ਪਾਣੀ ਦੇ ਝਗੜੇ ਕਾਰਨ ਚੱਲੀਆਂ ਗੋਲੀਆਂ; 2 ਕਿਸਾਨਾਂ ਦੀ ਮੌਤ
ਮੁਕਤਸਰ, 7 ਫਰਵਰੀ – ਗਿੱਦੜਬਾਹਾ ਦੇ ਹਲਕਾ ਕੋਠੇ ਦਸਮੇਸ਼ ਨਗਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਪਾਣੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋਈਆਂ ਹਨ। ਪਾਣੀ ਦੀ ਖਾਲ ਨੂੰ ਲੈ ਕੇ ਚੱਲ ਰਹੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਹੈ ਤੇ ਇਸ ਝੜਪ ਵਿਚ 2 ਲੋਕਾਂ ਦੀ ਜਾਨ ਚਲੀ ਗਈ ਹੈ। ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੁੰਦੀ ਹੈ ਤੇ ਮਗਰੋਂ ਮਾਹੌਲ ਇੰਨਾ ਭਖ ਜਾਂਦਾ ਹੈ ਕਿ ਗੱਲ ਹੱਥੋਂਪਾਈ ਤੋਂ ਲੰਘਦੀ ਹੋਈ ਗੋਲੀਆਂ ਤੱਕ ਪਹੁੰਚ ਜਾਂਦੀ ਹੈ ਤੇ ਪਲਾਂ ਦੇ ਵਿਚ ਹੀ ਪਿੰਡ ਦੀ ਖਾਮੋਸ਼ੀ ਗੋਲੀਆਂ ਦੀ ਆਵਾਜ਼ ਨਾਲ ਟੁੱਟ ਜਾਂਦੀ ਹੈ। ਇਸ ਖੂਨੀ ਟਕਰਾਅ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਹਾਦਸੇ ਮਗਰੋਂ ਪੂਰੇ ਇਲਾਕੇ ਵਿਚ ਸਹਿਮ ਤੇ ਸੋਗ ਦਾ ਮਾਹੌਲ ਹੈ।
ਦੱਸਿਆ ਜਾ ਰਿਹਾ ਹੈ ਕਿ ਪੱਕਾ ਖਾਲ ਬਣਾਉਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਘਰਾਂ ਦੇ ਸਾਹਮਣੇ ਪਹਿਲਾਂ ਹੀ ਪੱਕਾ ਖਾਲ ਹੈ ਪਰ ਇਕ ਧਿਰ ਉਸੇ ਜਗ੍ਹਾ ਉਤੇ ਇਕ ਨਵਾਂ ਖਾਲ ਬਣਾਉਣ ਦੀ ਕੋਸ਼ਿਸ਼ ਦਾ ਵਿਰੋਧ ਕਰ ਰਿਹਾ ਸੀ ਤੇ ਇਸੇ ਦੌਰਾਨ ਦੋਵਾਂ ਵਿਚਾਲੇ ਤਣਾਅ ਵਧ ਜਾਂਦਾ ਹੈ। ਹਿੰਸਕ ਝੜਪ ਹੋ ਜਾਂਦੀ ਹੈ ਤੇ ਇਹ ਝੜਪ ਗੋਲੀਆਂ ਤੱਕ ਪਹੁੰਚ ਜਾਂਦੀ ਹੈ। ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ ਤੇ ਨਿਰਮਲ ਸਿੰਘ ਵਜੋਂ ਹੋਈ ਹੈ। ਦੋਵਾਂ ਨੂੰ ਗੰਭੀਰ ਹਾਲਤ ਵਿਚ ਗਿੱਦੜਬਾਹਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Share this content:



Post Comment