Loading Now

ਪਰਵਾਸ ਅਤੇ ਪ੍ਰਵਾਸੀਆਂ ਪ੍ਰਤੀ ਸੰਤੁਲਿਤ ਪਹੁੰਚ ਦਰਕਾਰ/ਡਾ. ਸਵਰਾਜ ਸਿੰਘ

ਪਰਵਾਸ ਅਤੇ ਪ੍ਰਵਾਸੀਆਂ ਪ੍ਰਤੀ ਸੰਤੁਲਿਤ ਪਹੁੰਚ ਦਰਕਾਰ/ਡਾ. ਸਵਰਾਜ ਸਿੰਘ

ਪਿਛਲੇ ਐਤਵਾਰ ਚੰਡੀਗੜ੍ਹ ਵਿੱਚ ਪ੍ਰਵਾਸ ਅਤੇ ਪ੍ਰਵਾਸੀਆਂ ਦੇ ਮੁੱਦੇ ਤੇ ਹੋਈ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਜੋ ਵਿਚਾਰ ਮੈਂ ਉੱਥੇ ਰੱਖੇ ਹਥਲਾ ਲੇਖ ਉਨਾਂ ਤੇ ਅਧਾਰਿਤ ਹੈ। ਮੈਂ ਕਿਹਾ ਕਿ ਪ੍ਰਵਾਸ ਅਤੇ ਪ੍ਰਵਾਸੀਆਂ ਪ੍ਰਤੀ ਸੰਤੁਲਿਤ ਪਹੁੰਚ ਅਪਣਾਉਣ ਦੀ ਲੋੜ ਹੈ। ਇੱਕ ਪਾਸੇ ਸਮਾਜ ਦੀਆਂ ਲੋੜਾਂ ਅਤੇ ਦੂਜੇ ਪਾਸੇ ਪ੍ਰਵਾਸ ਨਾਲ ਜੁੜੀਆਂ ਚੁਨੌਤੀਆਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਣਾ ਪਏਗਾ। ਪਹਿਲਾਂ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਪ੍ਰਵਾਸ ਦੀ ਕਿਉਂ ਲੋੜ ਹੈ। ਪ੍ਰਵਾਸੀ ਇੱਕ ਸਸਤੀ ਮਜ਼ਦੂਰੀ ਦਾ ਸਰੋਤ ਹਨ, ਪੰਜਾਬ ਵਿੱਚ ਵੱਡੇ ਪੱਧਰ ਦਾ ਪ੍ਰਵਾਸੀਆਂ ਦਾ ਆਵਾਸ ਹਰੇ ਇਨਕਲਾਬ ਵੇਲੇ ਸ਼ੁਰੂ ਹੋਇਆ ਜੇ ਅਸੀਂ ਕਹੀਏ ਕਿ ਹਰਾ ਇਨਕਲਾਬ ਹੀ ਪੰਜਾਬ ਵਿੱਚ ਅਤੇ ਪੰਜਾਬ ਤੋਂ ਪਰਵਾਸ ਦਾ ਮੁੱਖ ਕਾਰਨ ਬਣਿਆ ਤਾਂ ਇਹ ਅਤਿਕਥਨੀ ਨਹੀਂ ਹੋਏਗਾ। ਸਭ ਤੋਂ ਪਹਿਲਾਂ ਸਾਨੂੰ ਹਰੇ ਇਨਕਲਾਬ ਨੂੰ ਪਰੀਭਾਸ਼ਿਤ ਕਰਨ ਦੀ ਲੋੜ ਹੈ। ਮੇਰੀ ਹਰੇ ਇਨਕਲਾਬ ਬਾਰੇ ਇਹ ਪਰਿਭਾਸ਼ਾ ਹੈ “ਹਰਾ ਇਨਕਲਾਬ ਪੰਜਾਬ ਦੀ ਅਮੀਰ ਕਿਸਾਨੀ ਦਾ ਅਮਰੀਕੀ ਸਮਰਾਜ ਨਾਲ ਗੱਠਜੋੜ ਸੀ” ਜਿਸ ਨਾਲ ਪੰਜਾਬ ਦੀ ਅਮੀਰ ਕਿਸਾਨੀ ਇੱਕ ਸਰਮਾਏਦਾਰ ਜਮਾਤ ਬਣ ਗਈ। ਹਰੇ ਇਨਕਲਾਬ ਤੋਂ ਪਹਿਲਾਂ ਪੰਜਾਬ ਦੀ ਅਮੀਰ ਕਿਸਾਨੀ ਕਿਰਤ ਨਾਲ ਜੁੜੀ ਹੋਈ ਸੀ ਪਰੰਤੂ ਹਰੇ ਇਨਕਲਾਬ ਤੋਂ ਬਾਅਦ ਇਹ ਕਿਰਤ ਨਾਲੋਂ ਟੁੱਟ ਗਈ।

ਨਾ ਸਿਰਫ ਇਸਨੇ ਆਪ ਕਿਰਤ ਕਰਨੀ ਛੱਡ ਦਿੱਤੀ ਸਗੋਂ ਕਿਰਤੀਆਂ (ਸੀਰੀਆਂ) ਨਾਲ ਰਵਾਇਤੀ ਰਿਸ਼ਤੇ ਵੀ ਤੋੜ ਦਿੱਤੇ ਅਤੇ ਇਸ ਦੇ ਉਸ ਦੀ ਥਾਂ ਦਿਹਾੜੀਦਾਰ ਮਜ਼ਦੂਰ (ਵੇਜ ਲੇਬਰ) ਲੱਭਣੇ ਸ਼ੁਰੂ ਕਰ ਦਿੱਤੇ। ਇਹਨਾਂ ਦੋਨਾਂ ਗੱਲਾਂ ਨੇ ਪੰਜਾਬ ਵਿੱਚ ਵੱਡੇ ਪੱਧਰ ਤੇ ਪ੍ਰਵਾਸੀ ਖੇਤ ਮਜ਼ਦੂਰਾਂ ਲਈ ਰਾਹ ਖੋਲਿਆ। 60ਵਿਆਂ ਦੇ ਦਹਾਕੇ ਦੇ ਅੰਤ ਵਿੱਚ ਅਤੇ 70ਵਿਆਂ ਦੇ ਸ਼ੁਰੂ ਵਿੱਚ ਇਹ ਅਮੀਰ ਕਿਸਾਨ ਹਾਰ ਲੈ ਕੇ ਪ੍ਰਵਾਸੀ ਮਜ਼ਦੂਰਾਂ ਦਾ ਸਵਾਗਤ ਕਰਨ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੇ ਖੜੇ ਦੇਖੀ ਜਾਂਦੇ ਰਹੇ ਹਨ। ਪ੍ਰੰਤੂ ਇਹ ਵਕਤ ਪ੍ਰਵਾਸੀਆਂ ਦਾ ਨਹੀਂ ਸੀ ਸਗੋਂ ਉਨਾਂ ਦੀ ਸਸਤੀ ਮਜ਼ਦੂਰੀ ਦਾ ਸੀ। ਹੌਲੀ ਹੌਲੀ ਪੰਜਾਬ ਵਿੱਚ ਖੇਤੀ ਦਾ ਜਿਆਦਾਤਰ ਕੰਮ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਸਾਂਭ ਲਿਆ, ਨਾ ਸਿਰਫ ਅਮੀਰ ਕਿਸਾਨੀ ਸਗੋਂ ਸਧਾਰਨ ਕਿਸਾਨੀ ਨਾਲ ਸੰਬੰਧਿਤ ਨੌਜਵਾਨ ਖੇਤੀ ਤੋਂ ਵਿਹਲੇ ਹੋ ਗਏ। ਪੰਜਾਬ ਵਿੱਚੋਂ ਕਿਸਾਨੀ ਤੇ ਖਾਸ ਕਰਕੇ ਜੱਟ ਕਿਸਾਨੀ ਨਾਲ ਸੰਬੰਧਿਤ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਢੰਗ ਨਾਲ ਵੀ ਦੇਸ਼ਾਂ ਵਿੱਚ ਪ੍ਰਵਾਸ ਕਰ ਗਏ। ਪੰਜਾਬ ਵਿੱਚੋਂ ਵੱਡੇ ਪੱਧਰ ਤੇ ਵਿਦੇਸ਼ਾਂ ਵੱਲ ਪ੍ਰਵਾਸ ਨੇ ਜੋ ਖਿਲਾਫ ਪੈਦਾ ਕੀਤਾ ਉਸ ਨੂੰ ਭਰਨ ਲਈ ਹੋਰ ਵੱਡੀ ਗਿਣਤੀ ਵਿੱਚ ਪ੍ਰਵਾਸੀ ਇੱਥੇ ਆਉਣਾ ਸ਼ੁਰੂ ਹੋ ਗਏ। ਪਰਵਾਸੀਆਂ ਦੀ ਸਸਤੀ ਮਜ਼ਦੂਰੀ ਸਿਰਫ ਖੇਤੀ ਤੱਕ ਸੀਮਤ ਨਹੀਂ ਰਹੀ ਸਗੋਂ ਪੰਜਾਬ ਦੇ ਹਰ ਖੇਤਰ ਵਿੱਚ ਭਾਵੇਂ ਕਾਰਖਾਨੇ ਹੋਣ ਭਾਵੇਂ ਭੱਠਾ ਮਜ਼ਦੂਰ ਹੋਣ ਘਰੇਲੂ ਨੌਕਰ ਰੈਸਟੋਰੈਂਟ ਜਾਂ ਢਾਬਿਆਂ ਤੇ ਕੰਮ ਕਰਨ ਵਾਲੇ ਹੋਣ, ਲਗਭਗ ਹਰ ਖੇਤਰ ਵਿੱਚ ਸਸਤੀ ਮਜ਼ਦੂਰੀ ਦਾ ਲਾਹਾ ਲਿਆ ਜਾਣ ਲੱਗ ਪਿਆ।

ਇਸ ਤੋਂ ਬਾਅਦ ਪ੍ਰਵਾਸੀਆਂ ਨੇ ਛੋਟੇ ਮੋਟੇ ਆਪਣੇ ਕੰਮ ਸ਼ੁਰੂ ਕਰ ਦਿੱਤੇ। ਸਬਜ਼ੀਆਂ ਅਤੇ ਫਲਾਂ ਦੀ ਰੇੜੀਆਂ ਤੋਂ ਕੁਲਚੇ ਛੋਲੇ ਅਤੇ ਹੋਰ ਖਾਣ ਪੀਣ ਦੀਆਂ ਰੇੜੀਆਂ ਅਤੇ ਖੋਖੇ ਰਾਜ ਮਿਸਤਰੀ ਪੇਂਟ ਕਰਨ ਵਾਲੇ ਪਲੰਬਿੰਗ ਅਤੇ ਬਿਜਲੀ ਦਾ ਕੰਮ ਇਸ ਤੋਂ ਬਾਅਦ ਕਈ ਪ੍ਰਵਾਸੀਆਂ ਨੇ ਆਪਣੀਆਂ ਦੁਕਾਨਾਂ ਤੇ ਢਾਬੇ ਵੀ ਖੋਲਣੇ ਸ਼ੁਰੂ ਕਰ ਦਿੱਤੇ। ਅੱਜ ਸਥਿਤੀ ਇਹ ਹੈ ਕਿ ਅੱਜ ਪੰਜਾਬ ਵਿੱਚ ਲਗਭਗ ਹਰ ਕੰਮ ਪ੍ਰਵਾਸੀਆਂ ਤੇ ਨਿਰਭਰ ਹੋ ਚੁੱਕਾ ਹੈ ਉਧਰ ਪੰਜਾਬੀਆਂ ਦਾ ਹਰ ਢੰਗ ਨਾਲ ਪੰਜਾਬ ਵਿੱਚੋਂ ਪ੍ਰਵਾਸ ਜਾਰੀ ਹੈ। ਹੋਰਨਾ ਢੰਗਾਂ ਤੋਂ ਇਲਾਵਾ ਨੌਜਵਾਨਾਂ ਨੇ ਝੂਠੇ ਖਾਲਿਸਤਾਨੀ ਬਣ ਕੇ ਝੂਠੇ ਰਿਫਿਊਜੀ ਬਣਨ ਲਈ ਸਰਟੀਫਿਕੇਟ ਖਰੀਦਦੇ ਹਨ। ਪੰਜਾਬੀ ਵੱਡੇ ਪੱਧਰ ਤੇ ਪੰਜਾਬ ਛੱਡ ਕੇ ਜਾਈ ਜਾ ਰਹੇ ਹਨ ਅਤੇ ਪ੍ਰਵਾਸੀ ਆਈ ਜਾ ਰਹੇ ਹਨ। ਬਹੁਤ ਤੇਜ਼ੀ ਨਾਲ ਵਸੋਂ ਦਾ ਬਦਲਾ (ਰੈਪਿਡ ਡੈਮੋਗਰਾਫਿਕ ਚੇਂਜ) ਹੋ ਰਿਹਾ ਹੈ। ਪੰਜਾਬ ਵਿੱਚ ਫਰਟਿਲਟੀ ਰੇਟ ਡਿੱਗ ਰਿਹਾ ਹੈ। ਵਸੋ ਕਾਇਮ ਰੱਖਣ ਲਈ 2.1 ਫਰਟਿਲਟੀ ਰੇਟ (ਜਨਮ ਦਰ) ਚਾਹੀਦਾ ਹੈ ਪ੍ਰੰਤੂ ਪੰਜਾਬ ਵਿੱਚ 1.5 ‘ਤੇ ਪਹੁੰਚ ਗਿਆ ਹੈ। ਆਮ ਤੌਰ ਤੇ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਸ ਫਰਟੀਲਿਟੀ ਰੇਟ ਤੇ ਹਰ ਸਾਲ 1 ਪ੍ਰਤੀਸ਼ਤ ਵਸੋਂ ਦਾ ਪ੍ਰਵਾਸ ਜਰੂਰੀ ਹੈ ਨਹੀਂ ਤਾਂ ਵਰਕ ਫੋਰਸ (ਕੰਮ ਸ਼ਕਤੀ) ਨਹੀਂ ਮਿਲੇਗੀ। ਸੋ ਸਾਨੂੰ ਤਿੰਨ ਲੱਖ ਲੋਕ ਹਰ ਸਾਲ ਬਾਹਰੋਂ ਲਿਆਣੇ ਪੈਣਗੇ। ਕਈ ਕੰਮਾਂ ਵਿੱਚ ਪ੍ਰਵਾਸੀਆਂ ਦੀ ਮੁਹਾਰਤ ਹੈ ਜਿਵੇਂ ਝੋਨਾ ਲਾਉਣਾ। ਇਸ ਲਈ ਸਾਨੂੰ ਮੌਸਮੀ (ਸੀਜ਼ਨਲ) ਪਰਵਾਸੀਆਂ ਦੀ ਲੋੜ ਹੈ। ਜਾਹਿਰ ਹੈ ਕਿ ਸਸਤੀ ਮਜ਼ਦੂਰੀ ਦਾ ਸਰੋਤ, ਵੱਡੇ ਪੱਧਰ ਤੇ ਪੰਜਾਬ ਤੋਂ ਪ੍ਰਵਾਸ, ਪੰਜਾਬ ਦੇ ਡਿੱਗ ਰਹੇ ਫਰਟੀਲਿਟੀ ਰੇਟ, ਪੰਜਾਬੀਆਂ ਦੇ ਕਿਰਤ ਸੱਭਿਆਚਾਰ ਤੋਂ ਟੁੱਟਣ ਅਤੇ ਪ੍ਰਵਾਸੀਆਂ ਦੀ ਕਈ ਕੰਮਾਂ ਵਿੱਚ ਮਹਾਰਤ ਹੋਣ ਕਾਰਨ ਪੰਜਾਬ ਨੂੰ ਪ੍ਰਵਾਸੀਆਂ ਦੇ ਆਵਾਜ਼ ਦੀ ਜ਼ਰੂਰਤ ਹੈ।

ਵੱਡੇ ਪੱਧਰ ਦਾ ਪੰਜਾਬ ਤੋਂ ਹੋ ਰਿਹਾ ਪ੍ਰਵਾਸ ਅਤੇ ਪ੍ਰਵਾਸੀਆਂ ਦਾ ਆਵਾਸ ਚੁਨੌਤੀਆਂ ਅਤੇ ਸਮੱਸਿਆਵਾਂ ਵੀ ਪੈਦਾ ਕਰ ਰਿਹਾ ਹੈ। ਸਭ ਤੋਂ ਵੱਡੀ ਸਮੱਸਿਆ ਅਤੇ ਚੁਨੌਤੀ ਹੈ, ਤੇਜ਼ੀ ਨਾਲ ਹੋ ਰਿਹਾ ਵਸੋਂ ਦਾ ਬਦਲਾਅ। ਇਸ ਨਾਲ ਸਮਾਜਿਕ ਅਸਥਿਰਤਾ ਪੈਦਾ ਹੁੰਦੀ ਹੈ। ਸਮਾਜਿਕ ਅਸਥਿਰਤਾ ਤੇ ਜੁਰਮ ਅਤੇ ਹਿੰਸਾ ਵਿੱਚ ਵਾਧਾ ਹੁੰਦਾ ਹੈ। ਨਸ਼ਿਆਂ ਦੀ ਸਮੱਸਿਆ ਵਧਦੀ ਹੈ ਗੁੰਝਲਦਾਰ ਹੋ ਜਾਂਦੀ ਹੈ। ਪੰਜਾਬ ਵਿੱਚ ਪਹਿਲਾਂ ਜਿਆਦਾਤਰ ਦੋ ਹੀ ਨਸ਼ੇ ਹੁੰਦੇ ਸਨ ਸ਼ਰਾਬ ਅਤੇ ਅਫੀਮ। ਪ੍ਰਵਾਸੀਆਂ ਨੇ ਪੰਜਾਬ ਵਿੱਚ ਕਈ ਨਵੇਂ ਕਿਸਮ ਦੇ ਨਸ਼ੇ ਲਿਆਂਦੇ ਜਿਵੇਂ ਗੁਟਕਾ ਤੇ ਜਰਦਾ ਆਦਿ। ਪੰਜਾਬ ਵਿੱਚੋਂ ਵਿਦੇਸ਼ਾਂ ਅਤੇ ਖਾਸ ਕਰਕੇ ਕਨੇਡਾ ਗਏ ਪੰਜਾਬੀਆਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆਵਾਂ ਦਾ ਕੋਮਾਂਤਰੀਕਰਣ ਕਰ ਦਿੱਤਾ ਹੈ। ਇਹਨਾਂ ਨੇ ਜੁਰਮਾਂ ਅਤੇ ਹਿੰਸਾ ਦੇ ਕੋਮਾਂਤਰੀਕਰਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਫਿਰੌਤੀਆਂ ਅਤੇ ਸੁਪਾਰੀ ਲੈ ਕੇ ਕਤਲ ਕਰਨ ਵਿੱਚ ਪ੍ਰਵਾਸ ਅਤੇ ਪ੍ਰਵਾਸੀਆਂ (ਖਾਸ ਕਰਕੇ ਕੈਨੇਡਾ ਵਿੱਚ ਅਧਾਰਿਤ) ਨੇ ਵੱਡੀ ਭੂਮਿਕਾ ਨਿਭਾਈ ਹੈ। ਪੰਜਾਬ ਵਿੱਚ ਪ੍ਰਵਾਸੀਆਂ ਦੀ ਵੱਡੀ ਆਮਦ ਨੇ ਬਿਮਾਰੀਆਂ ਦੀ ਸਮੱਸਿਆ ਵਿੱਚ ਵੀ ਵੱਡਾ ਵਾਧਾ ਕੀਤਾ ਹੈ। ਪਰਵਾਸੀਆਂ ਕਾਰਨ ਪੰਜਾਬ ਵਿੱਚ ਕਈ ਅਜਿਹੀਆਂ ਬਿਮਾਰੀਆਂ ਆ ਗਈਆਂ ਹਨ ਜੋ ਇੱਥੇ ਪਹਿਲਾਂ ਨਹੀਂ ਹੁੰਦੀਆਂ ਸਨ ਅਤੇ ਕਈ ਬਿਮਾਰੀਆਂ ਵਿੱਚ ਬਹੁਤ ਵਾਧਾ ਹੋ ਗਿਆ ਹੈ। ਪ੍ਰਵਾਸੀਆਂ ਵਿੱਚ ਥੁੱਕਾਂ ਅਤੇ ਖ਼ੰਘਾਰ ਸੜਕਾਂ ਤੇ ਸੁੱਟਣ ਦੀ ਆਦਤ ਪੰਜਾਬੀਆਂ ਨਾਲੋਂ ਜ਼ਿਆਦਾ ਹੈ। ਇਸੇ ਤਰ੍ਹਾਂ ਪ੍ਰਵਾਸੀ ਬੀੜੀ ਅਤੇ ਤੰਬਾਕੂ ਦਾ ਸੇਵਨ ਪੰਜਾਬੀ ਨਾਲੋ ਜਿਆਦਾ ਕਰਦੇ ਹਨ। ਪ੍ਰਵਾਸੀ ਲਈ ਕਈ ਵਾਰ ਇੱਕ ਇੱਕ ਕਮਰੇ ਵਿੱਚ 10-15 ਜਣੇ ਰਹਿ ਰਹੇ ਹੁੰਦੇ ਹਨ। ਇਹਨਾਂ ਸਭ ਕਾਰਨਾਂ ਕਰਕੇ ਸਾਹ ਦੀਆਂ ਬਿਮਾਰੀਆਂ ਅਤੇ ਖਾਸ ਕਰਕੇ ਟੀਬੀ ਹੈ।ਵਿੱਚ ਬਹੁਤ ਵਾਧਾ ਹੋਇਆ ਹੈ।

ਇਸੇ ਤਰ੍ਹਾਂ ਪ੍ਰਵਾਸੀਆਂ ਲਈ ਯੋਗ ਸੀਵਰੇਜ ਅਤੇ ਸਾਫ ਪਾਣੀ ਦੀ ਘਾਟ ਹੈ। ਜਿਸ ਕਰਕੇ ਪੰਜਾਬ ਵਿੱਚ ਪੇਟ ਦੀਆਂ ਬਿਮਾਰੀਆਂ ਖਾਸ ਕਰਕੇ ਡਾਇਰੀਆ ਅਤੇ ਹੈਪੈਟਾਈਟਿਸ ਦੇ ਕੇਸ ਬਹੁਤ ਵੱਧ ਗਏ ਹਨ। ਇੱਕ ਹੋਰ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਸਥਾਨਕ ਲੋਕਾਂ ਵਿੱਚ ਪੰਜਾਬ ਵਿੱਚ ਹੀ ਘੱਟ ਗਿਣਤੀ ਹੋਣ ਦਾ ਅਤੇ ਆਪਣੀ ਸੱਭਿਆਚਾਰਕ ਹੋਂਦ ਗੁਆ ਲੈਣ ਦਾ ਡਰ ਵੱਧ ਰਿਹਾ ਹੈ। ਪਰਵਾਸ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਹੋਰ ਗੁੰਝਲਦਾਰ ਅਤੇ ਗੰਭੀਰ ਬਣਾ ਰਹੀਆਂ ਹਨ। ਅਮਰੀਕਾ ਦੀ ਨੀਤੀ, ਮੁੱਖ ਤੌਰ ਤੇ ਚੀਨ ਨੂੰ ਆਪਣਾ ਸਭ ਤੋਂ ਵੱਡਾ ਵਿਰੋਧੀ ਅਤੇ ਭਾਰਤ ਨੂੰ ਸੰਭਾਵਿਤ ਵਿਰੋਧੀ ਵਜੋਂ ਦੇਖਣ ਦੀ ਹੈ। ਅਮਰੀਕਾ ਹਰ ਤਰ੍ਹਾਂ ਨਾਲ ਚੀਨ ਨੂੰ ਘੇਰਨ ਅਤੇ ਭਾਰਤ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਨੀਤੀ ਤਹਿਤ ਪਾਕਿਸਤਾਨ, ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਵਿੱਚ ਸਰਕਾਰਾਂ ਬਦਲੀਆਂ ਗਈਆਂ ਹਨ। ਹੁਣ ਅਫਗਾਨਿਸਤਾਨ ਵਿੱਚ ਬਰਗਾਮ ਫੌਜੀ ਅੱਡੇ ਦਾ ਮਸਲਾ ਚੁੱਕਿਆ ਜਾ ਰਿਹਾ ਹੈ। ਇਸੇ ਨੀਤੀ ਤਹਿਤ ਅਮਰੀਕਾ ਸਿੱਖ ਅਤੇ ਪੰਜਾਬ ਨੂੰ ਇੱਕ ਪੱਤੇ ਵਜੋਂ ਵਰਤਣਾ ਚਾਹੁੰਦਾ ਹੈ। ਅਮਰੀਕਾ ਦੀਆਂ ਨੀਤੀਆਂ ਬ੍ਰਿਟਿਸ਼ ਸਾਮਰਾਜ ਦੀਆਂ ਸਿੱਖਾਂ ਅਤੇ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਵੀ ਨਿਰੰਤਰ ਹਨ।  1849 ਵਿੱਚ ਜਦੋਂ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾਇਆ ਗਿਆ ਤਾਂ ਲੋਰਡ ਡਲਹੌਜੀ ਗਵਰਨਰ ਜਨਰਲ ਸੀ। ਉਸ ਨੂੰ ਇਹ ਹਦਾਇਤਾਂ ਸਨ ਕਿ ਪੰਜਾਬ ਐਨੇਕਸ ਨਹੀਂ ਕਰਨਾ ਯਾਨੀ ਪੰਜਾਬ ਨਾਲ ਨਹੀਂ ਰਲਾਉਣਾ, ਪ੍ਰੰਤੂ ਡਲਹੌਜੀ ਨੇ ਹਦਾਇਤਾਂ ਤੋਂ ਉਲਟ ਕੀਤਾ।

ਇਸ ਲਈ ਉਸ ਦੀ ਬ੍ਰਿਟਿਸ਼ ਸਰਕਾਰ ਵੱਲੋਂ ਜਵਾਬਦੇਹੀ ਹੋਈ ਜਿਸ ਦੇ ਜਵਾਬ ਵਿੱਚ ਡਲਹੌਜੀ ਨੇ ਆਪਣਾ ਪੱਖ ਇੱਕ ਚਿੱਠੀ ਸਰਕਾਰ ਨੂੰ ਲਿਖ ਕੇ ਪੇਸ਼ ਕੀਤਾ। ਮੈਂ ਇਹ ਚਿੱਠੀ ਆਪਣੀ ਇੱਕ ਪੁਸਤਕ ਵਿੱਚ ਛਾਪੀ ਹੈ। ਡਲਹੌਜੀ ਨੇ ਕਿਹਾ ਕਿ ਸਾਡੀ ਸੀਆਈਡੀ ਦੀ ਇਹ ਰਿਪੋਰਟ ਹੈ ਕਿ ਸਾਡੇ ਰਾਜ ਨੂੰ ਨਾ ਹਿੰਦੂਆਂ ਅਤੇ ਨਾ ਮੁਸਲਮਾਨਾਂ ਤੋਂ ਖਤਰਾ ਹੈ, ਸਾਨੂੰ ਸਿੱਖਾਂ ਤੋਂ ਖਤਰਾ ਹੈ। ਇਸ ਤੋਂ ਪਹਿਲਾਂ ਅੰਗਰੇਜ਼ ਸਰਕਾਰ ਸਿੱਖਾਂ ਦੇ ਰਾਜ ਨੂੰ ਇੱਕ ਬਫਰ ਸਟੇਟ ਵਜੋਂ ਆਪਣੇ ਲਈ ਫਾਇਦੇਮੰਦ ਸਮਝਦੀ ਸੀ। ਇਹ ਉੱਤਰ ਪੱਛਮ ਤੋਂ ਪਠਾਨਾਂ ਅਤੇ ਰੂਸ ਦੇ ਸੰਭਾਵੀ ਦਖਲ ਨੂੰ ਰੋਕਣ ਲਈ ਲਾਹੇਵੰਦ ਹੋ ਸਕਦਾ ਸੀ। ਪ੍ਰੰਤੂ ਬ੍ਰਿਟਿਸ਼ ਸੀਆਈਡੀ ਰਿਪੋਰਟ ਤੋਂ ਬਾਅਦ ਸਿੱਖਾਂ ਅਤੇ ਪੰਜਾਬ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਨੀਤੀ ਦਾ ਵੱਡਾ ਹਿੱਸਾ ਬਣ ਗਿਆ। ਉਹਨਾਂ ਨੇ ਪੰਜਾਬ ਵਸੋਂ ਦੀ ਬਣਤਰ ਦਾ ਡੂੰਘਾ ਅਧਿਐਨ ਕਰਵਾਇਆ ਅਤੇ ਸਮਝ ਲਿਆ ਕਿ ਜੱਟ ਭਾਈਚਾਰਾ ਸਿੱਖਾਂ ਦਾ ਸਿਰ ਕੱਢ ਭਾਈਚਾਰਾ ਅਤੇ ਰੀੜ ਦੀ ਹੱਡੀ ਹੈ। ਬ੍ਰਿਟਿਸ਼ ਨੀਤੀ ਜੱਟਾਂ ਨੂੰ ਪੰਜਾਬ ਵਿੱਚੋਂ ਉਜਾੜਨ ਅਤੇ ਸਿੱਖ ਸਿਧਾਂਤ ਤੋਂ ਦੂਰ ਕਰਨ ਦੀ ਬਣੀ। ਜੱਟਾਂ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਨ ਲਈ ਵੀ ਬ੍ਰਿਟੇਨ ਨੇ ਹੀ ਉਤਸ਼ਾਹਿਤ ਕੀਤਾ। ਜੱਟਾਂ ਵਿੱਚ ਸਿੱਖ ਸਿਧਾਂਤ ਦੀ ਥਾਂ ਤੇ ਜੱਟ ਕਬੀਲਾਵਾਦ ਨੂੰ ਉਕਸਾਉਣਾ ਵੀ ਇਸੇ ਨੀਤੀ ਦਾ ਹਿੱਸਾ ਸੀ। ਅਮਰੀਕਾ ਇਸ ਨੀਤੀ ਨੂੰ ਹੀ ਅੱਗੇ ਵਧਾ ਰਿਹਾ ਹੈ। ਪੰਜਾਬ ਦੀਆਂ ਹਮਦਰਦ ਅਤੇ ਪੰਜਾਬ ਪ੍ਰਤੀ ਸੁਹਿਰਦ ਧਿਰਾਂ ਨੂੰ ਪ੍ਰਵਾਸ ਅਤੇ ਪ੍ਰਵਾਸੀਆਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਚੁਨੌਤੀਆਂ ਨਾਲ ਨਜਿੱਠਣ ਲਈ ਵਿਵਾਦ ਦੀ ਥਾਂ ਤੇ ਸੰਵਾਦ ਦਾ ਰਾਹ ਅਪਣਾਉਣਾ ਚਾਹੀਦਾ ਹੈ। ਸਾਨੂੰ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਸਾਮਰਾਜ, ਕੁਦਰਤ-ਵਿਰੋਧੀ ਅਤੇ ਲੋਕ-ਵਿਰੋਧੀ ਵਿਕਾਸ ਦੇ ਮਾਡਲ ਦਾ ਬਦਲ ਲੱਭਣਾ ਚਾਹੀਦਾ ਹੈ।

dr-swaraj-singh ਪਰਵਾਸ ਅਤੇ ਪ੍ਰਵਾਸੀਆਂ ਪ੍ਰਤੀ ਸੰਤੁਲਿਤ ਪਹੁੰਚ ਦਰਕਾਰ/ਡਾ. ਸਵਰਾਜ ਸਿੰਘ

-ਡਾ. ਸਵਰਾਜ ਸਿੰਘ

Share this content:

Post Comment