ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਸਾਂਝੇ ਤੌਰ ‘ਤੇ ‘ਕਾਵਿ-ਰੰਗ ਉਤਸਵ’

ਪਟਿਆਲਾ, 2 ਅਕਤੂਬਰ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ . ਜਗਦੀਪ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ‘ਕਾਵਿ-ਰੰਗ ਉਤਸਵ’ ਆਯੋਜਿਤ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ‘ਕਾਵਿ-ਰੰਗ ਉਤਸਵ’ ਦੇ ਸੰਯੋਜਕ ਅਤੇ ਮੁਖੀ ਪੰਜਾਬੀ ਵਿਭਾਗ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਪਲੇਠੇ ਕਾਵਿ-ਰੰਗ ਉਤਸਵ ਦੇ ਮਨੋਰਥ ਬਾਰੇ ਚਾਨਣਾ ਪਾਇਆ ਅਤੇ ਪਹਿਲੀ ਵਾਰ ਆਪਣੀ ਕਾਵਿ-ਪ੍ਰਤਿਭਾ ‘ਤੇ ਅਦਾਕਾਰੀ ਦਾ ਪ੍ਰਦਰਸ਼ਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਦਾ ਮੰਚ ਮਿਲਣ ’ਤੇ ਵਧਾਈ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਜਿਸ ਉਦੇਸ਼ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੋਈ ਸੀ, ਉਸ ਦੀ ਪੂਰਤੀ ਲਈ ਯੂਨੀਵਰਸਿਟੀ ਤਨਦੇਹੀ ਨਾਲ ਜੁਟੀ ਹੋਈ ਹੈ। ਉਹਨਾਂ ਕਿਹਾ ਕਿ ਕਾਵਿ-ਰੰਗ ਉਤਸਵ ਦੇ ਇਸ ਆਯੋਜਨ ਨਾਲ ਸਕੂਲਾਂ ਦੇ ਕਵੀ-ਵਿਦਿਆਰਥੀਆਂ ਨੂੰ, ਕਾਲਜ ਕਵੀ-ਵਿਦਿਆਰਥੀਆਂ ਕੋਲੋਂ ਅਤੇ ਕਾਲਜ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਕੋਲੋਂ ਕਵਿਤਾ ਲਿਖਣ ਤੇ ਉਸ ਦੀ ਪੇਸ਼ਕਾਰੀ ਦੇ ਢੰਗ ਸਿੱਖਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਉਹਨਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਅਤੇ ਪੰਜਾਬ ਭਵਨ, (ਸਰੀ) ਵੱਲੋਂ ਸਾਂਝੇ ਤੌਰ ‘ਤੇ ਵਿਦਿਆਰਥੀਆਂ ਵਿੱਚ ਸਾਹਿਤਕ ਚੇਤਨਾ ਪੈਦਾ ਕਰਨ ਲਈ ਅਜਿਹੇ ਹੋਰ ਸਾਰਥਿਕ ਉਪਰਾਲੇ ਕੀਤੇ ਜਾਣਗੇ। ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਕੂਲਾਂ ਵਿੱਚ ਬਾਲ ਸਭਾਵਾਂ ਦਾ ਰੁਝਾਨ ਮੱਠਾ ਪੈ ਚੁੱਕਾ ਹੈ ਜਦੋਂ ਕਿ ਇਹ ਬੱਚਿਆਂ ਵਿੱਚ ਰਚਨਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਇੱਕ ਸੁਚਾਰੂ ਵਸੀਲਾ ਸਨ। ਇਹਨਾਂ ਦੀ ਪੁਨਰ-ਸੁਰਜੀਤੀ ਦੀ ਬਹੁਤ ਲੋੜ ਹੈ।
ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਨੇ ਮਿਲ ਕੇ ਬੱਚਿਆਂ ਨੂੰ ਅਜਿਹਾ ਪਲੇਟਫਾਰਮ ਮੁਹੱਈਆ ਕਰਵਾਇਆ ਹੈ ਜਿੱਥੇ ਉਹ ਆਪਣੀਆਂ ਭਾਵਨਾਵਾਂ, ਸੁਪਨੇ, ਸੱਧਰਾਂ ਅਤੇ ਵਿਚਾਰਾਂ ਨੂੰ ਖੁੱਲ੍ਹ ਦਿਲੀ ਨਾਲ ਪ੍ਰਗਟ ਕਰ ਸਕਣ। ਸ੍ਰੀ ਬਾਠ ਦਾ ਕਹਿਣਾ ਸੀ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨਾਲ ਜੋੜਨਾ ਨਿਹਾਇਤ ਜ਼ਰੂਰੀ ਹੈ। ਉਹਨਾਂ ਪੰਜਾਬੀ ਯੂਨੀਵਰਸਿਟੀ ਨੂੰ ਭਵਿੱਖ ਵਿਚ ਅਜਿਹੇ ਹੋਰ ਸਮਾਗਮ ਕਰਵਾਉਣ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਕਾਵਿ-ਰੰਗ ਉਤਸਵ ਦੇ ਵਿਸ਼ੇਸ਼ਗ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਬਾਲ ਕਵਿਤਾ ਹੀ ਪ੍ਰੌੜ੍ਹ ਕਵਿਤਾ ਦੀ ਬੁਨਿਆਦ ਬਣਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਕਵੀ-ਵਿਦਿਆਰਥੀਆਂ ਦਾ ਪਹਿਲੀ ਵਾਰੀ ਆਯੋਜਿਤ ਹੋਇਆ ਇਹ ਸੰਮੇਲਨ ਯਕੀਨਨ ਪੰਜਾਬੀ ਯੂਨੀਵਰਸਿਟੀ ਅਤੇ ਕਾਵਿ-ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਸੁਨਹਿਰੀ ਪੰਨਾ ਬਣੇਗਾ।

ਉਪਰੰਤ ਇਸ ਕਵੀ ਦਰਬਾਰ ਵਿੱਚ ਸਕੂਲਾਂ, ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਵਨੀਤ ਕੌਰ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਖੁਸ਼ਪ੍ਰੀਤ ਕੌਰ, ਜੀਨਾ, ਸਿਮਰਨਪ੍ਰੀਤ ਕੌਰ, ਪਰੀਨਾਜ ਕੌਰ, ਸਵੈਨ ਸਹੋਤਾ , ਸ਼੍ਰਿਸ਼ਟੀ, ਜਸਕੋਮਲ ਕੌਰ, ਖੁਸਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਜਗਦੀਪ ਸਿੰਘ, ਕਾਜਲਪ੍ਰੀਤ ਕੌਰ, ਮਾਖੇਸ਼ ਮੋਹਨ ਸ਼ਰਮਾ, ਗੁਨੀਤ ਕੌਰ ਚਹਿਲ, ਮਨਜੋਤ ਕੌਰ, ਸ਼ਾਹਬਾਜ਼ ਸਿੰਘ, ਏਕਨੂਰ ਸਿੰਘ, ਸਿਮਰਨ ਕੌਰ, ਅਰਸ਼ਪ੍ਰੀਤ ਸਿੰਘ, ਹਰਮਨਜੋਤ ਸਿੰਘ, ਸੁਖਚੈਨ ਸਿੰਘ, ਅਭਿਰੋਜ਼ਵੀਰ ਸਿੰਘ, ਪਰਵਿੰਦਰ ਸਿੰਘ, ਸਿਮਰਨ ਕੌਰ, ਦਵਿੰਦਰ ਸਿੰਘ, ਇਸ਼ਮੀਤ ਕੌਰ, ਨੀਸ਼ੂ ਰਾਣੀ, ਦਿਲਪ੍ਰੀਤ ਕੌਰ ਅਤੇ ਪਰਨੀਤ ਕੌਰ ਨੇ ਆਪਣੀਆਂ ਵੰਨ-ਸੁਵੰਨੀਆਂ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਿਆ। ਇਸ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਦੇ ਅਧਿਆਪਕਾਂ ਸੁਖਪਾਲ ਸਿੰਘ ਸਿੱਧੂ ਅਤੇ ਜਗਜੀਤ ਕੌਰ ਸਿੱਧੂ ਦੀ ਅਗਵਾਈ ਅਧੀਨ ਮਨੁੱਖੀ ਰਿਸ਼ਤਿਆਂ ਦੀ ਤ੍ਰਾਂਸਦੀ ਨੂੰ ਪੇਸ਼ ਕਰਦਾ ਇਕ ਬਾਲ ਨਾਟਕ ‘ਬਟਵਾਰਾ’ ਦਾ ਮੰਚਣ ਵੀ ਕੀਤਾ ਗਿਆ। ਇਸ ਨਾਟਕ ਵਿਚ ਓਗੇਸ਼, ਅਭੀਜੀਤ ਸਿੰਘ, ਰਣਜੋਤ ਸਿੰਘ, ਰਣਧੀਰ ਸਿੰਘ ,ਅਰਮਾਨ ਸਿੰਘ, ਗੁਰਮਨ ਸਿੰਘ, ਗੁਰਵਿੰਦਰ ਸਿੰਘ,ਅਨਮੋਲ ਸਿੰਘ, ਜਸਨੂਰ ਸਿੰਘ, ਰਵੀ, ਹਰਮਨਦੀਪ ਸਿੰਘ, ਖੁਸ਼ਦੀਪ ਸਿੰਘ ਆਦਿ ਨੇ ਆਪਣੀ ਸਜੀਵ ਅਦਾਕਾਰੀ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਸ ਸਮਾਗਮ ਵਿਚ ‘ਨਵੀਆਂ ਕਲਮਾਂ ਨਵੀਂ ਉਡਾਣ’ ਪ੍ਰਾਜੈਕਟ ਦੇ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਭਵਿੱਖ ਮੁਖੀ ਯੋਜਨਾਵਾਂ ਉੱਪਰ ਚਾਨਣਾ ਪਾਇਆ। ਇਸ ਸਮਾਗਮ ਵਿੱਚ ਸਹਿ-ਸੰਯੋਜਕ ਡਾ. ਜਸਵਿੰਦਰ ਕੌਰ, ਡਾ. ਬਲਕਰਨ ਸਿੰਘ , ਡਾ. ਗੁਰਵਿੰਦਰ ਸਿੰਘ, ਡਾ. ਨਰਿੰਦਰਪਾਲ ਕੌਰ, ਡਾ. ਪਰਮਜੀਤ ਸਿੰਘ, ਡਾ. ਅਲਕਾ ਧਾਲੀਵਾਲ, ਗੁਰਵਿੰਦਰ ਸਿੰਘ ਕਾਂਗੜ, ਗੁਰਵਿੰਦਰ ਸਿੰਘ ਸਿੱਧੂ, ਕੁਲਬੀਰ ਸਿੰਘ, ਸ਼ਸ਼ੀ ਬਾਲਾ, ਬਲਜੀਤ ਸ਼ਰਮਾ, ਰਛਪਾਲ ਸਿੰਘ ਰੈਸਲ, ਸਖਵਿੰਦਰ ਸਿੰਘ ਮਾਲੇਰਕੋਟਲਾ, ਅਵਤਾਰ ਸਿੰਘ ਬਾਲੇਵਾਲ, ਰਜਿੰਦਰ ਕੌਰ ਮੋਹਾਲੀ, ਰਸਵਿੰਦਰ ਕੌਰ ਤੇਜੇ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਦਾ ਸੰਚਾਲਨ ਡਾ. ਗੁਰਸੇਵਕ ਲੰਬੀ ਅਤੇ ਬਲਜੀਤ ਸ਼ਰਮਾ ਨੇ ਕੀਤਾ। ਅੰਤ ਵਿੱਚ ਡਾ . ਰਾਜਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਡਾ. ਰਾਜਬੰਸ ਸਿੰਘ ਗਿੱਲ, ਡਾ. ਜਯੋਤੀ ਪੁਰੀ, ਡਾ. ਪਰਮੀਤ ਕੌਰ, ਡਾ. ਧਰਮਜੀਤ, ਡਾ. ਮੋਨਿਕਾ, ਡਾ. ਰਵਿੰਦਰ ਸਿੰਘ, ਡਾ. ਗੁਰਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ ਬਰਾੜ, ਡਾ. ਮੋਹਨ ਤਿਆਗੀ, ਡਾ. ਜਸਵੀਰ ਕੌਰ, ਆਸ਼ਾ ਸ਼ਰਮਾ, ਰਵਿੰਦਰ ਕੁਮਾਰ ਸ਼ਰਮਾ, ਡਾ. ਲਕਸ਼ਮੀ ਨਰਾਇਣ ਭੀਖੀ, ਸਾਬਕਾ ਡੀਐਸਪੀ ਨਾਹਰ ਸਿੰਘ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਡਾ. ਹਰਨੇਕ ਸਿੰਘ ਢੋਟ, ਬਚਨ ਸਿੰਘ ਗੁਰਮ, ਰਾਜੇਸ਼ ਕੋਟੀਆ, ਕ੍ਰਿਸ਼ਨ ਲਾਲ ਧੀਮਾਨ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸ਼ਾਮ ਸਿੰਘ ਆਦਿ ਸਮੇਤ ਯੂਨੀਵਰਸਿਟੀ, ਕਾਲਜ ਅਤੇ ਸਕੂਲ ਅਧਿਆਪਕਾਂ ਸਮੇਤ ਅਨੇਕ ਵਿਦਵਾਨ ਅਤੇ ਲੇਖਕ ਵੀ ਸ਼ਾਮਿਲ ਸਨ। ਅੰਤ ਵਿੱਚ ਮਹਿਮਾਨਾਂ, ਕਵੀ-ਵਿਦਿਆਰਥੀਆਂ, ਉਹਨਾਂ ਨੂੰ ਅਗਵਾਈ ਦੇਣ ਵਾਲੇ ਨਿਗਰਾਨ-ਅਧਿਆਪਕਾਂ ਅਤੇ ਕਾਲਜਾਂ ਦੇ ਕਲਚਰ ਕੋਆਰਡੀਨੇਟਰਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ‘ਕਾਵਿ-ਰੰਗ ਸਮਾਗਮ’ ਸਰੋਤਿਆਂ ਅਤੇ ਦਰਸ਼ਕਾਂ ਦੇ ਚੇਤਿਆਂ ਵਿੱਚ ਵਸਿਆ ਰਹੇਗਾ।
Share this content:



Post Comment