Loading Now

ਪੀ. ਐਮ. ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ‘ਰਾਸ਼ਟਰੀ ਤਕਨਾਲੋਜੀ ਦਿਵਸ ‘ ਮਨਾਇਆ

ਪੀ. ਐਮ. ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ‘ਰਾਸ਼ਟਰੀ ਤਕਨਾਲੋਜੀ ਦਿਵਸ ‘ ਮਨਾਇਆ

ਫਗਵਾੜਾ, 11 ਮਈ (ਏ.ਡੀ.ਪੀ ਨਿਊਜ਼) – ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐੱਮ.ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ‘ਰਾਸ਼ਟਰੀ ਤਕਨਾਲੋਜੀ ਦਿਵਸ’ ਬੜੇ ਉਤਸ਼ਾਹ ਅਤੇ ਦਿਲਚਸਪ ਗਤੀਵਿਧੀਆਂ ਨਾਲ ਮਨਾਇਆ ਗਿਆ। ਇਸ ਮੌਕੇ ਅਧਿਆਪਕ ਸਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਸਹੀ ਅਤੇ ਸੁਰੱਖਿਅਤ ਉਪਯੋਗ ਲਈ ਪ੍ਰੇਰਿਤ ਕੀਤਾ ਗਿਆ ਅਤੇ ਮੈਡਮ ਗੁਰਪ੍ਰੀਤ ਕੌਰ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸਾਈਬਰ ਸੁਰੱਖਿਆ ਸੰਬੰਧੀ ਸਹੁੰ ਵੀ ਚੁਕਵਾਈ ਗਈ। ਸਮਾਗਮ ਸਕੂਲ ਇੰਚਾਰਜ ਰਾਜੀਵ ਸੋਨੀ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾ ਮੈਡਮ ਹਰਮੀਤ ਕੌਰ ਅਤੇ ਮੈਡਮ ਨਿਸ਼ੀ ਸੈਣੀ ਦੀ ਦੇਖਰੇਖ ਵਿੱਚ ਕਰਵਾਇਆ ਗਿਆ। ਵਿਸ਼ੇਸ਼ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੇ ਸਾਥੀ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਸਾਲ 11 ਮਈ ਨੂੰ ਭਾਰਤ ਦੀਆਂ ਵਿਗਿਆਨਕ ਅਤੇ ਤਕਨਾਲੋਜੀ ਖੇਤਰ ਸੰਬੰਧੀ ਉਪਲਬਧੀਆਂ ਨੂੰ ਸਮਰਪਿਤ ਕਰਦਿਆਂ ‘ਨੈਸ਼ਨਲ ਟੈਕਨਾਲੋਜੀ ਡੇਅ’ ਮਨਾਇਆ ਜਾਂਦਾ ਹੈ। ਅਧਿਆਪਕਾਂ ਵੱਲੋਂ ਸਾਇੰਸ, ਆਈ.ਟੀ., ਸਪੇਸ ਸਾਇੰਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਸਾਈਬਰ ਸੁਰੱਖਿਆ ਦੇ ਖੇਤਰਾਂ ਵਿੱਚ ਹੋ ਰਹੀ ਤਰੱਕੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।

ਸਕੂਲ ਇੰਚਾਰਜ ਰਾਜੀਵ ਸੋਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਧੁਨਿਕ ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਬਹੁਤ ਆਸਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਕੰਪਿਊਟਰ ਸਿਰਫ਼ ਨਵੀਂ ਤਕਨਾਲੋਜੀ ਵਜੋਂ ਜਾਣੇ ਜਾਂਦੇ ਸਨ, ਪਰ ਅੱਜ ਦੇ ਬੱਚੇ ਜਨਮ ਤੋਂ ਹੀ ਡਿਜ਼ਿਟਲ ਯੁੱਗ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਡਿਜ਼ਿਟਲ ਟੂਲਜ਼ ਨੇ ਪੜ੍ਹਾਈ, ਸਿੱਖਿਆ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਬਹੁਤ ਸੁਖਾਲਾ ਬਣਾਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਫ਼ਾਇਦਿਆਂ ਦੇ ਨਾਲ-ਨਾਲ ਇਸ ਦੇ ਨੁਕਸਾਨਾਂ ਬਾਰੇ ਵੀ ਸਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਤਕਨਾਲੋਜੀ ਦਾ ਸਹੀ ਅਤੇ ਸੰਤੁਲਿਤ ਉਪਯੋਗ ਹੀ ਮਨੁੱਖਤਾ ਲਈ ਲਾਹੇਵੰਦ ਹੈ।

prayer ਪੀ. ਐਮ. ਸ਼੍ਰੀ. ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ 'ਰਾਸ਼ਟਰੀ ਤਕਨਾਲੋਜੀ ਦਿਵਸ ' ਮਨਾਇਆ

ਸਾਇੰਸ ਮਾਸਟਰ ਅਮਨਦੀਪ ਸਿੰਘ ਨੇ ‘ਨੈਸ਼ਨਲ ਟੈਕਨਾਲੋਜੀ ਡੇਅ’ ਦੇ ਇਤਿਹਾਸ, ਭਾਰਤ ਦੀਆਂ ਤਕਨਾਲੋਜੀ ਖੇਤਰ ਵਿਚ ਪ੍ਰਾਪਤੀਆਂ ਅਤੇ ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ. ਅਬਦੁੱਲ ਕਲਾਮ ਦੇ ਯੋਗਦਾਨ ਬਾਰੇ ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਢੰਗ ਨਾਲ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਸੂਝਬੂਝ ਨਾਲ ਵਰਤੋਂ ਕਰਨ ਅਤੇ ਸਾਈਬਰ ਜਾਗਰੂਕਤਾ ਅਪਣਾਉਣ ਲਈ ਪ੍ਰੇਰਿਤ ਕੀਤਾ।

ਜਾਣਕਾਰੀ ਸੈਸ਼ਨ ਦੇ ਅੰਤ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਤਕਨਾਲੋਜੀ ਦੇ ਜ਼ਿੰਮੇਵਾਰਾਨਾ ਉਪਯੋਗ ਅਤੇ ਸਾਈਬਰ ਸੁਰੱਖਿਆ ਸਬੰਧੀ ਸਹੁੰ ਚੁੱਕੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ‘ਤੇ ਕਰਵਾਈ ਗਈ ਤਕਨਾਲੋਜੀ ਅਤੇ ਸਾਈਬਰ ਜਾਗਰੂਕਤਾ ਕੁਇਜ਼ ਵਿੱਚ ਵੀ ਉਤਸ਼ਾਹ ਨਾਲ ਭਾਗ ਲਿਆ।ਵੱਖ – ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਕੇ ਉਤਸਾਹਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸੋਨੀਆ, ਗੁਰਪ੍ਰੀਤ ਕੌਰ, ਨਵਜੋਤ ਕਿਰਨ, ਸਤਨਾਮ ਕੌਰ, ਅਨੁਰਾਧਾ ਮੰਡਵਾਲ, ਮਨਪ੍ਰੀਤ ਕੌਰ, ਹਰਸ਼ਵਰਧਨ, ਰਣਬੀਰ ਸਿੰਘ, ਧੀਰਜ ਸ਼ਰਮਾ, ਕਮਲੇਸ਼ ਸੰਧੂ ਤੋਂ ਇਲਾਵਾ ਸਮੂਹ ਸਟਾਫ਼ ਵੀ ਹਾਜ਼ਰ ਸੀ।

Share this content:

Post Comment