Loading Now

ਪਹਿਲੀ ਜਨਵਰੀ ਤੋਂ ਵਟਸਐਪ ਤੇ ਟੈਲੀਗ੍ਰਾਮ ਵਰਤਣ ਲਈ ਫ਼ੋਨ ’ਚ ਸਿਮ ਹੋਣਾ ਲਾਜ਼ਮੀ

ਪਹਿਲੀ ਜਨਵਰੀ ਤੋਂ ਵਟਸਐਪ ਤੇ ਟੈਲੀਗ੍ਰਾਮ ਵਰਤਣ ਲਈ ਫ਼ੋਨ ’ਚ ਸਿਮ ਹੋਣਾ ਲਾਜ਼ਮੀ

ਚੰਡੀਗੜ੍ਹ, 27 ਅਕਤੂਬਰ –  ਭਾਰਤੀ ਦੂਰਸੰਚਾਰ ਵਿਭਾਗ ਪਹਿਲੀ ਜਨਵਰੀ 2027 ਤੋਂ ਦੇਸ਼ ਵਿੱਚ ਸਿਮ ਬਾਈਡਿੰਗ ਸਬੰਧੀ ਨਵੇਂ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਨਿਯਮਾਂ ਤਹਿਤ ਵਟਸਐਪ ਅਤੇ ਟੈਲੀਗ੍ਰਾਮ ਵਰਗੀਆਂ ਮੈਸੇਜਿੰਗ ਐਪਾਂ ਦੀ ਵਰਤੋਂ ਕਰਨ ਲਈ ਫ਼ੋਨ ਵਿੱਚ ਉਸ ਮੋਬਾਈਲ ਨੰਬਰ ਦਾ ਚਲਦਾ ਸਿਮ ਕਾਰਡ ਹੋਣਾ ਲਾਜ਼ਮੀ ਹੋਵੇਗਾ, ਜਿਸ ਨਾਲ ਸਬੰਧਤ ਐਪ ਦਾ ਖਾਤਾ ਬਣਾਇਆ ਗਿਆ ਹੈ। ਦੂਰਸੰਚਾਰ ਵਿਭਾਗ ਨੇ ਸਬੰਧਤ ਐਪ ਕੰਪਨੀਆਂ ਨੂੰ 31 ਦਸੰਬਰ 2026 ਤੱਕ ਨਵੇਂ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਇਨ੍ਹਾਂ ਨਿਯਮਾਂ ਤਹਿਤ ਜੇਕਰ ਰਜਿਸਟਰਡ ਮੋਬਾਈਲ ਨੰਬਰ ਦਾ ਸਿਮ ਕਾਰਡ ਫ਼ੋਨ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਬੰਦ ਹੋ ਜਾਂਦਾ ਹੈ ਜਾਂ ਉਸ ਦੀ ਥਾਂ ਕੋਈ ਹੋਰ ਸਿਮ ਪਾ ਦਿੱਤਾ ਜਾਂਦਾ ਹੈ ਤਾਂ ਸਬੰਧਤ ਮੈਸੇਜਿੰਗ ਐਪ ਦੀ ਵਰਤੋਂ ਪ੍ਰਭਾਵਿਤ ਹੋ ਸਕਦੀ ਹੈ। ਸੇਵਾ ਜਾਰੀ ਰੱਖਣ ਲਈ ਰਜਿਸਟਰਡ ਨੰਬਰ ਵਾਲਾ ਸਹੀ ਤੇ ਸਰਗਰਮ ਸਿਮ ਕਾਰਡ ਫ਼ੋਨ ਵਿੱਚ ਪਾਉਣਾ ਜ਼ਰੂਰੀ ਹੋਵੇਗਾ।

ਸਾਈਬਰ ਧੋਖਾਧੜੀ ਰੋਕਣ ਲਈ ਚੁੱਕਿਆ ਕਦਮ

ਸਰਕਾਰ ਮੁਤਾਬਕ ਕੁਝ ਮੈਸੇਜਿੰਗ ਐਪਾਂ ’ਤੇ ਮੋਬਾਈਲ ਨੰਬਰ ਰਾਹੀਂ ਖਾਤਾ ਬਣਾਉਣ ਤੋਂ ਬਾਅਦ ਸਬੰਧਤ ਸਿਮ ਕਾਰਡ ਫ਼ੋਨ ਵਿੱਚ ਮੌਜੂਦ ਨਾ ਹੋਣ ਦੇ ਬਾਵਜੂਦ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ। ਇਸ ਸਹੂਲਤ ਦੀ ਵਰਤੋਂ ਸਾਈਬਰ ਅਪਰਾਧਾਂ ਲਈ ਕੀਤੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਨਵੇਂ ਨਿਯਮਾਂ ਦਾ ਉਦੇਸ਼ ਮੈਸੇਜਿੰਗ ਐਪਾਂ ਦੇ ਖਾਤਿਆਂ ਨੂੰ ਉਨ੍ਹਾਂ ਦੇ ਰਜਿਸਟਰਡ ਅਤੇ ਸਰਗਰਮ ਸਿਮ ਕਾਰਡਾਂ ਨਾਲ ਜੋੜਨਾ ਹੈ ਤਾਂ ਜੋ ਫ਼ਰਜ਼ੀ ਖਾਤਿਆਂ, ਆਨਲਾਈਨ ਠੱਗੀ, ਫਿਸ਼ਿੰਗ ਅਤੇ ਸਰਕਾਰੀ ਅਧਿਕਾਰੀ ਬਣ ਕੇ ਕੀਤੀ ਜਾਣ ਵਾਲੀ ਧੋਖਾਧੜੀ ਨੂੰ ਰੋਕਿਆ ਜਾ ਸਕੇ। ਵਟਸਐਪ ਅਤੇ ਟੈਲੀਗ੍ਰਾਮ ਤੋਂ ਇਲਾਵਾ ਸਿਗਨਲ, ਅਰਟਾਈ, ਸ਼ੇਅਰਚੈਟ, ਜੋਸ਼ ਅਤੇ ਜੀਓਚੈਟ ਵਰਗੀਆਂ ਸੇਵਾਵਾਂ ਵੀ ਦੂਰਸੰਚਾਰ ਵਿਭਾਗ ਦੇ ਨਿਰਦੇਸ਼ਾਂ ਦੇ ਦਾਇਰੇ ਵਿੱਚ ਸ਼ਾਮਲ ਹਨ। ਇਨ੍ਹਾਂ ਨਿਰਦੇਸ਼ਾਂ ਵਿੱਚ ਮੈਸੇਜਿੰਗ ਐਪਾਂ ਦੇ ਵੈੱਬ ਵਰਜਨ ਦੀ ਸੁਰੱਖਿਆ ਬਾਰੇ ਵੀ ਪ੍ਰਬੰਧ ਹਨ। ਹਾਲਾਂਕਿ, ਸਰਕਾਰ ਨੇ ਵੈੱਬ ਸੇਵਾਵਾਂ ਨੂੰ ਹਰ ਛੇ ਘੰਟਿਆਂ ਬਾਅਦ ਲਾਜ਼ਮੀ ਤੌਰ ’ਤੇ ਬੰਦ ਕਰਨ ਦੀ ਪਹਿਲੀ ਸ਼ਰਤ ਦੀ ਥਾਂ ਜੋਖ਼ਮ ਦੇ ਆਧਾਰ ’ਤੇ ਲੌਗਆਊਟ ਕਰਨ ਦੀ ਵਿਵਸਥਾ ਅਪਣਾਈ ਹੈ। ਵਰਤੋਂਕਾਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਨਵੇਂ ਨਿਯਮਾਂ ਦਾ ਮਤਲਬ ਇਹ ਨਹੀਂ ਹੈ ਕਿ 1 ਜਨਵਰੀ 2027 ਤੋਂ ਸਾਰੇ ਫ਼ੋਨਾਂ ਵਿੱਚ ਵਟਸਐਪ ਜਾਂ ਟੈਲੀਗ੍ਰਾਮ ਬੰਦ ਹੋ ਜਾਣਗੇ।

Share this content:

Post Comment