ਨੈਸ਼ਨਲ ਬੁੱਕ ਟਰੱਸਟ ਵੱਲੋਂ ਡਾ. ਦਰਸ਼ਨ ਸਿੰਘ ‘ਆਸ਼ਟ` ਦੀ ਉੜੀਆ ਭਾਸ਼ਾ ਵਿਚ ਅਨੁਵਾਦਿਤ ਪੁਸਤਕ ‘ਸ਼੍ਰਮਾਅਰਜਿਤਾ ਸੁਖਾ` ਦਾ ਲੋਕ-ਅਰਪਣ

ਪਟਿਆਲਾ, 20 ਜਨਵਰੀ – ਨੈਸ਼ਨਲ ਬੁੱਕ ਟਰੱਸਟ,ਇੰਡੀਆ, ਦਿੱਲੀ ਵੱਲੋਂ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ` ਦੀ ਉੜੀਆ ਭਾਸ਼ਾ ਵਿਚ ਅਨੁਵਾਦਿਤ ਅਤੇ ਪ੍ਰਕਾਸ਼ਿਤ ਨਵੀਂ ਪੁਸਤਕ ਬਾਲ ਸਾਹਿਤ ਪੁਸਤਕ ‘ਸ਼੍ਰਮਾਅਰਜਿਤਾ ਸੁਖਾ` ਦਾ ਲੋਕ ਅਰਪਣ ਬੱਚਿਆਂ ਦੁਆਰਾ ਕੀਤਾ ਗਿਆ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਵਿਸ਼ਵ ਪੁਸਤਕ ਮੇਲੇ ਦੇ ਆਖਰੀ ਦਿਨ ਭਾਵ 18 ਜਨਵਰੀ ਨੂੰ ਲੋਕ-ਅਰਪਣ ਕੀਤੀ ਇਸ ਪੁਸਤਕ ਨੂੰ ਉੜੀਆ ਭਾਸ਼ਾ ਦੇ ਪ੍ਰਸਿੱਧ ਕਲਮਕਾਰ ਸੁਰਤਾਕ੍ਰਿਸ਼ੀ ਤ੍ਰਿਪਾਠੀ ਨੇ ਅਨੁਵਾਦ ਕੀਤਾ ਹੈ। ਡਾ. ਆਸ਼ਟ ਦੀ ਇਹ ਪੁਸਤਕ ਪਹਿਲਾਂ ਪੰਜਾਬੀ ਵਿਚ ‘ਮਿਹਨਤ ਦੀ ਕਮਾਈ` ਅਤੇ ਹਿੰਦੀ ਭਾਸ਼ਾ ਵਿਚ ‘ਮਿਹਨਤ ਕੀ ਕਮਾਈ ਕਾ ਸੁੱਖ’ ਸਿਰਲੇਖ ਤਹਿਤ ਪਹਿਲਾਂ ਹੀ ਵੱਡੀ ਤਾਦਾਦ ਵਿਚ ਛਪ ਚੁੱਕੀ ਹੈ ਜਿਸ ਦੇ ਹੁਣ ਤੱਕ 13 ਤੋਂ ਵੱਧ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਭਾਰਤ ਸਰਕਾਰ ਵੱਲੋਂ ਕਈ ਪ੍ਰਾਂਤਾਂ ਦੇ ਸਮੂਹ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਪ੍ਰਵਾਨ ਕਰਕੇ ਭੇਜੀ ਜਾ ਚੁੱਕੀ ਹੈ।
ਇਸ ਅਵਸਰ ਤੇ ਵੱਡੀ ਤਾਦਾਦ ਵਿਚ ਵੱਖ ਵੱਖ ਜ਼ੁਬਾਨਾਂ ਦੇ ਵਿਦਿਆਰਥੀ ਬਾਲ ਲੇਖਕਾਂ ਅਤੇ ਪਾਠਕ ਸ਼ਾਮਿਲ ਸਨ ਜਿਨ੍ਹਾਂ ਮੰਚ ਉਪਰ ਹੀ ਇਸ ਪੁਸਤਕ ਬਾਰੇ ਪੜ੍ਹ ਕੇ ਸੁਣਾਇਆ। ਡਾ. ‘ਆਸ਼ਟ` ਨੇ ਨੈਸ਼ਨਲ ਬੁਕ ਟਰੱਸਟ, ਇੰਡੀਆ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਭਾਸ਼ਾਈ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਜਿਸ ਵਿਸ਼ਾਲ ਪੱਧਰ `ਤੇ ਭਾਰਤ ਦੀਆਂ ਵੱਖ ਵੱਖ ਜ਼ੁਬਾਨਾਂ ਵਿਚ ਲਿਖੇ ਗਏ ਬਾਲ ਸਾਹਿਤ ਨੂੰ ਇਕ ਦੂਜੀ ਭਾਸ਼ਾ ਵਿਚ ਅਨੁਵਾਦ ਕਰਵਾ ਕੇ ਸਾਰਥਿਕ ਉਦਮ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ।ਜ਼ਿਕਰਯੋਗ ਹੈ ਕਿ ਇਸ ਪੁਸਤਕ ਦੇ ਅਨੁਵਾਦ ਤੋਂ ਪਹਿਲਾਂ ਡਾ. ਆਸ਼ਟ ਦੀਆਂ ਨੈਸ਼ਨਲ ਬੁੱਕ ਟਰੱਸਟ,ਇੰਡੀਆ,ਨਵੀਂ ਦਿੱਲੀ ਵੱਲੋਂ 8 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਮੌਕੇ ਨੈਸ਼ਨਲ ਬੁੱਕ ਟਰੱਸਟ,ਇੰਡੀਆ ਦੇ ਵੱਖ ਵੱਖ ਅਧਿਕਾਰੀ,ਕਰਮਚਾਰੀ,ਲੇਖਕ ਅਤੇ ਵੱਖ ਵੱਖ ਸੂਬਿਆਂ ਤੋਂ ਆਏ ਬਾਲ ਪਾਠਕ ਵੱਡੀ ਤਾਦਾਦ ਵਿਚ ਸ਼ਾਮਲ ਸਨ।
Share this content:



Post Comment