ਪਾਕਿਸਤਾਨ ਫਿਰ ਚੱਲਿਆ ਪ੍ਰਧਾਨਗੀ ਸਿਸਟਮ ਵੱਲ
ਇਸਲਾਮਾਬਾਦ, 17 ਜੁਲਾਈ – ਪਾਕਿਸਤਾਨ ਦੀ ਨਾਗਰਿਕ ਤੇ ਫੌਜੀ ਲੀਡਰਸ਼ਿਪ ਵਿਚਾਲੇ ਹਾਲੀਆ ਮੀਟਿੰਗ ਨੇ ਸੈਨਾ ਮੁਖੀ ਦੇ ਅਗਲਾ ਰਾਸ਼ਟਰਪਤੀ ਬਣਨ ਦੀਆਂ ਕਿਆਸਅਰਾਈਆਂ ਨੂੰ ਫਿਰ ਹਵਾ ਦੇ ਦਿੱਤੀ ਹੈ। ਇਸ ਮਹੀਨੇ ਤੀਜੀ ਵਾਰ ਅਜਿਹੀਆਂ ਕਿਆਸਅਰਾਈਆਂ ਨੂੰ ਹਵਾ ਮਿਲੀ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਲਾਂਕਿ ਪਿਛਲੇ ਹਫਤੇ ਖੰਡਨ ਕੀਤਾ ਸੀ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਹਟਾ ਕੇ ਸੈਨਾ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਰਾਸ਼ਟਰਪਤੀ ਬਣਾਇਆ ਜਾ ਰਿਹਾ ਹੈ। ਸ਼ਰੀਫ ਦੇ ਮੰਗਲਵਾਰ ਜ਼ਰਦਾਰੀ ਨੂੰ ਮਿਲਣ ਤੋਂ ਪਹਿਲਾਂ ਮੁਨੀਰ ਦੀ ਸ਼ਰੀਫ ਨਾਲ ਮੁਲਾਕਾਤ ਨੇ ਅਫਵਾਹਾਂ ਦਾ ਬਾਜ਼ਾਰ ਹੋਰ ਗਰਮ ਕਰ ਦਿੱਤਾ। ਪਾਕਿਸਤਾਨ ਦੀ ਅਖਬਾਰ ‘ਦੀ ਐੱਕਸਪ੍ਰੈੱਸ ਟਿ੍ਰਬਿਊਨ’ ਦੀ ਰਿਪੋਰਟ ਮੁਤਾਬਕ ਇਹ ਮੁਲਾਕਤਾਂ ਸੰਵਿਧਾਨ ਵਿੱਚ ਕੀਤੀ ਜਾਣ ਵਾਲੀ 27ਵੀਂ ਸੋਧ ਦੇ ਸੰਦਰਭ ਵਿੱਚ ਹੋਈਆਂ ਦੱਸੀਆਂ ਜਾ ਰਹੀਆਂ ਹਨ, ਜਿਸ ਨਾਲ ਜ਼ਰਦਾਰੀ ਮੁਨੀਰ ਦੇ ਹੱਕ ਵਿੱਚ ਰਾਸ਼ਟਰਪਤੀ ਦਾ ਅਹੁਦਾ ਛੱਡਣਗੇ।
ਸੋਸ਼ਲ ਮੀਡੀਆ ਇਹ ਖਬਰਾਂ ਦੇ ਰਿਹਾ ਹੈ ਕਿ ਦੇਸ਼ ਵਿੱਚ ਪਾਰਲੀਮੈਂਟਰੀ ਸਿਸਟਮ ਨੂੰ ਪ੍ਰਧਾਨਗੀ ਤਰਜ਼ ਦੀ ਸਰਕਾਰ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਕਿਆਸਅਰਾਈਆਂ ਬੇਬੁਨਿਆਦ ਹਨ, ਪਰ ਨਾਲ ਹੀ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਕਿ ਜ਼ਰਦਾਰੀ ਤੇ ਸ਼ਰੀਫ ਵਿਚਾਲੇ ਹੋਈ ਮੀਟਿੰਗ ਵਿੱਚ ਜ਼ਰਦਾਰੀ ਦੇ ਅਸਤੀਫੇ ਤੇ ਮੁਨੀਰ ਨੂੰ ਰਾਸ਼ਟਰਪਤੀ ਬਣਾਉਣ ਦਾ ਮਾਮਲਾ ਉੱਠਿਆ ਸੀ। ਸ਼ਰੀਫ ਨੇ 11 ਜੁਲਾਈ ਨੂੰ ਜ਼ਰਦਾਰੀ ਦੇ ਅਹੁਦਾ ਛੱਡਣ ਤੇ ਮੁਨੀਰ ਦੇ ਰਾਸ਼ਟਰਪਤੀ ਬਣਨ ਦੇ ਦਾਅਵਿਆਂ ਨੂੰ ਕਿਆਸਅਰਾਈਆਂ ਦੱਸਿਆ ਸੀ। ਉਨ੍ਹਾ ਕਿਹਾ ਸੀਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਦੇ ਵੀ ਰਾਸ਼ਟਰਪਤੀ ਬਣਨ ਦੀ ਇੱਛਾ ਜ਼ਾਹਰ ਨਹੀਂ ਕੀਤੀ ਤੇ ਨਾ ਹੀ ਅਜਿਹੀ ਕੋਈ ਯੋਜਨਾ ਹੈ।
ਸ਼ਰੀਫ ਦੇ ਸਪੱਸ਼ਟੀਕਰਨ ਤੋਂ ਪਹਿਲਾਂ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ 10 ਜੁਲਾਈ ਨੂੰ ਕਿਹਾ ਸੀ ਕਿ ਉਨ੍ਹਾ ਨੂੰ ਪਤਾ ਹੈ ਕਿ ਜ਼ਰਦਾਰੀ, ਸ਼ਰੀਫ ਤੇ ਮੁਨੀਰ ਬਾਰੇ ਅਫਵਾਹਾਂ ਕੌਣ ਫੈਲਾ ਰਿਹਾ ਹੈ। ਨਕਵੀ ਫੌਜੀ ਲੀਡਰਸ਼ਿਪ ਦੇ ਕਰੀਬੀ ਹਨ। ਪਾਰਲੀਮੈਂਟਰੀ ਸਿਸਟਮ ਨੂੰ ਪ੍ਰਧਾਨਗੀ ਸਿਸਟਮ ਵਿੱਚ ਬਦਲਣ ਦੀਆਂ ਕਿਆਸਅਰਾਈਆਂ ਦਰਮਿਆਨ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਬੁੱਧਵਾਰ ਫਿਰ ਸਾਰੀਆਂ ਕਿਆਸਅਰਾਈਆਂ ਨੂੰ ਰੱਦ ਕਰਦਿਆਂ ਕਿਹਾ ਕਿ ਸ਼ਰੀਫ ਨੇ ਕਿਆਸਅਰਾਈਆਂ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਇਹ ਸਭ ਪਤੰਗਬਾਜ਼ੀ ਹੈ। ਜ਼ਰਦਾਰੀ ਨੇ ਵੀ ਵਰਤਮਾਨ ਸਿਆਸੀ ਸਿਸਟਮ ’ਤੇ ਪੂਰਾ ਭਰੋਸਾ ਪ੍ਰਗਟਾਇਆ। ਜ਼ਰਦਾਰੀ ਨਾਲ ਮੁਲਾਕਾਤ ਤੋਂ ਪਹਿਲਾਂ ਮੁਨੀਰ ਦੀ ਸ਼ਰੀਫ ਨਾਲ ਮੁਲਾਕਾਤ ਬਾਰੇ ਆਸਿਫ ਨੇ ਕਿਹਾ ਕਿ ਇਸ ਵਿੱਚ ਕੋਈ ਨਵੀਂ ਗੱਲ ਨਹੀਂ। ਫੀਲਡ ਮਾਰਸ਼ਲ ਤੇ ਪ੍ਰਧਾਨ ਮੰਤਰੀ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਲਈ ਹਫਤੇ ਵਿੱਚ ਤਿੰਨ ਵਾਰ ਮਿਲਦੇ ਹਨ। ਉਨ੍ਹਾ ਦਾਅਵਾ ਕੀਤਾ ਕਿ ਸੈਨਾ ਮੁਖੀ ਦੀ ਸਿਆਸਤ ’ਚ ਦਿਲਚਸਪੀ ਨਹੀਂ ਹੈ। ਸੈਨਾ ਮੁਖੀ ਕੋਲ ਪਹਿਲਾਂ ਹੀ ਫੌਜ ਦਾ ਸਭ ਤੋਂ ਵੱਡਾ ਅਹੁਦਾ ਹੈ ਅਤੇ ਉਨ੍ਹਾ ਭਾਰਤ ਨਾਲ ਹਾਲੀਆ ਟਕਰਾਅ ਦੌਰਾਨ ਕਾਫੀ ਮਾਣ-ਸਤਿਕਾਰ ਹਾਸਲ ਕੀਤਾ ਹੈ।
Share this content:



Post Comment