ਪੀਆਰਟੀਸੀ ਅਤੇ ਪਨਬੱਸ ਕਾਮਿਆਂ ‘ਤੇ ਲਾਠੀਚਾਰਜ ਗ੍ਰਿਫ਼ਤਾਰੀਆਂ ਤੇ ਮੁਅਤਲੀਆਂ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਸਖ਼ਤ ਨਿਖੇਧੀ
*ਮੁਅਤਲ ਕਾਮੇ ਤੁਰੰਤ ਬਹਾਲ ਕੀਤੇ ਜਾਣ
ਬਠਿੰਡਾ, 1 ਦਸੰਬਰ (ਏ.ਡੀ.ਪੀ ਨਿਊਜ਼) – ਜਮਹੂਰੀ ਅਧਿਕਾਰ ਸਭਾ ਨੇ ਪੀ.ਆਰ.ਟੀ.ਸੀ. ਅਤੇ ਪਨਬੱਸ ਦੇ ਮੁਲਾਜ਼ਮਾਂ ‘ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਆਗੂਆਂ ਦੀ ਗ੍ਰਿਫ਼ਤਾਰੀ ਤੇ ਮੁਅਤਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਭਾ ਦੇ ਜਿਲ੍ਹਾ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੀਆਰਟੀਸੀ./ਪਨਬੱਸ ਦੇ ਕੱਚੇ ਕਾਮੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜਗਾਰ ਨੂੰ ਪੱਕਾ ਕਰਾਉਣ ਅਤੇ ਸਰਕਾਰੀ ਟਰਾਂਸਪੋਰਟ ਅਦਾਰੇ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਇਸੇ ਸੰਘਰਸ਼ ਦੀ ਲੜੀ ਤਹਿਤ ਪਨਬੱਸ ਅਦਾਰੇ ਵਿੱਚ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਟੈਂਡਰ ਰੱਦ ਕਰਵਾਉਣ ਲਈ 28 ਨਵੰਬਰ ਤੋਂ ਇਹਨਾਂ ਕਾਮਿਆਂ ਵੱਲੋਂ ਮੁਜਾਹਰੇ ਕੀਤੇ ਜਾ ਰਹੇ ਸਨ।
ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੰਜਾਬ ਪੁਲਿਸ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਸੰਘਰਸ਼ ਕਰਦੇ ਲੋਕਾਂ ਉੱਪਰ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਕਈਆਂ ਨੂੰ ਘਰਾਂ ‘ਚ ਨਜਰਬੰਦ ਕੀਤਾ ਗਿਆ, ਆਗੂਆਂ ਨੂੰ ਨੌਕਰੀ ਤੋਂ ਮੁਅਤਲ ਅਤੇ ਕਈਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਹੈ। ਮੁਅਤਲ ਕੀਤੇ ਆਗੂਆਂ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ, ਜੋ ਕਿ ਸਿੱਧੇ ਤੌਰ ‘ਤੇ ਲੋਕਤੰਤਰੀ ਹੱਕਾਂ ਦੀ ਉਲੰਘਣਾ ਹੈ। ਪੰਜਾਬ ਸਰਕਾਰ ਦਾ ਇਹ ਰਵੱਈਆ ਬੇਹੱਦ ਨਿੰਦਣਯੋਗ ਹੈ। ਆਮ ਲੋਕਾਂ ਦੀ ਸੇਵਾ ਦਾ ਰਾਗ ਅਲਾਪਣ ਵਾਲੀ ‘ਆਪ’ ਸਰਕਾਰ ਨੇ ਹੁਣ ਆਮ ਲੋਕਾਂ ਤੋਂ ਹੱਕ ਖੋਹਣ, ਉਨ੍ਹਾਂ ‘ਤੇ ਝੂਠੇ ਪਰਚੇ ਪਾਉਣ ਅਤੇ ਜੇਲ੍ਹਾਂ ‘ਚ ਸੁੱਟਣ ਦਾ ਧੱਕੇਸ਼ਾਹ ਰਾਹ ਅਪਣਾਇਆ ਹੋਇਆ ਹੈ।ਸਭਾ ਨੇ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਸਾਰੇ ਕਾਮਿਆਂ ਨੂੰ ਜਲਦ ਤੋਂ ਜਲਦ ਅਤੇ ਬਿਨਾਂ ਸ਼ਰਤ ਕਰਕੇ ਨੌਕਰੀ ਤੇ ਬਹਾਲ ਕੀਤਾ ਜਾਵੇ।ਪੀ.ਆਰ.ਟੀ.ਸੀ. ਮਹਿਕਮੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਟੈਂਡਰ ਨੂੰ ਤੁਰੰਤ ਰੱਦ ਕਰਕੇ ਨਿੱਜੀਕਰਨ ਦੀਆਂ ਨੀਤੀਆਂ ‘ਤੇ ਰੋਕ ਲਗਾਈ ਜਾਵੇ। ਅਤੇ ਟਰਾਂਸਪੋਰਟ ਮਹਿਕਮੇ ਦੇ ਸਾਰੇ ਕੱਚੇ ਮੁਲਾਜਮਾਂ ਨੂੰ ਜਲਦ ਤੋਂ ਜਲਦ ਪੱਕੇ ਕੀਤਾ ਜਾਵੇ।
Share this content:


Post Comment