ਪੰਜਾਬ ‘ਚ ਕਹਿਰ ਢਾਹੁੰਦੀ ਠੰਢ
ਪਿਛਲੇ ਇਕ ਹਫ਼ਤੇ ਤੋਂ ਠੰਢ ਲਗਾਤਾਰ ਵਧ ਰਹੀ ਹੈ। ਤਾਪਮਾਨ ਹੇਠਾਂ ਆਉਣ ਤੇ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕੋਹਰਾ ਪੈਣ ਕਾਰਨ ਰਾਤਾਂ ਪਹਿਲਾਂ ਨਾਲੋਂ ਜ਼ਿਆਦਾ ਸਰਦ ਹਨ ਅਤੇ ਸੀਤ ਲਹਿਰ ਵੀ ਚੱਲ ਰਹੀ ਹੈ। ਹਾਲਾਂਕਿ ਸੰਘਣੀ ਧੁੰਦ ਕਾਰਨ ਸੂਬੇ ’ਚ ਲੰਘੇ ਦਿਨੀਂ ਕਈ ਥਾਈਂ ਭਿਆਨਕ ਸੜਕ ਹਾਦਸੇ ਵੀ ਵਾਪਰੇ ਹਨ। ਜਲੰਧਰ ਲਾਗੇ ਧੁੰਦ ਕਾਰਨ ਹਾਦਸਾਗ੍ਰਸਤ ਹੋਏ ਵਾਹਨਾਂ ਕਾਰਨ ਚਾਰ ਲੋਕਾਂ ਦੀ ਮੌਤ ਹੋਈ। ਤਰਨਤਾਰਨ ’ਚ ਸਵੇਰੇ ਸਾਢੇ ਨੌਂ ਵਜੇ ਸੰਘਣੀ ਧੁੰਦ ਦੌਰਾਨ ਪੱਟੀ ਮੋੜ (ਚੂਸਲੇਵੜ) ਤੋਂ ਖਾਲੜਾ-ਹਰੀਕੇ ਮਾਰਗ ’ਤੇ ਰੇਤ ਨਾਲ ਭਰਿਆ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਕਾਰਨ ਇਸ ਦੇ ਪਿੱਛੇ ਆ ਰਹੀਆਂ ਦੋ ਕਾਰਾਂ ਸਣੇ 10 ਕੁ ਵਾਹਨ ਆਪਸ ’ਚ ਟਕਰਾ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਦੋ ਔਰਤਾਂ ਸਣੇ 12 ਲੋਕ ਗੰਭੀਰ ਜ਼ਖ਼ਮੀ ਹੋ ਗਏ। ਉਕਤ ਉਹ ਮੌਤਾਂ ਹਨ ਜੋ ਧੁੰਦ ਕਾਰਨ ਹੋਏ ਹਾਦਸਿਆਂ ਕਾਰਨ ਹੋਈਆਂ ਹਨ।
ਠੰਢ ਖ਼ਾਸ ਤੌਰ ’ਤੇ ਬੇਸਹਾਰਾ ਲੋਕਾਂ ਲਈ ਵੱਡੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਰਹੀ ਹੈ। ਅਨੇਕ ਅਜਿਹੇ ਲੋਕ ਵੀ ਹਨ, ਜੋ ਛੱਤ ਨਾ ਹੋਣ ਕਾਰਨ ਸੜਕਾਂ ਲਾਗੇ ਖੁੱਲ੍ਹੇ ਅਸਮਾਨ ਹੇਠਾਂ ਰਹਿਣ ਲਈ ਮਜਬੂਰ ਹਨ। ਪੰਜਾਬ ਦੇ ਮਹਾਨਗਰਾਂ ਦੇ ਫੁੱਟਪਾਥਾਂ ’ਤੇ ਅਜਿਹੇ ਕਈ ਲੋਕ ਕੜਾਕੇ ਦੀ ਠੰਢ ’ਚ ਪਰੇਸ਼ਾਨੀਆਂ ਝੱਲਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਥਾਵਾਂ ’ਤੇ ਰੈਣ ਬਸੇਰਿਆਂ ਦੀ ਘਾਟ ਵੀ ਰੜਕਦੀ ਹੈ। ਇਸ ਸਾਲ ਲੁਧਿਆਣਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ’ਚ 100 ਬਿਸਤਰਿਆਂ ਵਾਲੇ ਕੁੱਲ ਤਿੰਨ ਰੈਣ ਬਸੇਰੇ ਚੱਲ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਕਈ ਸ਼ਹਿਰਾਂ ’ਚ ਬਣੇ ਰੈਣ ਬਸੇਰਿਆਂ ’ਚ ਠਹਿਰਨ ਲਈ ਕਾਫ਼ੀ ਲੋਕਾਂ ਕੋਲ ਸ਼ਨਾਖ਼ਤੀ ਕਾਰਡ ਨਾ ਹੋਣ ਕਾਰਨ ਵੀ ਉਨ੍ਹਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ। ਪਟਿਆਲਾ ’ਚ ਇਕ ਪਾਸੇ ਪ੍ਰਸ਼ਾਸਨ ਨੇ ਰੈਣ ਬਸੇਰੇ ਤਿਆਰ ਕੀਤੇ ਹਨ ਪਰ ਦੂਜੇ ਪਾਸੇ ਕੋਈ ਸ਼ਨਾਖ਼ਤੀ ਪੱਤਰ ਨਾ ਹੋਣ ਕਾਰਨ ਲੋਕ ਫੁੱਟਪਾਥ ’ਤੇ ਹੀ ਰਾਤਾਂ ਕੱਟਦੇ ਨਜ਼ਰ ਆ ਰਹੇ ਹਨ। ਔਰਤਾਂ ਲਈ ਰੁਕਣ ਲਈ ਬਣੇ ਇਨ੍ਹਾਂ ਬਸੇਰਿਆਂ ਦੀ ਸੁਰੱਖਿਆ ਮਰਦਾਂ ਕੋਲ ਹੋਣ ਕਾਰਨ ਵੀ ਬਹੁਤੇ ਰੈਣ ਬਸੇਰੇ ਖ਼ਾਲੀ ਹਨ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਠੰਢ ਕਾਰਨ ਬੇਆਸਰੇ ਲੋਕਾਂ ਨੂੰ ਸਿਹਤ ਤੇ ਸੁਰੱਖਿਆ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਠੰਢ ’ਚ ਹੋਣ ਵਾਲੀਆਂ ਮੌਤਾਂ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ।
ਪਿਛਲੇ ਸਾਲ ਦੀ ਇਕ ਰਿਪੋਰਟ ਮੁਤਾਬਕ ਦੇਸ਼ ’ਚ 3000 ਦੇ ਲਗਪਗ ਮੌਤਾਂ ਠੰਢ ਕਾਰਨ ਹੋਈਆਂ ਸਨ। ਦਿੱਲੀ ’ਚ ਪੰਜ ਕੁ ਸੌ ਬੇਘਰੇ ਲੋਕਾਂ ਨੂੰ ਠੰਢ ਕਾਰਨ ਜਾਨ ਗੁਆਉਣੀ ਪਈ ਸੀ। ਸਾਲ 2019 ਤੋਂ 2023 ਦਰਮਿਆਨ ਠੰਢ ਕਾਰਨ 734 ਲੋਕਾਂ ਦੀ ਮੌਤ ਹੋਈ ਸੀ। ਇਸ ਸਾਲ ਵੀ ਹਾਲਾਤ ਚਿੰਤਾਜਨਕ ਹਨ। ਸੂਬੇ ਦਾ ਰਾਤ ਦਾ ਘੱਟੋ-ਘੱਟ ਪਾਰਾ 2.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਜਾ ਰਿਹਾ ਹੈ। ਲੰਘੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 4.4 ਡਿਗਰੀ ਦੇ ਘੱਟੋ-ਘੱਟ ਤਾਪਮਾਨ ਨਾਲ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੀ ਵੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਮੁਤਾਬਕ ਅਗਲੇ ਦੋ ਦਿਨ ਬੇਹੱਦ ਸੰਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ। ਇਸ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਬਾਕੀ ਸ਼ਹਿਰਾਂ ’ਚ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ। ਲੁਧਿਆਣਾ 4.6 ਡਿਗਰੀ, ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 5.1 ਅਤੇ ਹੁਸ਼ਿਆਰਪੁਰ ਦਾ ਵੀ ਇੰਨਾ ਹੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਕੜਾਕੇ ਦੀ ਠੰਢ ’ਚ ਬੇਘਰ ਲੋਕਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਸਥਾਨਕ ਪ੍ਰਸ਼ਾਸਨ ਨੂੰ ਯੋਜਨਾਬੱਧ ਤਰੀਕੇ ਨਾਲ ਪ੍ਰਬੰਧ ਕਰਨੇ ਚਾਹੀਦੇ ਹਨ।
Share this content:


Post Comment