ਪੰਜਾਬ ਐਫਸੀ ਨੇ ਸੀਜ਼ਨ ਲਈ 27 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ
ਨਵੀਂ ਦਿੱਲੀ, 12 ਫਰਵਰੀ – ਪੰਜਾਬ ਐਫਸੀ ਨੇ ਇੰਡੀਅਨ ਸੁਪਰ ਲੀਗ (ISL) ਦੇ 2025-26 ਯਾਨੀ ਆਉਣ ਵਾਲੇ ਸੀਜ਼ਨ ਲਈ 27 ਖਿਡਾਰੀਆਂ ਦੀ ਮਜ਼ਬੂਤ ਟੀਮ ਦਾ ਐਲਾਨ ਕੀਤਾ ਹੈ, ਜੋ ਕਿ ਇਸ ਲੀਗ ਵਿੱਚ ਕਲੱਬ ਦਾ ਲਗਾਤਾਰ ਤੀਜਾ ਸੀਜ਼ਨ ਹੋਵੇਗਾ। ‘ਸ਼ੇਰਾਂ’ ਆਪਣਾ ਸੀਜ਼ਨ 21 ਫ਼ਰਵਰੀ ਨੂੰ ਜਮਸ਼ੇਦਪੁਰ ਐਫਸੀ ਵਿਰੁੱਧ ਜਮਸ਼ੇਦਪੁਰ ਵਿੱਚ ਸ਼ੁਰੂ ਕਰਨਗੇ, ਜਦੋਂਕਿ ਆਪਣਾ ਪਹਿਲਾ ਘਰੇਲੂ ਮੈਚ 9 ਮਾਰਚ ਨੂੰ ਜਵਾਹਰਲਾਲ ਨੇਹਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਨਾਰਥਈਸਟ ਯੂਨਾਈਟਡ ਐਫਸੀ ਵਿਰੁੱਧ ਖੇਡਣਗੇ। ਟੀਮ ਵਿੱਚ ਤਜਰਬੇਕਾਰ ਖਿਡਾਰੀਆਂ ਦੇ ਨਾਲ ਨੌਜਵਾਨ ਖਿਡਾਰੀਆਂ ਦਾ ਸੰਤੁਲਿਤ ਮਿਲਾਪ ਕੀਤਾ ਗਿਆ ਹੈ। ਕਲੱਬ ਨੇ ਖਿਡਾਰੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਘਰੇਲੂ ਖਿਡਾਰੀਆਂ ਦੇ ਮਜ਼ਬੂਤ ਅਧਾਰ ਦੇ ਨਾਲ ਕੁਝ ਚੁਣਿੰਦੇ ਵਿਦੇਸ਼ੀ ਖਿਡਾਰੀ ਵੀ ਸ਼ਾਮਲ ਕੀਤੇ ਹਨ। ਮੁੱਖ ਕੋਚ ਪਨਾਗਿਓਟਿਸ ਡਿਲਮਪੇਰਿਸ, ਜੋ ਕਲੱਬ ਨਾਲ ਆਪਣੇ ਦੂਜੇ ਸੀਜ਼ਨ ਵਿੱਚ ਹਨ, ਨੇ ਟੀਮ ਦੀ ਚੋਣ ਕਰਦਿਆਂ ਤਜਰਬੇ ਅਤੇ ਜਵਾਨੀ ਦੇ ਸੰਤੁਲਨ ਨੂੰ ਤਰਜੀਹ ਦਿੱਤੀ ਹੈ। ਪਿਛਲੇ ਆਈਐਸਐਲ ਸੀਜ਼ਨ ਅਤੇ ਡੁਰੈਂਡ ਕੱਪ ਤੇ ਏਆਈਐਫਐਫ ਸੁਪਰ ਕੱਪ ਵਿੱਚ ਖੇਡਣ ਵਾਲੀ ਟੀਮ ਦੇ ਜ਼ਿਆਦਾਤਰ ਖਿਡਾਰੀਆਂ ਨੂੰ ਕਾਇਮ ਰੱਖਿਆ ਗਿਆ ਹੈ। ਵਿਦੇਸ਼ੀ ਖਿਡਾਰੀਆਂ ਵਿੱਚ ਡੈਨੀ ਰਾਮੀਰੇਜ਼, ਸਮੀਰ ਜ਼ੈਲਜਕੋਵਿਕ, ਐਨਸੁੰਗੁਸੀ ਜੂਨੀਅਰ ਐਫਿਓਂਗ, ਬੇਡੇ ਅਮਰਾਚੀ ਓਸੁਜੀ ਅਤੇ ਪਾਬਲੋ ਰੇਨਨ ਦੋਸ ਸਾਂਤੋਸ ਸ਼ਾਮਲ ਹਨ।
ਕਲੱਬ ਦੀ ਅਕੈਡਮੀ ਤੋਂ ਵੀ ਸੱਤ ਖਿਡਾਰੀਆਂ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ, ਜੋ ਨੌਜਵਾਨ ਖਿਡਾਰੀਆਂ ਦੀ ਤਿਆਰੀ ਅਤੇ ਵਿਕਾਸ ਵਿੱਚ ਕਲੱਬ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਮੁਹੰਮਦ ਸੁਹੇਲ ਐਫ, ਪ੍ਰਮਵੀਰ ਸਿੰਘ, ਮੰਗਲੇਨਥਾਂਗ ਕਿਪਗੇਨ, ਵਿਸ਼ਾਲ ਯਾਦਵ ਅਤੇ ਸਿੰਗਾਮਾਯੁਮ ਸ਼ਾਮੀ ਪਹਿਲਾਂ ਹੀ ਸੀਨੀਅਰ ਟੀਮ ਲਈ ਡੇਬਿਊ ਕਰ ਚੁੱਕੇ ਹਨ, ਜਦੋਂਕਿ ਆਯੁਸ਼ ਦੇਸ਼ਵਾਲ ਅਤੇ ਥੌਂਗਾਮਬਾ ਸਿੰਘ ਉਸ਼ਾਮ ਇਸ ਸੀਜ਼ਨ ਵਿੱਚ ਟੀਮ ਨਾਲ ਜੁੜ ਰਹੇ ਹਨ। ਕੋਚਿੰਗ ਟੀਮ ਵਿੱਚ ਮੁੱਖ ਕੋਚ ਡਿਲਮਪੇਰਿਸ ਦੀ ਮਦਦ ਲਈ ਅਸਿਸਟੈਂਟ ਕੋਚ ਕੋਨਸਟਾਂਟੀਨੋਸ ਕਤਸਾਰਾਸ ਅਤੇ ਭਾਰਤੀ ਸਹਾਇਕ ਕੋਚ ਸੰਕਰਲਾਲ ਚਕਰਵਰਤੀ ਸ਼ਾਮਲ ਹਨ। ਇਸ ਤੋਂ ਇਲਾਵਾ, ਪਾਪਾਯੋਅੰਨੂ ਆਇਓਨਿਸ ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਅਤੇ ਵਿਨੇ ਸਿੰਘ ਗੋਲਕੀਪਿੰਗ ਕੋਚ ਵਜੋਂ ਆਪਣੀ ਭੂਮਿਕਾ ਨਿਭਾਉਣਗੇ। ਗੋਲਕੀਪਿੰਗ ਵਿਭਾਗ ਵਿੱਚ ਅਰਸ਼ਦੀਪ ਸਿੰਘ ਦੀ ਸ਼ਮੂਲੀਅਤ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਉਹ ਮੁਹੀਤ ਸ਼ਬੀਰ ਅਤੇ ਆਯੁਸ਼ ਦੇਸ਼ਵਾਲ ਨਾਲ ਮਿਲ ਕੇ ਟੀਮ ਨੂੰ ਲੰਬੇ ਅਤੇ ਮੁਕਾਬਲੇ ਭਰੇ ਸੀਜ਼ਨ ਲਈ ਤਿਆਰ ਕਰਨਗੇ।
ਡਿਫੈਂਸ ਵਿੱਚ ਬਿਜੋਏ ਵਰਗੀਜ਼, ਮੁਹੰਮਦ ਉਵੈਸ, ਪ੍ਰਮਵੀਰ ਸਿੰਘ, ਨੋਂਗਮਾਇਕਾਪਮ ਸੁਰੇਸ਼ ਮੇਈਤੀ ਅਤੇ ਖਾਈਮਿੰਥਾਂਗ ਲਹੁੰਗਦਿਮ ਵਰਗੇ ਖਿਡਾਰੀ ਮਜ਼ਬੂਤ ਅਤੇ ਭਰੋਸੇਯੋਗ ਖੇਡ ਪੇਸ਼ ਕਰਨਗੇ, ਜਦਕਿ ਪਾਬਲੋ ਰੇਨਨ ਦੋਸ ਸਾਂਤੋਸ ਆਪਣਾ ਤਜਰਬਾ ਜੋੜਣਗੇ। ਨੌਜਵਾਨ ਡਿਫੈਂਡਰ ਲਿਕਮਾਬਾਮ ਰਾਕੇਸ਼ ਮੇਈਤੀ, ਲਿਓਨ ਆਗਸਟਿਨ ਅਤੇ ਥੌਂਗਾਮਬਾ ਸਿੰਘ ਉਸ਼ਾਮ ਟੀਮ ਨੂੰ ਹੋਰ ਮਜ਼ਬੂਤ ਬਣਾਉਣਗੇ। ਮਿਡਫੀਲਡ ਵਿੱਚ ਡੈਨੀ ਰਾਮੀਰੇਜ਼ ਟੀਮ ਦੀ ਹਮਲਾਵਰ ਰਣਨੀਤੀ ਨੂੰ ਅਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਜਦੋਂਕਿ ਸਮੀਰ ਜ਼ੈਲਜਕੋਵਿਕ ਅਤੇ ਵਿਨੀਤ ਰਾਏ ਕੇਂਦਰੀ ਖੇਤਰ ਵਿੱਚ ਸੰਤੁਲਨ ਬਣਾਏ ਰੱਖਣਗੇ। ਪ੍ਰਿੰਸਟਨ ਰਿਬੈਲੋ ਦੀ ਹਮਲਾਵਰ ਖੇਡ ਰਿਕੀ ਸ਼ਾਬੋਂਗ, ਮੰਗਲੇਨਥਾਂਗ ਕਿਪਗੇਨ, ਨਿਖਿਲ ਪ੍ਰਭੂ ਅਤੇ ਸਿੰਗਾਮਾਯੁਮ ਸ਼ਾਮੀ ਦੀ ਮਿਹਨਤ ਨਾਲ ਮਿਲ ਕੇ ਟੀਮ ਨੂੰ ਤਾਕਤ ਦੇਵੇਗੀ। ਅਟੈਕ ਵਿੱਚ ਐਨਸੁੰਗੁਸੀ ਐਫਿਓਂਗ ਅਤੇ ਬੇਡੇ ਓਸੁਜੀ ਟੀਮ ਨੂੰ ਗੋਲ ਕਰਨ ਦੀ ਸਮਰੱਥਾ ਦਿੰਦੇ ਹਨ, ਜਦਕਿ ਨੌਜਵਾਨ ਖਿਡਾਰੀ ਨਿੰਥੋਈ, ਸੁਹੇਲ ਅਤੇ ਬਿਕਾਸ਼ ਸਿੰਘ ਤੇਜ਼ੀ ਅਤੇ ਨਵੀਂ ਉਰਜਾ ਲਿਆਉਣਗੇ। ਵਿਸ਼ਾਲ ਯਾਦਵ ਅਤੇ ਰਣਜੀਤ ਸਿੰਘ ਪਾਂਡਰੇ ਹਮਲਾਵਰ ਲਾਈਨ ਨੂੰ ਪੂਰਾ ਕਰਦੇ ਹਨ।
ਪੰਜਾਬ ਐਫਸੀ ਆਈਐਸਐਲ 2025-26 ਟੀਮ
ਗੋਲਕੀਪਰ: ਅਰਸ਼ਦੀਪ ਸਿੰਘ, ਮੁਹੀਤ ਸ਼ਬੀਰ, ਆਯੁਸ਼ ਦੇਸ਼ਵਾਲ
ਡਿਫੈਂਡਰ: ਬਿਜੋਏ ਵਰਗੀਜ਼, ਮੁਹੰਮਦ ਉਵੈਸ ਮੋਇੱਕਲ, ਪ੍ਰਮਵੀਰ ਸਿੰਘ, ਖਾਈਮਿੰਥਾਂਗ ਲਹੁੰਗਦਿਮ, ਪਾਬਲੋ ਰੇਨਨ ਦੋਸ ਸਾਂਤੋਸ, ਲਿਕਮਾਬਾਮ ਰਾਕੇਸ਼ ਮੇਈਤੀ, ਨੋਂਗਮਾਇਕਾਪਮ ਸੁਰੇਸ਼ ਮੇਈਤੀ, ਲਿਓਨ ਆਗਸਟਿਨ, ਥੌਂਗਾਮਬਾ ਸਿੰਘ ਉਸ਼ਾਮ
ਮਿਡਫੀਲਡਰ: ਡੈਨੀ ਰਾਮੀਰੇਜ਼, ਸਮੀਰ ਜ਼ੈਲਜਕੋਵਿਕ, ਵਿਨੀਤ ਰਾਏ, ਪ੍ਰਿੰਸਟਨ ਰਿਬੈਲੋ, ਰਿਕੀ ਜਾਨ ਸ਼ਾਬੋਂਗ, ਮੰਗਲੇਨਥਾਂਗ ਕਿਪਗੇਨ,ਨਰਾਵੀ ਨਿਖਿਲ ਜਯੰਥਾ ਪ੍ਰਭੂ, ਸਿੰਗਾਮਾਯੁਮ ਸ਼ਾਮੀ
ਫਾਰਵਰਡ: ਐਨਸੁੰਗੁਸੀ ਜੂਨੀਅਰ ਐਫਿਓਂਗ, ਬੇਡੇ ਅਮਰਾਚੀ ਓਸੁਜੀ, ਨਿੰਥੋਇੰਗਾਂਬਾ ਮੇਈਤੀ ਖੁਮਾਂਥਮ, ਮੁਹੰਮਦ ਸੁਹੇਲ ਐਫ, ਬਿਕਾਸ਼ ਸਿੰਘ ਸਾਗੋਲਸੇਮ, ਵਿਸ਼ਾਲ ਯਾਦਵ, ਰਣਜੀਤ ਸਿੰਘ ਪਾਂਡਰੇ ਕੋਚਿੰਗ ਅਤੇ ਸਹਾਇਕ ਸਟਾਫ਼
Share this content:



Post Comment