ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਚ ਅਧਿਕਾਰੀ ਅਤੇ ਲੇਖਕ ਦਲੀਪ ਸਿੰਘ ਉੱਪਲ ਦਾ ਦਿਹਾਂਤ
*ਕਈ ਜ਼ੁਬਾਨਾਂ ਦੇ ਗਿਆਤਾ ਅਤੇ ਵਿਦਵਾਨ ਸਨ ਦਲੀਪ ਸਿੰਘ ਉੱਪਲ— ਡਾ. ਦਰਸ਼ਨ ਸਿੰਘ ‘ਆਸ਼ਟ
ਪਟਿਆਲਾ, 29 ਜੂਨ – ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰਬੰਧ ਅਤੇ ਵਿੱਤ ਅਫ਼ਸਰ ਦਲੀਪ ਸਿੰਘ ਉੱਪਲ ਅੱਜ ਸਵੇਰੇ ਆਪਣੇ ਗ੍ਰਹਿ ਵਿਖੇ ਅਕਾਲ ਚਲਾਣਾ ਕਰ ਗਏ।ਉਨ੍ਹਾਂ ਦੇ ਅਕਾਲ ਚਲਾਣੇ *ਤੇ ਡੂੰਘੇ ਦੁੱਖ ਦਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਸ. ਉੱਪਲ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਸਭਾ ਦੇ ਸਮਾਗਮਾਂ ਵਿਚ ਆ ਕੇ ਆਪਣੇ ਅਨੁਭਵ ਅਤੇ ਕਾਵਿ ਰਚਨਾਵਾਂ ਗਾ ਕੇ ਇਸ ਤਰ੍ਹਾਂ ਪੇਸ਼ ਕਰਦੇ ਸਨ ਕਿ ਸ੍ਰੋਤੇ ਕੀਲੇ ਜਾਂਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਵੱਡੀ ਉਮਰ ਨਾਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਇਕ ਅਤਿ ਸਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਉੱਪਲ ਨੇ ਬੜੀ ਮਿਹਨਤ ਅਤੇ ਸੰਘਰਸ਼ ਨਾਲ ਜੀਵਨ ਵਿਚ ਸਫਲਤਾ ਪ੍ਰਾਪਤ ਕੀਤੀ। ਪੰਜਾਬੀ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਬੇਹੱਦ ਕਾਬਿਲ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੇਵਾ—ਮੁਕਤ ਅਧਿਕਾਰੀ ਵਜੋਂ ਸਾਲ 2024 ਵਿਚ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਇੱਕ ਈਮਾਨਦਾਰ ਅਤੇ ਕੁਸ਼ਲ ਪ੍ਰਬੰਧਕ ਹੋਣ ਦੇ ਨਾਲ ਨਾਲ ਉਹ ਇੱਕ ਉੱਘੇ ਲੇਖਕ ਅਤੇ ਅਨੁਵਾਦਕ ਵੀ ਸਨ। ਉਨ੍ਹਾਂ ਦੀ ਸਵੈ ਜੀਵਨੀ ਹਿੰਮਤ ਦੇ ਹਾਸਿਲ* ਜ਼ਿੰਦਗੀ ਦੇ ਸਖ਼ਤ ਸੰਘਰਸ਼ ਦੀ ਗਾਥਾ ਬਿਆਨ ਕਰਦੀ ਹੈ ਅਤੇ ਸਕਾਰਾਤਮਕ ਪਹੁੰਚ ਬਾਰੇ ਸਾਰਥਕ ਸੰਦੇਸ਼ ਦਿੰਦੀ ਹੈ। ਪ੍ਰੇਰਨਾ ਦਾ ਪਰਚਮ*, ਸੰਵੇਦਨਾ ਦੇ ਰੰਗ*, ਦੋ ਤੇਰੀਆਂ ਦੋ ਮੇਰੀਆਂ* ਮੌਲਿਕ ਪੁਸਤਕਾਂ ਤੋਂ ਇਲਾਵਾ ਉਹਨਾਂ ਨੇ ਬੜੇ ਮਹੱਤਵਪੂਰਨ ਅਨੁਵਾਦ ਕੀਤੇ ਜਿਹਨਾਂ ਵਿਚ ਅਰਸਤੂ ਕ੍ਰਿਤ ‘ਦੀ ਪਾਲਿਟਿਕਸ’ ਦਾ ਪੰਜਾਬੀ ਅਨੁਵਾਦ ‘ਰਾਜਨੀਤੀ’ ਅਤੇ ‘ਗਦਰ ਲਹਿਰ’ ਪੁਸਤਕ ਦਾ ਅੰਗ੍ਰੇਜ਼ੀ ਤੋਂ ਪੰਜਾਬੀ ਅਨੁਵਾਦ ਸ਼ਾਮਿਲ ਹਨ। ਇਹਨਾਂ ਦਾ ਪ੍ਰਕਾਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤਾ ਗਿਆ।
ਪ੍ਰੋ. ਪੂਰਨ ਸਿੰਘ ਦੀਆਂ ਕਹਾਣੀਆਂ ਦਾ ਅਨੁਵਾਦ ‘ਨੌ ਲੱਖਾ ਹਾਰ’, ਹਰੀਸ਼ ਢਿੱਲੋਂ ਦੀਆਂ ਦੋ ਪੁਸਤਕਾਂ ਦਾ ਅਨੁਵਾਦ ‘ਨਿਥਾਵਿਆਂ ਦਾ ਥਾਂਵ’ ਅਤੇ ‘ਕਾਲੀ ਸਵੇਰ’ ਦੇ ਸਿਰਲੇਖਾਂ ਤਹਿਤ ਕੀਤਾ। ਉਨ੍ਹਾਂ ਨੂੰ ਸਮੇਂ ਸਮੇਂ *ਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਵਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਦਲੀਪ ਸਿੰਘ ਉੱਪਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ 25 ਸਾਲ ਦੀ ਲੰਮੀ ਸੇਵਾ ਵੱਖ—ਵੱਖ ਅਹੁਦਿਆਂ ਤੇ ਨਿਭਾਉਂਦੇ ਹੋਏ ਨਿੱਗਰ ਯੋਗਦਾਨ ਦਿੱਤਾ। ਉਹ ਗਹਿਰੇ ਕਲਾ ਪ੍ਰੇਮੀ ਅਤੇ ਸੰਵੇਦਨਸ਼ੀਲ ਇਨਸਾਨ ਸਨ।ਉਨ੍ਹਾਂ ਦੀ ਸੁਪਤਨੀ ਡਾ. ਕਮਲੇਸ਼ ਉੱਪਲ ਉੱਘੇ ਨਾਟ—ਆਲੋਚਕ ਅਤੇ ਲੇਖਿਕਾ ਹਨ ਜਿਨ੍ਹਾਂ ਨੇ ਅਨੇਕ ਪੁਸਤਕਾਂ ਦਾ ਲੇਖਨ ਕੀਤਾ ਹੈ। ਉਨ੍ਹਾਂ ਦਾ ਬੇਟਾ ਡਾ. ਅਲੰਕਾਰ ਸਿੰਘ ਤੇ ਬੇਟੀ ਡਾ. ਨਿਵੇਦਿਤਾ ਉੱਘੇ ਸੰਗੀਤ—ਸ਼ਾਸਤਰੀ ਅਤੇ ਗੁਰਬਾਣੀ ਸੰਗੀਤਕਾਰ ਹਨ।
ਉਨ੍ਹਾਂ ਦੇ ਦਾਮਾਦ ਡਾ. ਭੀਮ ਇੰਦਰ ਸਿੰਘ ਪੰਜਾਬੀ ਸਾਹਿਤਕ ਹਲਕਿਆਂ ਵਿਚ ਜਾਣਿਆ—ਪਛਾਣਿਆ ਨਾਮ ਹਨ ਅਤੇ ਵਰਲਡ ਪੰਜਾਬੀ ਸੈਂਟਰ ਦਾ ਡਾਇਰੈਕਟਰ ਹੋਣ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਦੇ ਵੀ ਡਾਇਰੈਕਟਰ ਹਨ। ਉਨ੍ਹਾਂ ਦੀ ਨੂੰਹ ਡਾ. ਨਵਦੀਪ ਕੌਰ ਬਨਸਪਤੀ ਵਿਗਿਆਨ ਦੇ ਮਾਹਿਰ ਹਨ।ਉਨ੍ਹਾਂ ਦੀ ਅਗਲੀ ਪੀੜ੍ਹੀ ਵਿਚ ਸੁਰਦੀਪ, ਆਸਾਵਰੀ ਅਤੇ ਸਰਗਮ ਵੀ ਆਪੋ—ਆਪਣੇ ਖੇਤਰ ਵਿਚ ਚੰਗਾ ਸਥਾਨ ਰੱਖਦੇ ਹਨ। ਦਲੀਪ ਸਿੰਘ ਉਪਲ ਦੀ ਆਪਣੀ ਪੂਰਵ ਦਰਸਾਈ ਇੱਛਾ ਅਨੁਸਾਰ, ਪਰਿਵਾਰ ਵੱਲੋਂ ਉਨ੍ਹਾਂ ਦੀ ਦੇਹ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਦਾਨ ਕਰ ਦਿੱਤੀ।ਉਨ੍ਹਾਂ ਦੇ ਦਿਹਾਂਤ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਉਘੇ ਪੰਜਾਬੀ ਕਵੀ ਡਾ. ਤ੍ਰਿਲੋਕ ਸਿੰਘ ਆਨੰਦ, ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਕਾਰਜਕਾਰਨੀ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਰਪ੍ਰਸਤ ਬਾਬੂ ਸਿੰਘ ਰੈਹਲ,ਸੁਖਦੇਵ ਸਿੰਘ ਸ਼ਾਂਤ,ਜਨਰਲ ਸਕੱਤਰ ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Share this content:



Post Comment