ਪੰਜਾਬ ਦਾ ਕਰੋੜਪਤੀ ਕੁਇਜ਼ ਮੁਕਾਬਲੇ ਲਈ ਬਣੇਗੀ ਮੋਬਾਈਲ ਐਪ ਤੇ ਵੈੱਬ ਪੋਰਟਲ
ਚੰਡੀਗੜ੍ਹ, 4 ਨਵੰਬਰ – ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਇਸ ਮੁਕਾਬਲੇ ਦੇ ਸੰਚਾਲਨ ਲਈ ਮੋਬਾਈਲ ਐਪ ਅਤੇ ਵੈੱਬ ਪੋਰਟਲ ਤਿਆਰ ਕਰਨ ਦੇ ਨਾਲ-ਨਾਲ ਇਸ ਦੇ ਤਕਨੀਕੀ ਸੰਚਾਲਨ ਦੀ ਜ਼ਿੰਮੇਵਾਰੀ ਗੁੱਡ ਗਵਰਨੈਂਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੂੰ ਸੌਂਪੀ ਗਈ ਹੈ। ਇਸ ਸਬੰਧੀ ਉੱਚ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਨੇ ਗੁੱਡ ਗਵਰਨੈਂਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਨੂੰ ਪੂਰੀ ਡਿਜੀਟਲ ਵਿਵਸਥਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁਕਾਬਲੇ ਦੇ ਆਨਲਾਈਨ ਅਤੇ ਆਫਲਾਈਨ ਦੋਵਾਂ ਪੜਾਵਾਂ ਦੇ ਤਕਨੀਕੀ ਸੰਚਾਲਨ ਦੀ ਜ਼ਿੰਮੇਵਾਰੀ ਵੀ ਇਸੇ ਵਿਭਾਗ ਦੀ ਹੋਵੇਗੀ। ਆਨਲਾਈਨ ਰਾਊਂਡ ਵਿੱਚ ਸਵਾਲਾਂ ਦੀ ਰੈਂਡਮ ਚੋਣ, ਨਿਰਧਾਰਤ ਸਮੇਂ ਅੰਦਰ ਸਵਾਲ ਉਪਲਬਧ ਕਰਵਾਉਣਾ, ਜਵਾਬ ਰਿਕਾਰਡ ਕਰਨਾ, ਆਪਣੇ ਆਪ ਅੰਕ ਦੇਣਾ ਅਤੇ ਅਗਲੇ ਪੜਾਅ ਲਈ ਮੁਕਾਬਲੇਬਾਜ਼ਾਂ ਦੀ ਸੂਚੀ ਤਿਆਰ ਕਰਨਾ ਸ਼ਾਮਲ ਹੋਵੇਗਾ। ਉੱਥੇ ਹੀ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਹੋਣ ਵਾਲੇ ਸਿੱਧੇ ਮੁਕਾਬਲਿਆਂ ਲਈ ਸਕਰੀਨ, ਟਾਈਮਰ, ਬਜ਼ਰ, ਸਕੋਰਿੰਗ ਸਿਸਟਮ ਅਤੇ ਨਤੀਜੇ ਦਿਖਾਉਣ ਦੀ ਵਿਵਸਥਾ ਕੀਤੀ ਜਾਵੇਗੀ। ਤਕਨੀਕੀ ਖ਼ਰਾਬੀ ਜਾਂ ਇੰਟਰਨੈੱਟ ਕਨੈਕਟੀਵਿਟੀ ਵਿੱਚ ਰੁਕਾਵਟ ਆਉਣ ਦੀ ਸਥਿਤੀ ਵਿੱਚ ਬਦਲਵੇਂ ਪ੍ਰਬੰਧ ਵੀ ਕੀਤੇ ਜਾਣਗੇ।
ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਬਣੇਗਾ ਆਨਲਾਈਨ ਸਿਸਟਮ
ਮੁਕਾਬਲੇਬਾਜ਼ਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਪ ਅਤੇ ਪੋਰਟਲ ‘ਤੇ ਆਨਲਾਈਨ ਸ਼ਿਕਾਇਤ ਨਿਵਾਰਨ ਮਾਡਿਊਲ ਵੀ ਤਿਆਰ ਕੀਤਾ ਜਾਵੇਗਾ। ਹਰੇਕ ਸ਼ਿਕਾਇਤ ਨੂੰ ਵੱਖਰਾ ਰੈਫਰੈਂਸ ਨੰਬਰ ਦਿੱਤਾ ਜਾਵੇਗਾ। ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚੇਗੀ ਅਤੇ ਇਸ ਦੇ ਹੱਲ ਲਈ ਸਮਾਂ-ਸੀਮਾ, ਸਥਿਤੀ ਦੀ ਜਾਣਕਾਰੀ ਅਤੇ ਅਪੀਲ ਕਰਨ ਦੀ ਵਿਵਸਥਾ ਵੀ ਹੋਵੇਗੀ।
ਅਧਿਕਾਰੀਆਂ ਲਈ ਬਣੇਗਾ ਵੱਖਰਾ ਮਾਨੀਟਰਿੰਗ ਡੈਸ਼ਬੋਰਡ
ਉੱਚ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਅਧਿਕਾਰੀਆਂ ਲਈ ਵੱਖਰਾ ਮਾਨੀਟਰਿੰਗ ਡੈਸ਼ਬੋਰਡ ਵੀ ਤਿਆਰ ਕੀਤਾ ਜਾਵੇਗਾ। ਇਸ ਰਾਹੀਂ ਜ਼ਿਲ੍ਹੇ, ਸੰਸਥਾ ਅਤੇ ਸ਼੍ਰੇਣੀ ਅਨੁਸਾਰ ਰਜਿਸਟ੍ਰੇਸ਼ਨ, ਦਸਤਾਵੇਜ਼ਾਂ ਦੀ ਤਸਦੀਕ, ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਵਿੱਚ ਭਾਗੀਦਾਰੀ, ਨਤੀਜਿਆਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਨਿਗਰਾਨੀ ਕੀਤੀ ਜਾ ਸਕੇਗੀ। ਮੋਬਾਈਲ ਐਪ ਅਤੇ ਵੈੱਬ ਪੋਰਟਲ ਤਿਆਰ ਕਰਨ ਲਈ ਉੱਚ ਸਿੱਖਿਆ ਵਿਭਾਗ ਕੋਲ ਬਜਟ ਦੀ ਵਿਵਸਥਾ ਨਹੀਂ ਹੈ। ਅਜਿਹੇ ਵਿੱਚ ਇਸ ਪੂਰੇ ਤਕਨੀਕੀ ਪ੍ਰੋਜੈਕਟ ‘ਤੇ ਹੋਣ ਵਾਲਾ ਖ਼ਰਚ ਗੁੱਡ ਗਵਰਨੈਂਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਬਜਟ ਵਿੱਚੋਂ ਕੀਤਾ ਜਾ ਸਕਦਾ ਹੈ।
Share this content:



Post Comment