ਪੰਜਾਬ ’ਚ ਗੈਸ ਦੀ ਆਨਲਾਈਨ ਬੁਕਿੰਗ ਠੱਪ
ਚੰਡੀਗੜ੍ਹ, 12 ਮਾਰਚ – ਗੈਸ ਸਪਲਾਈ ਦੇ ਕੌਮੀ ਸੰਕਟ ਦਰਮਿਆਨ ਪੰਜਾਬ ’ਚ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਠੱਪ ਹੋ ਗਈ ਹੈ। ਗੈਸ ਦੀ ਕਿੱਲਤ ਕਰ ਕੇ ਮੈਰਿਜ ਪੈਲੇਸ ਮਾਲਕ ਸਮਾਗਮਾਂ ਦੀ ਬੁਕਿੰਗ ਸ਼ਰਤਾਂ ਤਹਿਤ ਕਰਨ ਲੱਗੇ ਹਨ ਜਦੋਂ ਕਿ ਹੋਟਲ ਮਾਲਕਾਂ ਨੇ ਮੀਨੂ ’ਚੋਂ ਖਾਣੇ ਦੀਆਂ ਆਈਟਮਾਂ ਘਟਾ ਦਿੱਤੀਆਂ ਹਨ। ਪੰਜਾਬ ’ਚ ਕਰੀਬ 16 ਹਜ਼ਾਰ ਹੋਟਲ/ਰੇਸਤਰਾਂ ਤੇ ਰਿਜ਼ੌਰਟ ਅਤੇ ਕਰੀਬ ਛੇ ਹਜ਼ਾਰ ਮੈਰਿਜ ਪੈਲੇਸ ਹਨ। ਮੋਟੇ ਅੰਦਾਜ਼ੇ ਮੁਤਾਬਕ ਹੋਟਲ ’ਚ ਰੋਜ਼ਾਨਾ ਔਸਤਨ ਚਾਰ ਤੋਂ ਛੇ ਗੈਸ ਸਿਲੰਡਰਾਂ ਦੀ ਖ਼ਪਤ ਹੁੰਦੀ ਹੈ। ਇਸ ਲਿਹਾਜ਼ ਨਾਲ ਰੋਜ਼ਾਨਾ ਕਰੀਬ 64 ਹਜ਼ਾਰ ਗੈਸ ਸਿਲੰਡਰ ਇਕੱਲੀ ਹੋਟਲ ਸਨਅਤ ਲਈ ਲੋੜੀਂਦੇ ਹਨ।
ਪੱਛਮੀ ਏਸ਼ੀਆ ’ਚ ਜੰਗ ਕਰ ਕੇ ਪੈਦਾ ਹੋਏ ਗੈਸ ਸੰਕਟ ਨੇ ਸਮੁੱਚੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ। ਕੰਪਨੀਆਂ ਦਾ ਪਿਛਲੇ 36 ਘੰਟਿਆਂ ਤੋਂ ਸਰਵਰ ਬੰਦ ਹੋਣ ਕਰ ਕੇ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਬੰਦ ਹੈ। ਗੈਸ ਏਜੰਸੀ ਡੀਲਰਾਂ ਦੀ ਐਸੋਸੀਏਸ਼ਨ ਨੇ ਅੱਜ ਉੱਚ ਅਥਾਰਿਟੀਜ਼ ਤੱਕ ਪਹੁੰਚ ਬਣਾਈ ਹੈ। ਫੈਡਰੇਸ਼ਨ ਆਫ ਐੱਲ ਪੀ ਜੀ ਡ੍ਰਿਸਟਰੀਬਿਊਟਰਜ਼ ਆਫ਼ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦੱਸਿਆ ਕਿ ਗੈਸ ਏਜੰਸੀਆਂ ਕੋਲ ਸਟਾਕ ਪਿਆ ਹੈ ਪਰ ਆਨਲਾਈਨ ਬੁਕਿੰਗ ਬੰਦ ਹੋਣ ਕਰ ਕੇ ਗੈਸ ਏਜੰਸੀ ਮਾਲਕ ਡਲਿਵਰੀ ਦੇਣ ਤੋਂ ਬੇਵੱਸ ਹਨ।
ਉਧਰ, ਭਾਰਤ ਪੈਟਰੋਲੀਅਮ ਨੇ ਅੱਜ ਦਾਅਵਾ ਕੀਤਾ ਕਿ ਗੈਸ ਦੀ ਸਪਲਾਈ ਜਲਦ ਆਮ ਵਾਂਗ ਹੋ ਜਾਵੇਗੀ ਅਤੇ ਇਸ ਵੇਲੇ ਘਰੇਲੂ ਗੈਸ ਦੀ ਸਪਲਾਈ ਸਿਖਰਲੀ ਤਰਜੀਹੀ ਹੈ। ਪੰਜਾਬ ’ਚ ਇਸ ਵੇਲੇ 96.3 ਲੱਖ ਘਰੇਲੂ ਗੈਸ ਖਪਤਕਾਰ ਹਨ। ਕੇਂਦਰ ਸਰਕਾਰ ਦੀ ਉਜਵਲਾ ਸਕੀਮ ਕਾਰਨ ਆਮ ਘਰਾਂ ਦੀ ਨਿਰਭਰਤਾ ਵੀ ਗੈਸ ’ਤੇ ਬਣੀ ਹੋਈ ਹੈ। ਡਿਪਟੀ ਕਮਿਸ਼ਨਰਾਂ ਨੇ ਅੱਜ ਕਈ ਜ਼ਿਲ੍ਹਿਆਂ ’ਚ ਗੈਸ ਏਜੰਸੀਆਂ ਨੂੰ ਘਰੇਲੂ ਗੈਸ ਦਾ ਘੱਟੋ-ਘੱਟ ਰਾਖਵਾਂ ਕੋਟਾ ਰੱਖਣ ਲਈ ਕਿਹਾ ਹੈ।
Share this content:



Post Comment