Loading Now

ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.) ਵੱਲੋਂ ਫਗਵਾੜਾ ਵਿਖੇ “ਪੰਜਾਬ, ਪੰਜਾਬੀ ਅਤੇ ਪਰਵਾਸ” ਵਿਸ਼ੇ ਉੱਤੇ ਵਿਚਾਰ ਚਰਚਾ

ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.) ਵੱਲੋਂ ਫਗਵਾੜਾ ਵਿਖੇ “ਪੰਜਾਬ, ਪੰਜਾਬੀ ਅਤੇ ਪਰਵਾਸ” ਵਿਸ਼ੇ ਉੱਤੇ ਵਿਚਾਰ ਚਰਚਾ

WhatsApp-Image-2025-11-03-at-12.21.47-PM-1024x418 ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.) ਵੱਲੋਂ ਫਗਵਾੜਾ ਵਿਖੇ "ਪੰਜਾਬ, ਪੰਜਾਬੀ ਅਤੇ ਪਰਵਾਸ" ਵਿਸ਼ੇ ਉੱਤੇ ਵਿਚਾਰ ਚਰਚਾ
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਮੀਟਿੰਗ ਵਿੱਚ ਭਾਗ ਲੈ ਰਹੇ ਸਤਨਾਮ ਸਿੰਘ ਮਾਣਕ ਡਾ. ਸਵਰਾਜ ਸਿੰਘ, ਨਰਪਾਲ ਸਿੰਘ ਸ਼ੇਰਗਿੱਲ, ਬਲਬੀਰ ਮਾਧੋਪੁਰੀ ਅਤੇ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਅਤੇ ਹੋਰ ਕਾਲਮ ਨਵੀਸ

*ਪ੍ਰਸਿੱਧ ਕਾਲਮਨਵੀਸ ਪੱਤਰਕਾਰ ਗੁਰਵਿੰਦਰ ਮਾਣਕ ਨੂੰ ਕੀਤਾ ਗਿਆ ਸਨਮਾਨਿਤ

ਫਗਵਾੜਾ, 3 ਨਵੰਬਰ (ਏ.ਡੀ.ਪੀ ਨਿਊਜ਼) – ਫਗਵਾੜਾ ਵਿਖੇ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.) ਪੰਜਾਬ ਦੀ ਮਹੱਤਵਪੂਰਨ ਬੈਠਕ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਉੱਘੇ ਪੱਤਰਕਾਰ ਅਤੇ ਕਾਲਮਨਵੀਸ ਨਰਪਾਲ ਸਿੰਘ ਸ਼ੇਰਗਿੱਲ, ਸਤਨਾਮ ਸਿੰਘ ਮਾਣਕ, ਡਾ. ਸਵਰਾਜ ਸਿੰਘ ਤੇ ਬਲਵੀਰ  ਮਾਧੋਪੁਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਵਿਚਾਰ ਚਰਚਾ ਦਾ ਅਰੰਭ ਸਤਨਾਮ ਸਿੰਘ ਮਾਣਕ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਭੰਗ ਕਰ ਕੇ ਪ੍ਰਸ਼ਾਸਕੀ ਢਾਂਚੇ ਵਿੱਚ 5 ਨਵੰਬਰ ਤੋਂ ਕੀਤੀ ਜਾ ਰਹੀ ਤਬਦੀਲੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਕੇ ਕੀਤਾ ਗਿਆ। ਹਾਜ਼ਰ ਬੁੱਧੀਜੀਵੀਆਂ ਨੇ ਇਸ ਨਾਦਰਸ਼ਾਹੀ ਫ਼ਰਮਾਨ ਨੂੰ ਪੰਜਾਬ ਦੇ ਹੱਕਾਂ ਉੱਤੇ ਸਿੱਧਾ ਡਾਕਾ, ਪੰਜਾਬ ਦੀ ਪਛਾਣ ‘ਤੇ ਹਮਲਾ ਕਰਾਰ ਦਿੱਤਾ ਅਤੇ ਇਸ ਧੱਕੇਸ਼ਾਹੀ ਦੇ ਖਿਲਾਫ਼ ਸਰਬਸੰਮਤੀ ਨਾਲ਼ ਮਤਾ ਪਾਸ ਕੀਤਾ ਗਿਆ।

ਪੰਜਾਬ, ਪੰਜਾਬੀ ਭਾਸ਼ਾ, ਪਰਵਾਸ ਅਤੇ ਸਮਾਜਿਕ ਚੁਣੌਤੀਆਂ ‘ਤੇ ਡਾ. ਸਵਰਾਜ ਸਿੰਘ ਤੇ ਸਤਨਾਮ ਸਿੰਘ ਮਾਣਕ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

ਸਤਨਾਮ ਸਿੰਘ ਮਾਣਕ ਨੇ ਯੂਨੀਵਰਸਿਟੀ ਦੀ ਖੁਦਮੁਖ਼ਤਿਆਰੀ ਅਤੇ ਪੰਜਾਬ ਦੇ ਹੱਕ ਸੰਬੰਧੀ ਚਿੰਤਾ ਜਤਾਉਂਦਿਆਂ ਕਿ ਜੇ ਯੂਨੀਵਰਸਿਟੀ ਦੇ ਕੰਟਰੋਲ ਵਿੱਚ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਵਧੀ ਤਾਂ ਇਸਦਾ ਮੰਦਾ ਪ੍ਰਭਾਵ ਪੰਜਾਬ ਦੀ ਸਿੱਖਿਆ ਨੀਤੀ ਅਤੇ ਖੁਦਮੁਖ਼ਤਿਆਰੀ ‘ਤੇ ਪਵੇਗਾ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੀ ਸਿੱਖਿਆ ਅਤੇ ਸੱਭਿਆਚਾਰਕ ਪਹਿਚਾਣ ਨੂੰ ਸੁਰੱਖਿਅਤ ਰੱਖਣ ਲਈ ਯੂਨੀਵਰਸਿਟੀ ਦੀ ਖੁਦਮੁਖ਼ਤਿਆਰੀ ਬਰਕਰਾਰ ਰਹਿਣੀ ਬਹੁਤ ਜ਼ਰੂਰੀ ਹੈ।

ਡਾ. ਸਵਰਾਜ ਸਿੰਘ ਨੇ ਪੰਜਾਬ ਦੇ ਬਦਲਦੇ ਸਮਾਜਿਕ – ਸੱਭਿਆਚਾਰਕ ਨਜ਼ਰੀਏ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਹਰਾ ਇਨਕਲਾਬ ਦਰਅਸਲ ਵਿਰੋਧੀ ਇਨਕਲਾਬ ਸੀ, ਜਿਸ ਨੇ ਧਨ ਤਾਂ ਦਿੱਤਾ ਪਰ ਪੰਜਾਬੀਅਤ, ਤਹਿਜ਼ੀਬ ਅਤੇ ਨੈਤਿਕਤਾ ਖੋਹ ਲਈ। ਉਹਨਾਂ ਨੇ ਮੌਜੂਦਾ ਪਰਵਾਸ ਨੂੰ ਬਨਵਾਸ ਕਰਾਰ ਦਿੰਦਿਆਂ ਕਿਹਾ ਕਿ ਧਨ ਦੀ ਦੌੜ ਨੇ ਰਿਸ਼ਤੇ, ਸਿੱਖੀ ਦੇ ਆਦਰਸ਼ ਅਤੇ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਦੀ ਸੋਚ ਨੂੰ ਕਮਜ਼ੋਰ ਕੀਤਾ ਅਤੇ ਮਨੁੱਖੀ ਮੁੱਲਾਂ ,ਨੈਤਿਕ ਕਦਰਾਂ – ਕੀਮਤਾਂ ਨੂੰ ਹਿਲਾ ਦਿੱਤਾ।ਉਹਨਾਂ ਸਿੱਖੀ ਸਮੇਤ ਨੈਤਿਕ ਪਤਨ ‘ਤੇ ਕਰਾਰੀ ਚੋਟ ਕਰਦਿਆਂ ਚੇਤਾਵਨੀ ਦਿੱਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ-ਕੇਂਦਰਿਤ ਵਿਚਾਰਧਾਰਾ ਤੋਂ ਹੱਟ ਕੇ ਸਿਰਫ਼ ਰਸਮਾਂ ਅਤੇ ਸੰਸਥਾਈ ਹਿਸਾਬ – ਕਿਤਾਬ ਤੱਕ ਸੀਮਤ ਹੋ ਗਏ ਹਾਂ ਅਤੇ ਅੱਜ ਪੰਜਾਬ ਦੀ ਮੁਕਤੀ ਬੌਧਿਕ ਜਾਗਰੂਕਤਾ, ਨੈਤਿਕ ਮੁੱਲਾਂ, ਸੱਚੇ ਲੋਕ-ਸਰੋਕਾਰਾਂ ਅਤੇ ਸੱਚੇ – ਸੁੱਚੇ ਸਰਬੱਤ ਦਾ ਭਲਾ ਮੰਗਣ ਵਾਲੇ ਸੱਭਿਆਚਾਰ ਦੀ ਪੁਨਰ ਸੁਰਜੀਤੀ ਵਿੱਚ ਹੈ।

ਸੁਮਨਦੀਪ ਸਿੰਘ ਨੇ ਮੌਜੂਦਾ ਪਰਵਾਸੀ ਸੰਕਟ ਨੂੰ ਸਮਾਜਿਕ ਸੰਰਚਨਾ ਨਾਲ ਜੋੜਦਿਆਂ ਕਿਹਾ ਕਿ ਪਹਿਲਾਂ ਗ਼ਰੀਬ ਮਜ਼ਬੂਰੀ ਦੇ ਤਹਿਤ ਬਾਹਰ ਗਿਆ ਤੇ ਬਾਅਦ ਵਿੱਚ ਧਨਾਢ ਵਰਗਾਂ ਨੇ ਉਸੀ ਦੌੜ ਨੂੰ ਆਪਣੇ ਅਹੰਕਾਰ ਅਤੇ ਮੁਕਾਬਲੇਬਾਜ਼ੀ ਦੇ ਕਾਰਨ ਅਪਣਾਇਆ।ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਰਵਾਸ ਸਿਰਫ਼ ਆਰਥਿਕ ਮਾਮਲਾ ਨਹੀਂ, ਸਗੋਂ ਸਮਾਜਿਕ ਵਿਗਾੜ ਦਾ ਅਕਸ ਵੀ ਹੈ ਅਤੇ ਸਮਾਜਿਕ ਤਾਣੇ-ਬਾਣੇ ਦੀ ਮੁਰੰਮਤ , ਬਿਹਤਰੀ ਅਤੇ ਸਹੀ ਦਿਸ਼ਾ ਬਹੁਤ ਜ਼ਰੂਰੀ ਹੈ।

IMG-20251102-WA0027-1024x768 ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ.) ਵੱਲੋਂ ਫਗਵਾੜਾ ਵਿਖੇ "ਪੰਜਾਬ, ਪੰਜਾਬੀ ਅਤੇ ਪਰਵਾਸ" ਵਿਸ਼ੇ ਉੱਤੇ ਵਿਚਾਰ ਚਰਚਾ
ਪ੍ਰਸਿੱਧ ਕਾਲਮ ਨਵੀਸ ਪੱਤਰਕਾਰ ਗੁਰਵਿੰਦਰ ਸਿੰਘ ਮਾਣਕ ਦਾ ਸਨਮਾਨ ਕਰਦੇ ਹੋਏ ਸਤਨਾਮ ਸਿੰਘ ਮਾਣਕ ਡਾ. ਸਵਰਾਜ ਸਿੰਘ, ਨਰਪਾਲ ਸਿੰਘ ਸ਼ੇਰਗਿੱਲ, ਬਲਬੀਰ ਮਾਧੋਪੁਰੀ ਅਤੇ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ

ਬਲਬੀਰ ਮਾਧੋਪੁਰੀ ਨੇ ਕਿਹਾ ਕਿ ਤਬਦੀਲੀ ਦੇ ਦਾਅਵਿਆਂ ਦੇ ਬਾਵਜੂਦ ਗ਼ਰੀਬ, ਮਜ਼ਦੂਰ ਅਤੇ ਜ਼ਮੀਨ-ਰਹਿਤ ਵਰਗ ਅਜੇ ਵੀ ਹਾਸ਼ੀਏ ‘ਤੇ ਹਨ; 2020 ਦੇ ਸੰਕਟ ਨੇ ਉਨ੍ਹਾਂ ਦੀ ਅਸਲ ਪੀੜ ਦਿਖਾਈ। ਉਹਨਾਂ ਨੇ ਗੁਰਦੁਆਰਿਆਂ ਵਿੱਚ ਵਪਾਰਕਤਾ, ਸਰਕਾਰੀ ਬੇਪਰਵਾਹੀ ਅਤੇ ਵਰਗਵਾਦੀ ਰਵੱਈਏ ‘ਤੇ ਨਿਸ਼ਾਨਾ ਸਾਧਦਿਆਂ ਲੋਕ-ਕੇਂਦਰਿਤ, ਨਿਆਂਪੂਰਨ ਨੀਤੀਆਂ ਦੀ ਲੋੜ ਜਤਾਈ। ਨਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਪੰਜਾਬੀ ਸੰਸਾਰ ਨਾਲ਼ ਰੂਹਾਨੀ ਨਾਤਾ ਰੱਖਦੇ ਹਨ ਅਤੇ ਆਪਣੀ ਪੇਸ਼ੇਵਰ ਪਛਾਣ ਤੋਂ ਵੱਧ ਪੰਜਾਬੀ ਭਾਸ਼ਾ, ਵਿਰਸੇ ਤੇ ਇਕੱਠ ਦੀ ਸੇਵਾ ਨੂੰ ਧਰਮ ਮੰਨਦੇ ਹਨ। ਉਹਨਾਂ ਜ਼ੋਰ ਦਿੱਤਾ ਕਿ ਪੰਜਾਬੀ ਬੁੱਧੀਜੀਵੀ ਵਰਗ ਨੂੰ ਕੇਵਲ ਰਸਮੀ ਤਾੜੀਆਂ ਨਹੀਂ, ਸਗੋਂ ਸਮੇਂ-ਸਮੇਂ ‘ਤੇ ਖੁੱਲ੍ਹੇ ਮਨ ਨਾਲ਼ ਅੰਦਰੂਨੀ ਵਿਚਾਰ–ਵਟਾਂਦਰਾ ਤੇ ਸੰਗਠਿਤ ਕਾਰਵਾਈ ਦੇ ਨਾਲ਼ ਆਪਣੇ ਮੁੱਦੇ ਹੱਲ ਕਰਨੇ ਚਾਹੀਦੇ ਹਨ, ਤਾਂ ਜੋ ਗਲੋਬਲ ਪੱਧਰ ‘ਤੇ ਪੰਜਾਬੀ ਹੋਂਦ ਹੋਰ ਮਜ਼ਬੂਤ ਹੋ ਸਕੇ।

ਅਵਤਾਰ ਸਿੰਘ,ਬਲਬੀਰ ਮਾਧੋਪੁਰੀ, ਗੁਰਬਿੰਦਰ ਸਿੰਘ ਮਾਣਕ, ਸੁਮਨਦੀਪ ਸਿੰਘ, ਰਵਿੰਦਰ ਚੋਟ,ਗਿਆਨ ਸਿੰਘ ਮੋਗਾ,ਐਡਵੋਕੇਟ ਐੱਸ. ਐੱਲ. ਵਿਰਦੀ, ਨਰਪਾਲ ਸਿੰਘ ਸ਼ੇਰਗਿੱਲ,ਦੀਦਾਰ ਸ਼ੇਤਰਾ, ਪਰਮਜੀਤ ਸਿੰਘ ਨਿੱਕੇ ਘੁੰਮਣ, ਅਸ਼ਵਨੀ ਚਤਰਥ ਅਤੇ ਗੁਰਮੀਤ ਸਿੰਘ ਪਲਾਹੀ ਨੇ ਵੀ ਸੰਬੋਧਨ ਕੀਤਾ।

ਪੰਜਾਬ ਦਿਵਸ ਮੌਕੇ ਆਯੋਜਿਤ ਇਸ ਵਿਚਾਰ ਚਰਚਾ ਵਿੱਚ ਪੰਜਾਬ, ਪੰਜਾਬੀ ਅਤੇ ਪਰਵਾਸ ਵਿਸ਼ੇ ਉੱਤੇ ਹਾਜ਼ਰ ਬੁੱਧੀਜੀਵੀਆਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪਛਾਣ ਦੀ ਰੱਖਿਆ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।ਸਮਾਗਮ ਵਿੱਚ ਪੰਜਾਬੀ ਪਾਠਕਾਂ, ਪਰਵਾਸੀਆਂ ਦੇ ਮੁੱਦੇ, ਸਮਾਜਿਕ ਜ਼ਿੰਮੇਵਾਰੀ, ਵਿਚਾਰਧਾਰਕ ਵਿਰਾਸਤ ਅਤੇ ਜਨ-ਜਾਗਰੂਕਤਾ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਵਿਚਾਰ ਪੇਸ਼ ਕੀਤੇ ਗਏ। ਵਿਦਵਾਨਾਂ ਨੇ ਜ਼ੋਰ ਦਿੱਤਾ ਕਿ ਭਾਵੇਂ ਚੁਣੌਤੀਆਂ ਵੱਡੀਆਂ ਹਨ, ਪਰ ਸਾਂਝੀ ਅਵਾਜ਼ ਅਤੇ ਜ਼ਿੰਮੇਵਾਰ ਸੋਚ ਪੰਜਾਬੀਅਤ ਦਾ ਭਵਿੱਖ ਰੋਸ਼ਨ ਕਰ ਸਕਦੀ ਹੈ।ਸਤਨਾਮ ਮਾਣਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਂਝੀ ਤਰੱਕੀ ਅਤੇ ਸਰਬੱਤ ਦਾ ਭਲਾ ਅਜੇ ਵੀ ਸਾਡੇ ਸਮਾਜ ਵਿੱਚ ਪੂਰੀ ਤਰ੍ਹਾਂ ਨਜ਼ਰ ਨਹੀਂ ਆਇਆ। ਉਹਨਾਂ ਨੇ ਇਤਿਹਾਸਕ ਸੰਘਰਸ਼ਾਂ, ਪਰਵਾਸੀ ਸਫ਼ਰ, ਸਿੱਖ ਧਰਮ ਦੀ ਵਿਸ਼ਵ–ਦਰਸ਼ਨ ਸ਼ਕਤੀ, ਵਰਗ–ਸੰਘਰਸ਼, ਜਾਤ–ਚੇਤਨਾ, ਪ੍ਰਵਾਸੀ ਅਨੁਭਵਾਂ ਅਤੇ ਸਮਾਜਕ–ਰਾਜਨੀਤਿਕ ਅਸਮਾਨਤਾਵਾਂ ਨੂੰ ਰੋਸ਼ਨੀ ਵਿੱਚ ਲਿਆਉਂਦੇ ਹੋਏ ਜ਼ੋਰ ਦਿੱਤਾ ਕਿ ਪੰਜਾਬੀ ਪਛਾਣ ਦੀ ਰੱਖਿਆ, ਭਵਿੱਖ ਦੀ ਪੀੜ੍ਹੀ ਲਈ ਨਿਆਂਪੂਰਨ, ਸਥਾਈ ਅਤੇ ਲੋਕ–ਕੇਂਦਰਿਤ ਵਿਕਾਸ ਮਾਡਲ ਦੀ ਤਿਆਰੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।ਸਿੱਖ ਫ਼ਲਸਫ਼ੇ ਦਾ “ਸਰਬੱਤ ਦਾ ਭਲਾ” ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਅਤੇ ਸਮਾਜਕ ਬਦਲਾਅ ਅਧੂਰਾ ਹੈ। ਡਾ. ਅੰਬੇਦਕਰ ਤੋਂ ਕਮਿਊਨਿਸਟ ਅੰਦੋਲਨਾਂ ਤੱਕ ਲੜੀਆਂ ਗਈਆਂ ਜੰਗਾਂ ਦੇ ਬਾਵਜੂਦ, ਸਮਾਜ ਵਿੱਚ ਅਜੇ ਵੀ ਸਮਾਨਤਾ ਅਤੇ ਨਿਆਂ ਲਈ ਸੰਘਰਸ਼ ਜਾਰੀ ਹੈ। ਆਪਣੇ ਪਰਵਾਸੀ ਪਰਿਵਾਰਕ ਇਤਿਹਾਸ ਨੂੰ ਯਾਦ ਕਰਦਿਆਂ ਜ਼ੋਰ ਦਿੱਤਾ ਕਿ ਹਰ ਘਰ ਵਿੱਚ ਇੱਕ ਜੰਗ, ਇੱਕ ਜ਼ਮੀਰ, ਅਤੇ ਇੱਕ ਕਹਾਣੀ ਹੁੰਦੀ ਹੈ। ਉਹਨਾਂ ਨੇ ਕਾਰੀਗਰੀ, ਮਿਹਨਤ, ਸਾਂਝੇ ਪੱਖ ਅਤੇ ਸਥਾਨਕ ਸ਼ਕਤੀ ਨੂੰ ਮੁੜ ਜਗਾਉਣ ਦੀ ਅਪੀਲ ਕੀਤੀ। ਪਿੰਡਾਂ ਵਿੱਚ ਆਤਮ–ਨਿਰਭਰਤਾ, ਸਾਂਝੇ ਸੰਸਾਧਨ, ਮਾਣ–ਮਰਿਆਦਾ ਅਤੇ ਨੌਜਵਾਨੀ ਦਾ ਨਵਾਂ ਚੇਤਨ ਮੰਚ ਬਣਾਉਣ ਦੀ ਲੋੜ ‘ਤੇ ਵੀ ਗੱਲ ਕੀਤੀ।ਇਨਕਲਾਬ ਸਿਰਫ਼ ਕਾਗ਼ਜ਼ਾਂ ‘ਤੇ ਨਹੀਂ, ਜੀਵਨ ਵਿੱਚ ਦਿਸਣਾ ਚਾਹੀਦਾ ਹੈ।

ਇਸ ਮੌਕੇ ਪ੍ਰਸਿੱਧ ਕਾਲਮ ਨਵੀਸ ਪੱਤਰਕਾਰ ਗੁਰਬਿੰਦਰ ਸਿੰਘ ਮਾਣਕ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।

ਸਤਨਾਮ ਸਿੰਘ ਮਾਣਕ ਨੇ ਗੁਰਬਿੰਦਰ ਸਿੰਘ ਮਾਣਕ ਦੀ ਪ੍ਰਗਤੀਵਾਦੀ ਸੋਚ, ਪੰਜਾਬੀ ਭਾਸ਼ਾ-ਸੱਭਿਆਚਾਰ ਨਾਲ਼ ਨਿਭਾਅ ਅਤੇ ਪੰਜਾਬ ਦੇ ਲੋਕ–ਸਰੋਕਾਰਾਂ ਪ੍ਰਤੀ ਸਮਰਪਣ ਦੀ ਖ਼ਾਸ ਤੌਰ ‘ਤੇ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਜਲੰਧਰ ਨੇੜੇ ਆਪਣੇ ਹਰੇ-ਭਰੇ ਪਿੰਡ ਵਿੱਚ ਰਹਿੰਦਿਆਂ ਵੀ ਗੁਰਬਿੰਦਰ ਸਿੰਘ ਮਾਣਕ ਨੇ ਪੰਜਾਬੀ ਸਮਾਜਿਕ ਚੇਤਨਾ ਅਤੇ ਵਿਰਸੇ ਦੀ ਸੇਵਾ ਨੂੰ ਆਪਣਾ ਜੀਵਨ-ਧਰਮ ਬਣਾਇਆ ਹੈ, ਤੇ ਅੱਜ ਸਮਾਜ ਵੱਲੋਂ ਉਹਨਾਂ ਦਾ ਸਨਮਾਨ ਹੋਣਾ ਸਾਡੇ ਲਈ ਗੌਰਵ ਦੀ ਗੱਲ ਹੈ। ਇਸ ਮੌਕੇ ਬਲਦੇਵ ਰਾਜ ਕੋਮਲ, ਸੋਹਣ ਸਹਿਜਲ, , ਮਨਦੀਪ ਸਿੰਘ, ਪਰਵਿੰਦਰਜੀਤ ਸਿੰਘ, ਜਪਜੀਤ ਸਿੰਘ, ਕਮਲੇਸ਼ ਸੰਧੂ ,ਦੀਪ ਕਲੇਰਾਂ,ਰੇਸ਼ਮ ਕਲੇਰ,ਰਵਿੰਦਰ ਸਿੰਘ ਰਾਏ,ਪ੍ਰੋ.ਮਲਕੀਤ ਜੌੜਾ,ਰਾਜ ਕੁਮਾਰੀ, ਨਿਰਵੈਰ ਸਿੰਘ ਨੰਢਾ ਆਦਿ ਹਾਜ਼ਰ ਸਨ।

Share this content:

Post Comment