰ ਆਪਣੀ ਕਥਿਤ ‘ਸਿੱਖਿਆ ਕ੍ਰਾਂਤੀ’ ਦਾ ਢਿੰਡੋਰਾ ਪਿੱਟਦੀ ਹੈ, ਪਰ ਹਕੀਕਤ ਇਹ ਹੈ ਕਿ ਨੰਨੇ ਵਿਦਿਆਰਥੀ ਬਿਨਾਂ ਪੱਖਿਆਂ ਦੇ ਗਰਮੀ ਵਿੱਚ ਤੜਫ਼ ਰਹੇ ਹਨ। ਇਹ ਕਿਹੋ ਜਿਹੀ ਕ੍ਰਾਂਤੀ ਹੈ, ਜਿਸ ਵਿੱਚ ਸਰਕਾਰ ਦੀ ਨਾਕਾਮੀ ਦੀ ਸਜ਼ਾ ਬੱਚਿਆਂ ਨੂੰ ਭੁਗਤਣੀ ਪੈਂਦੀ ਹੈ? ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਆਪ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ ਅਤੇ ਸਾਬਤ ਕਰਦੀ ਹੈ ਕਿ ਜ਼ਮੀਨੀ ਹਕੀਕਤ ਸਾਹਮਣੇ ਆਉਂਦਿਆਂ ਉਸਦੇ ਬਦਲਾਅ ਦੇ ਨਾਅਰੇ ਢਹਿ ਜਾਂਦੇ ਹਨ।
ਇਸ ਦੌਰੇ ਦੌਰਾਨ ਅੰਮ੍ਰਿਤਾ ਵੜਿੰਗ ਨੇ ਸ਼੍ਰੀ ਰਾਮ ਸ਼ਰਨਮ ਦੇ ਮੁਖੀ ਨਰੇਸ਼ ਸੋਨੀ ਦੇ ਨਿਵਾਸ ‘ਤੇ ਜਾ ਕੇ ਉਨ੍ਹਾਂ ਦੀ ਪਤਨੀ ਨੀਨਾ ਸੋਨੀ ਦੇ ਦੇਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।ਉਨ੍ਹਾਂ ਨੇ ਜਵਾਹਰ ਨਗਰ ਵਿਖੇ ਸੀਮਾ ਘਈ (ਲਾਲੀ ਘਈ ਦੀ ਭਰਜਾਈ ਅਤੇ ਰੂਪ ਲਾਲ ਘਈ ਦੀ ਪਤਨੀ) ਦੇ ਦੇਹਾਂਤ ‘ਤੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਕਾਂਗਰਸੀ ਆਗੂ ਇੰਦਰਜੀਤ ਕਪੂਰ, ਬਲਜੀਤ ਆਹੂਜਾ, ਵਰੁਣ ਸ਼ਰਮਾ, ਜਗਸੀਰ ਸਿੱਧੂ, ਮਨਰਾਜ ਠੁਕਰਾਲ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ, ਪੱਪਲ ਕਪੂਰ ਸਕੱਤਰ ਪੰਜਾਬ ਯੂਥ ਕਾਂਗਰਸ ਵੀ ਹਾਜ਼ਰ ਸਨ।
Share this content:



Post Comment