ਪੰਜਾਬ ‘ਚ ਸਿੱਖਿਆ ਵਿਭਾਗ ‘ਚ 2000 ਨਵੀਆਂ ਅਸਾਮੀਆਂ ਦਾ ਐਲਾਨ
ਐਸ.ਏ.ਐਸ. ਨਗਰ, 1 ਅਗਸਤ – ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਜ਼ੀਕਲ ਟ੍ਰੇਨਿੰਗ ਇੰਸਟਰਕਟਰ (ਪੀਟੀਆਈ) ਭਰਤੀ ਨੂੰ ਲੈ ਕੇ ਸਿਖਿਆ ਵਿਭਾਗ ਨੇ ਵੱਡਾ ਫ਼ੈਸਲਾ ਲੈਂਦਿਆਂ 2000 ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕਰ ਦਿਤੀ ਹੈ। ਸਿਖਿਆ ਭਰਤੀ ਡਾਇਰੈਕਟੋਰੇਟ ਵਲੋਂ ਜਾਰੀ ਜਨਤਕ ਨੋਟਿਸ ਅਨੁਸਾਰ ਉਮੀਦਵਾਰ 1 ਅਗੱਸਤ ਤੋਂ 31 ਅਗੱਸਤ 2026 ਤਕ ਆਨਲਾਈਨ ਅਰਜ਼ੀਆਂ ਦੇ ਸਕਣਗੇ।
ਡਾਇਰੈਕਟੋਰੇਟ ਨੇ ਸਪੱਸ਼ਟ ਕੀਤਾ ਹੈ ਕਿ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ ਤੇ ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਣਗੇ। ਭਰਤੀ ਸਬੰਧੀ ਵਿਸਥਾਰਤ ਯੋਗਤਾ, ਸ਼ਰਤਾਂ, ਉਮਰ ਸੀਮਾ, ਰਾਖਵਾਂਕਰਨ ਅਤੇ ਹੋਰ ਹਦਾਇਤਾਂ ਵੀ ਵੈੱਬਸਾਈਟ ’ਤੇ ਉਪਲਬਧ ਕਰਵਾਈਆਂ ਗਈਆਂ ਹਨ। ਜਾਰੀ ਕੀਤੇ ਗਏ ਵਰਗੀਕਰਨ ਅਨੁਸਾਰ 780 ਅਸਾਮੀਆਂ ਜਨਰਲ ਵਰਗ, 200-200 ਅਸਾਮੀਆਂ ਅਨੁਸੂਚਿਤ ਜਾਤੀ (ਐਮਐਂਡਬੀ), ਅਨੁਸੂਚਿਤ ਜਾਤੀ (ਆਰਐਂਡਓ), ਪਿਛੜਾ ਵਰਗ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ (ਈਡਬਲਿਊਐੱਸ) ਲਈ ਰਾਖਵੀਆਂ ਗਈਆਂ ਹਨ।
ਇਸ ਤੋਂ ਇਲਾਵਾ ਸਾਬਕਾ ਫ਼ੌਜੀਆਂ, ਖਿਡਾਰੀਆਂ, ਦਿਵਿਆਂਗ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਵਾਰਾਂ ਲਈ ਵੀ ਵੱਖਰਾ ਰਾਖਵਾਂ ਕੋਟਾ ਨਿਰਧਾਰਤ ਕੀਤਾ ਗਿਆ ਹੈ। ਕਈ ਵਰਗਾਂ ਵਿਚ ਮਹਿਲਾ ਉਮੀਦਵਾਰਾਂ ਲਈ ਵੀ ਅਸਾਮੀਆਂ ਰਾਖਵੀਆਂ ਰੱਖੀਆਂ ਗਈਆਂ ਹਨ। ਸਿਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਭਰਤੀ ਨਾਲ ਸਰਕਾਰੀ ਸਕੂਲਾਂ ਵਿਚ ਸਰੀਰਕ ਸਿਖਿਆ ਦੇ ਅਧਿਆਪਕਾਂ ਦੀ ਘਾਟ ਨੂੰ ਕਾਫ਼ੀ ਹੱਦ ਤਕ ਪੂਰਾ ਕੀਤਾ ਜਾ ਸਕੇਗਾ। ਨਾਲ ਹੀ ਖੇਡਾਂ ਨੂੰ ਉਤਸ਼ਾਹ ਮਿਲੇਗਾ ਅਤੇ ਵਿਦਿਆਰਥੀਆਂ ਵਿਚ ਫਿਟਨੈੱਸ ਤੇ ਖੇਡ ਸਭਿਆਚਾਰ ਨੂੰ ਹੋਰ ਮਜ਼ਬੂਤੀ ਮਿਲੇਗੀ। ਵਿਭਾਗ ਨੇ ਉਮੀਦਵਾਰਾਂ ਨੂੰ ਸਲਾਹ ਦਿਤੀ ਹੈ ਕਿ ਉਹ ਅਰਜ਼ੀ ਭਰਨ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਵਿਸਥਾਰਤ ਇਸ਼ਤਿਹਾਰ ਅਤੇ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਲੈਣ।
Share this content:



Post Comment