ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅਮਜਦ ਆਰਫ਼ੀ ਦਾ ਗ਼ਜ਼ਲ ਸੰਗ੍ਰਹਿ ‘ਰਮਜ਼ਾਂ ਚੁੱਪ ਦੀਆਂ’ ਲੋਕ ਅਰਪਨ

ਅਮਜਦ ਆਰਫ਼ੀ ਦਾ ਗ਼ਜ਼ਲ ਸੰਗ੍ਰਹਿ ‘ਰਮਜ਼ਾਂ ਚੁੱਪ ਦੀਆਂ’ ਲੋਕ ਅਰਪਨ ਕਰਦੇ ਹੋਏ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਮੈਂਬਰ ਸਹਿਬਾਨ
ਏ. ਡੀ.ਪੀ.ਨਿਊਜ਼ 4 ਅਗਸਤ 2025 ਪਰਵਾਸੀ ਸਾਹਿਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਜਰਮਨੀ ਵੱਸਦੇ ਸ਼ਾਇਰ ਅਮਜਦ ਆਰਫ਼ੀ ਦਾ ਗ਼ਜ਼ਲ ਸੰਗ੍ਰਹਿ ‘ਰਮਜ਼ਾਂ ਚੁੱਪ ਦੀਆਂ’ ਲੋਕ ਅਰਪਨ ਕੀਤਾ ਗਿਆ। ਇਸ ਮੌਕੇ ਦਲਜਿੰਦਰ ਰਹਿਲ ਲੇਖਕ ਇਟਲੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੇਂਦਰ ਵੱਲੋਂ ਪਾਕਿਸਤਾਨੀ ਮੂਲ ਦੇ ਲੇਖਕ ਅਤੇ ਜਰਮਨੀ ਵੱਸਦੇ ਸ਼ਾਇਰ ਅਮਜਦ ਆਰਫ਼ੀ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਨ ਕੀਤਾ ਗਿਆ ਹੈ। ਕੇਂਦਰ ਵੱਲੋਂ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਪੁਸਤਕ ‘ਚੁੱਪ ਦੀ ਬੁੱਕਲ’ ਉੱਤੇ ਵਿਚਾਰ ਚਰਚਾ ਕਰਵਾਈ ਗਈ ਸੀ। ਉਨ੍ਹਾਂ ਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਇਸ ਨਾਲ ਜੁੜੇ ਲੇਖਕਾਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਸਾਂਝ ਬਾਰੇ ਵਿਸਥਾਰ ਪੂਰਵਕ ਦੱਸਿਆ। ਦਲਜਿੰਦਰ ਰਹਿਲ ਨੇ ਇਸ ਮੌਕੇ ਦੱਸਿਆ ਕਿ ਅਮਜਦ ਆਰਫ਼ੀ ਦਾ ਪੂਰਾ ਨਾਮ ਅਮਜਦ ਅਲੀ ਸ਼ਾਕਿਰ ਹੈ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਵਿਚ ਹੋਇਆ ਤੇ ਪਿਛਲੇ ਚਾਰ ਦਹਾਕਿਆਂ ਤੋਂ ਉਹ ਜਰਮਨੀ ਵਾਸੀ ਹਨ। ਉਹ ਪੰਜਾਬੀ ਬੋਲੀ ਪ੍ਰਤੀ ਸਮਰਪਿਤ ਭਾਵਨਾ ਆਪਣੇ ਦਿਲ ਵਿਚ ਰੱਖਦਾ ਹੈ। ਸ਼ਾਇਰ ਤ੍ਰੈਲੋਚਨ ਲੋਚੀ ਨੇ ਇਸ ਮੌਕੇ ਦੱਸਿਆ ਕਿ ਇਸ ਗ਼ਜ਼ਲ ਸੰਗ੍ਰਹਿ ਵਿਚ ਆਰਫ਼ੀ ਨੇ ਮਨੁੱਖੀ ਮਨ ਸਮਾਜ ਕਾਦਰ, ਕੁਦਰਤ, ਰਿਸ਼ਤੇ-ਨਾਤੇ ਆਦਿ ਵਿਸ਼ਿਆਂ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਮੌਕੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕਰਦਿਆਂ ਹੋਇਆ ਕਿ ਵਿਦੇਸ਼ਾਂ ਵਿਚ ਵੱਸਦੇ ਹੋਏ ਪੰਜਾਬੀ ਲੇਖਕਾਂ ਨੇ ਸਾਡੀ ਸੰਸਥਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲਈ ਹਮੇਸ਼ਾ ਹੀ ਅਪਣੱਤ ਅਤੇ ਵਿਸ਼ਵਾਸ਼ ਪ੍ਰਗਟ ਕੀਤਾ ਹੈ। ਇਸੇ ਕਰਕੇ ਹੀ ਅਜਿਹੇ ਪ੍ਰੋਗਰਾਮ ਸਾਡੀ ਸੰਸਥਾ ਦੇ ਹਿੱਸੇ ਆਉਂਦੇ ਹਨ। ਉਨ੍ਹਾਂ ਨੇ ਅਮਜਦ ਆਰਫ਼ੀ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ।
ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਸ. ਕੁਲਜੀਤ ਸਿੰਘ ਮੈਂਬਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਸ. ਹਰਦੀਪ ਸਿੰਘ ਮੈਂਬਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੀਤਾ ਗਿਆ।
Share this content:


Post Comment