ਪ੍ਰਧਾਨ ਮੰਤਰੀ ਬਣ ਕੇ 300 ਦਿਨ ਬਾਹਰਲੇ ਮੁਲਕਾਂ ’ਚ ਗੁਜ਼ਾਰੇ
ਨਵੀਂ ਦਿੱਲੀ, 25 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਲੈ ਕੇ ਹੁਣ ਤੱਕ ‘ਵਿਸ਼ਵ ਦਰਸ਼ਨ’ ਲਈ ਕਰੀਬ 300 ਦਿਨ ਵਿਦੇਸ਼ੀ ਧਰਤੀ ’ਤੇ ਗੁਜ਼ਾਰੇ ਹਨ। ਮਤਲਬ ਔਸਤਨ ਹਰ ਤੇਰ੍ਹਵਾਂ ਦਿਨ ਵਿਦੇਸ਼ ’ਚ ਬਿਤਾਇਆ ਹੈ। ਉਨ੍ਹਾ ਇਹ ਨਵਾਂ ਰਿਕਾਰਡ ਕਾਇਮ ਕੀਤਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਦੇ ਹਿੱਸੇ ਅਜਿਹੀ ਵਿਦੇਸ਼ ਯਾਤਰਾ ਨਹੀਂ ਆਈ। ਇਨ੍ਹਾਂ 11 ਵਰ੍ਹਿਆਂ ’ਚ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ’ਤੇ ਕਰੀਬ 2500 ਕਰੋੜ ਰੁਪਏ ਦਾ ਖਰਚਾ ਆਇਆ ਹੈ।
ਵਿਦੇਸ਼ ਮੰਤਰਾਲੇ ਦੀ ਤਾਜ਼ਾ ਸੂਚਨਾ ਅਨੁਸਾਰ ਪ੍ਰਧਾਨ ਮੰਤਰੀ ਨੇ ਸਾਲ 2021 ਤੋਂ ਜੁਲਾਈ 2025 ਤੱਕ 33 ਵਿਦੇਸ਼ ਦੌਰਿਆਂ ਦੌਰਾਨ 57 ਮੁਲਕਾਂ ਦੀ ਯਾਤਰਾ ਕੀਤੀ ਹੈ, ਜਿਸ ’ਤੇ 361.94 ਕਰੋੜ ਦਾ ਖਰਚਾ ਆਇਆ ਹੈ। ਸਾਲ 2024 ਵਿੱਚ ਪ੍ਰਧਾਨ ਮੰਤਰੀ ਨੇ 11 ਵਿਦੇਸ਼ ਦੌਰੇ ਕੀਤੇ, ਜਿਨ੍ਹਾਂ ’ਤੇ 109.42 ਕਰੋੜ ਰੁਪਏ ਖਰਚ ਆਏ ਹਨ। ਲੰਘੇ ਚਾਰ ਵਰ੍ਹਿਆਂ ਦੌਰਾਨ ਵਿਦੇਸ਼ਾਂ ਵਿੱਚ ਪ੍ਰਚਾਰ ’ਤੇ 1.12 ਕਰੋੜ ਰੁਪਏ ਖਰਚੇ ਗਏ ਹਨ। ਪ੍ਰਧਾਨ ਮੰਤਰੀ ਨੇ 2014 ਤੋਂ 2018 ਤੱਕ 60 ਮੁਲਕਾਂ ਦਾ ਦੌਰਾ ਕੀਤਾ ਸੀ, ਜਿਸ ’ਤੇ 2022.58 ਕਰੋੜ ਰੁਪਏ ਖਰਚ ਆਏ ਸਨ। ਜਦੋਂ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾ ਆਪਣੇ ਕਾਰਜਕਾਲ ਦੌਰਾਨ 31 ਮੁਲਕਾਂ ਦਾ ਦੌਰਾ ਕੀਤਾ ਸੀ, ਜਿਸ ’ਤੇ 144.43 ਕਰੋੜ ਰੁਪਏ ਖਰਚ ਆਏ ਸਨ। ਵਾਜਪਾਈ ਨੇ ਵਿਦੇਸ਼ੀ ਧਰਤੀ ’ਤੇ ਪੰਜ ਸਾਲਾਂ ਦੌਰਾਨ 131 ਦਿਨ ਗੁਜ਼ਾਰੇ ਸਨ। ਉਸ ਮਗਰੋਂ ਪ੍ਰਧਾਨ ਮੰਤਰੀ ਬਣੇ ਡਾ. ਮਨਮੋਹਨ ਸਿੰਘ ਨੇ ਦਸ ਸਾਲ ਦੇ ਕਾਰਜਕਾਲ ਦੌਰਾਨ 35 ਮੁਲਕਾਂ ਦਾ ਦੌਰਾ ਕੀਤਾ, ਜਿਸ ’ਤੇ 699 ਕਰੋੜ ਖਰਚ ਆਏ ਸਨ।
Share this content:


Post Comment