Loading Now

ਨੀਟ ਵਿਵਾਦ: ਕਾਬਲੀਅਤ ਫੇਲ੍ਹ

ਨੀਟ ਵਿਵਾਦ: ਕਾਬਲੀਅਤ ਫੇਲ੍ਹ

ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਵਾਸਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਰਾਹੀਂ ਲਈ ਜਾਂਦੀ ਦੇਸ਼ ਪੱਧਰੀ ਨੀਟ ਪ੍ਰੀਖਿਆ ਸੰਕਟ ’ਚ ਘਿਰ ਗਈ ਹੈ। 22 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਕੋਚਿੰਗ ਸੈਂਟਰਾਂ ਰਾਹੀਂ ਦਿਨ ਰਾਤ ਇੱਕ ਕਰ ਕੇ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕੀਤੀ ਸੀ ਅਤੇ ਮਾਪਿਆਂ ਨੇ ਚੋਖਾ ਧਨ ਆਪਣੇ ਬੱਚਿਆਂ ਦੇ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਪੜ੍ਹਨ ਅਤੇ ਰਹਿਣ ਲਈ ਖਰਚਿਆ ਸੀ ਪਰ ਪ੍ਰੀਖਿਆਰਥੀਆਂ ਦੇ ਸੁਪਨੇ ਇਸ ਮੁਕਾਬਲਾ ਪ੍ਰੀਖਿਆ ਵਿੱਚ ਉਤਪੰਨ ਹੋਈ ਸਥਿਤੀ ਕਾਰਨ ਚਕਨਾਚੂਰ ਹੋ ਗਏ। ਘਰਾਂ ਵਿੱਚ ਬੇਚੈਨੀ ਅਤੇ ਨਿਰਾਸ਼ਾ ਦਾ ਆਲਮ ਹੈ। ਇੱਥੋਂ ਤੱਕ ਕਿ ਤਣਾਅ ’ਚ ਆਏ ਕੁਝ ਵਿਦਿਆਰਥੀਆਂ ਨੇ ਆਤਮਹੱਤਿਆ ਦਾ ਰਾਹ ਵੀ ਚੁਣਿਆ। ਇਸ ਸੰਕਟ ਦੇ ਵੇਲੇ ਵੀ ਰਾਜਨੀਤਕ ਪਾਰਟੀਆਂ ਆਪੋ-ਆਪਣੀ ਸਿਆਸੀ ਖੇਡ, ਖੇਡ ਰਹੀਆਂ ਹਨ। ਉਹ ਇਸ ਸੰਕਟ ਨੂੰ ਪ੍ਰਬੰਧਕੀ ਅਤੇ ਰਾਜਸੀ ਸੰਕਟ ਨਾਲ ਜੋੜ ਕੇ ਆਪਣੇ ਕਾਰਜ ਵਿੱਚ ਲੱਗੀਆਂ ਹੋਈਆਂ ਹਨ ਅਤੇ ਕੇਂਦਰੀ ਸਿੱਖਿਆ ਮੰਤਰੀ ਤੋਂ ਲੈ ਕੇ ਵੱਖ-ਵੱਖ ਏਜੰਸੀਆਂ ਅਸਲ ਸਵਾਲ ਨਜਿੱਠਣ ਦੀ ਥਾਂ ਤਕਨੀਕੀ ਖਾਮੀਆਂ ’ਤੇ ਹੀ ਕੰਮ ਕਰ ਰਹੀਆਂ ਹਨ। ਇੱਥੋਂ ਤੱਕ 2024 ਵਿੱਚ ਬਣੀ ਰਾਮਾਚੰਦਰਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ ਹੈ। ਹੁਣ ਸੁਪਰੀਮ ਕੋਰਟ ਨੇ ਵਿਸ਼ੇਸ਼ ਤੌਰ ’ਤੇ ਯੂ ਪੀ ਐੱਸ ਸੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਇੰਨੇ ਵੱਡੇ ਇਮਤਿਹਾਨ ਨੂੰ ਲੈਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਦਾ ਆਪਣਾ ਕੋਈ ਢੁਕਵਾਂ ਤਾਣਾ-ਬਾਣਾ ਵੀ ਨਹੀਂ ਹੈ।

ਸਿਰਫ਼ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੈ ਨੇ ਤੁਰੰਤ ਨੀਟ ਸਬੰਧੀ ਵਿਚਾਰ ਰੱਖਦਿਆਂ ਕਿਹਾ ਕਿ ਸੂਬਾਈ ਸਕੂਲ ਬੋਰਡ ਦੇ ਅੰਕਾਂ ਦੇ ਆਧਾਰ ’ਤੇ ਹੀ ਮੈਡੀਕਲ ਦਾਖ਼ਲੇ ਹੋਣੇ ਚਾਹੀਦੇ ਹਨ। ਉਸ ਦਾ ਇਹ ਬਿਆਨ ਨੀਟ ਪ੍ਰੀਖਿਆਵਾਂ ਸਬੰਧੀ ਕੀਤੇ ਗਏ 15 ਸਾਲਾਂ ਦੇ ਅਧਿਐਨ ’ਤੇ ਆਧਾਰਿਤ ਸੀ। ਨੀਟ ਪ੍ਰੀਖਿਆਵਾਂ ਦੇ ਢੰਗ ਤਰੀਕਿਆਂ ਸਬੰਧੀ ਤਾਮਿਲਨਾਡੂ ਦੀ ਸਰਕਾਰ ਵੱਲੋਂ ਜਸਟਿਸ ਰਾਜਨ ਦੀ ਪ੍ਰਧਾਨਗੀ ਹੇਠ ਜੋ ਰਿਪੋਰਟ 2021 ’ਚ ਤਿਆਰ ਕੀਤੀ ਗਈ ਸੀ, ਉਸ ’ਚ ਉਨ੍ਹਾਂ ਨੇ ਸਪੱਸ਼ਟ ਕਿਹਾ ਸੀ ਕਿ ਜਦੋਂ ਤੱਕ ਇਨ੍ਹਾਂ ਪ੍ਰੀਖਿਆਵਾਂ ਦਾ ਪ੍ਰਬੰਧ ਅਤੇ ਸੰਚਾਲਨ ਰਾਜ ਸਰਕਾਰਾਂ ਨੂੰ ਨਹੀਂ ਦਿੱਤਾ ਜਾਂਦਾ ਇਹ ਪ੍ਰੀਖਿਆਵਾਂ ਨਵੇਂ ਸੰਕਟ ਨੂੰ ਜਨਮ ਦਿੰਦੀਆਂ ਰਹਿਣਗੀਆਂ। ਕਮੇਟੀ ਨੇ 165 ਪੰਨਿਆਂ ਦੀ ਰਿਪੋਰਟ ਵਿੱਚ 2010 ਤੋਂ 2021 ਤੱਕ ਨੀਟ ਪ੍ਰੀਖਿਆਵਾਂ ਦਾ ਭਰਵਾਂ ਵਿਸ਼ਲੇਸ਼ਣ ਕੀਤਾ ਸੀ ਕਿ ਕਿਸ ਤਰ੍ਹਾਂ ਇਨ੍ਹਾਂ ਪ੍ਰੀਖਿਆਵਾਂ ਨੇ ਤਾਮਿਲਨਾਡੂ ਦੇ ਮੈਡੀਕਲ ਕਾਲਜਾਂ ਦੇ ਦਾਖ਼ਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸਿਰਫ਼ ਤੇ ਸਿਰਫ਼ 12ਵੀਂ ਦੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ ’ਤੇ ਹੀ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਹੋਣਾ ਚਾਹੀਦਾ ਹੈ ਅਤੇ ਰਾਜ ਸਰਕਾਰ ਹੀ ਕੋਈ ਆਪਣਾ ਮਾਪਦੰਡ ਇਸ ਨਾਲ ਜੋੜ ਸਕਦੀ ਹੈ। ਰਾਜ ਸਰਕਾਰਾਂ ਕੋਲ ਹਰੇਕ ਪੱਧਰ ਦੀ ਨਿਆਂਇਕ ਅਤੇ ਵਿਧਾਨਕ ਤਾਕਤ ਹੈ ਕਿ ਉਹ ਆਪਣੇ ਕਾਇਦੇ ਕਾਨੂੰਨਾਂ ਅਨੁਸਾਰ ਨੀਟ ਪ੍ਰੀਖਿਆਵਾਂ ਨੂੰ ਖ਼ਤਮ ਕਰਕੇ ਰਾਜ ਪੱਧਰੀ ਪ੍ਰੀਖਿਆਵਾਂ ਰਾਹੀਂ ਦਾਖ਼ਲਾ ਕਰ ਸਕਦੀਆਂ ਹਨ। ਤਾਮਿਲਨਾਡੂ ਸਰਕਾਰ ਨੇ ਐਕਟ 3/2007 ਰਾਹੀਂ ਇਹ ਪਾਸ ਕਰ ਲਿਆ ਸੀ ਕਿ ਰਾਜ ਦੇ ਵੱਖ-ਵੱਖ ਵਿਦਿਆਰਥੀਆਂ ਦਾ ਸਮਾਜਿਕ ਹੱਕ ਤਦ ਹੀ ਬਹਾਲ ਰਹਿ ਸਕਦਾ ਹੈ ਜੇ ਰਾਜ ਪੱਧਰੀ ਸਕੂਲ ਬੋਰਡਾਂ ਰਾਹੀਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਮਿਲਦਾ ਹੈ। ਉਨ੍ਹਾਂ ਇਸ ਰਿਪੋਰਟ ਵਿੱਚ ਰਾਜ ਪੱਧਰ ’ਤੇ ਚੱਲ ਰਹੇ 400 ਕੋਚਿੰਗ ਸੈਂਟਰਾਂ ਦਾ ਅਧਿਐਨ ਵੀ ਕੀਤਾ ਕਿ ਪ੍ਰਤੀ ਕੋਚਿੰਗ ਸੈਂਟਰ 13 ਕਰੋੜ ਦੇ ਕਰੀਬ ਕਮਾਈ ਕੀਤੀ ਜਾਂਦੀ ਹੈ, ਜੋ ਲੋਕਾਂ ਦੀ 5200 ਕਰੋੜ ਰੁਪਏ ਦੀ ਲੁੱਟ ਦੇ ਬਰਾਬਰ ਹੈ। ਇਨ੍ਹਾਂ ਕੋਚਿੰਗ ਸੈਂਟਰਾਂ ਕਰਕੇ ਸਕੂਲਾਂ ਵਿੱਚ ਚੱਲ ਰਹੀ ਵਿਦਿਆਰਥੀਆਂ ਦੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਉਪਰ ਮਾੜਾ ਅਸਰ ਪਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਮੇਂ ਰਾਜ ਸਰਕਾਰਾਂ ਨੂੰ ਕੇਂਦਰ ਦੀ ਇਸ ਨੈਸ਼ਨਲ ਟੈਸਟਿੰਗ ਏਜੰਸੀ ਖ਼ਿਲਾਫ਼ ਖੜ੍ਹੇ ਹੋਣ ਦੀ ਲੋੜ ਹੈ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ ਕੋਈ ਸਰਕਾਰੀ ਪੱਧਰ ਦੀ ਸੰਸਥਾ ਨਹੀਂ ਹੈ, ਜਿਵੇਂ ਯੂ ਪੀ ਐੱਸ ਸੀ ਅਤੇ ਹੋਰ ਟੈਸਟਾਂ ਲਈ ਬਣਾਏ ਜਾਂਦੇ ਬੋਰਡ ਹੁੰਦੇ ਹਨ।

ਇਹ ਟੈਸਟਿੰਗ ਏਜੰਸੀ ਦਾ ਸਰਕਾਰੀ ਬਜਟ ਨਾ-ਮਾਤਰ ਹੈ, ਬਲਕਿ ਪਿਛਲੇ ਸਮੇਂ ਵਿੱਚ ਇਸ ਏਜੰਸੀ ਨੇ 3540 ਕਰੋੜ ਰੁਪਏ ਦਾਖ਼ਲਾ ਪ੍ਰੀਖਿਆਵਾਂ ਦੀਆਂ ਫੀਸਾਂ ਤੋਂ ਹੀ ਇਕੱਤਰ ਕੀਤੇ ਹਨ। ਇਸ ਅਦਾਰੇ ਵੱਲੋਂ ਲਈਆਂ ਗਈਆਂ 85 ਪ੍ਰੀਖਿਆਵਾਂ ਵਿੱਚੋਂ 40 ਪ੍ਰੀਖਿਆਵਾਂ ਦੁਬਾਰਾ ਕਰਵਾਉਣੀਆਂ ਪਈਆਂ ਜਿਸ ਨਾਲ ਲੱਖਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪ੍ਰਭਾਵਿਤ ਹੋਏ ਹਨ। ਤਣਾਅਗ੍ਰਸਤ ਵਿਦਿਆਰਥੀਆਂ ਨੂੰ ਆਤਮਹੱਤਿਆਵਾਂ ਲਈ ਮਜਬੂਰ ਹੋਣਾ ਪਿਆ। ਮੱਧ ਵਰਗ ਅਤੇ ਉੱਚ ਸ਼੍ਰੇਣੀ ਆਪਣੇੇ ਬੱਚਿਆਂ ਨੂੰ ਵੱਖ-ਵੱਖ ਕੋਚਿੰਗ ਸੈਂਟਰਾਂ ਵਿੱਚ ਭੇਜ ਕੇ ਕਰੋੜਾਂ ਰੁਪਏ ਬਰਬਾਦ ਕਰਦੇ ਹਨ। ਇਕੱਲੇ ਲਾਤੂਰ ਵਿੱਚ ਹੀ ਕੋਚਿੰਗ ਸੈਂਟਰਾਂ ਦਾ 500 ਕਰੋੜ ਰੁਪਏ ਦਾ ਧੰਦਾ ਹੈ। ਤੱਥ ਇਹ ਵੀ ਹੈ ਕਿ ਇਸ ਕਿਸਮ ਦੀਆਂ ਵੱਖ-ਵੱਖ ਪ੍ਰੀਖਿਆਵਾਂ ਰਾਹੀਂ ਸਿੱਖਿਆ ਦਾ ਕੇਂਦਰੀਕਰਨ ਹੋ ਗਿਆ ਹੈ ਅਤੇ ਦੂਸਰੇ ਪਾਸੇ ਰਾਜ ਪੱਧਰੀ ਸਕੂਲ ਬੋਰਡਾਂ ਦੀ ਅਹਿਮੀਅਤ ਘਟਾ ਕੇ ਕੇਂਦਰੀ ਬੋਰਡਾਂ ਦੀ ਮਹੱਤਤਾ ਵਧਾ ਦਿੱਤੀ ਗਈ ਹੈ। ਇਕੱਲੇ ਪੰਜਾਬ ਵਿੱਚ ਹੀ ਇਸ ਸਮੇਂ 1500 ਤੋਂ ਵੱਧ ਸਕੂਲ ਸੀ ਬੀ ਐੱਸ ਸੀ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਵਿੱਚ 10 ਲੱਖ ਤੋਂ ਵੱਧ ਬੱਚੇ ਪੜ੍ਹਦੇ ਹਨ ਅਤੇ 82 ਹਜ਼ਾਰ ਅਧਿਆਪਕ 7,000 ਰੁਪਏ ਤੋਂ 25,000 ਰੁਪਏ ਔਸਤਨ ਤਨਖ਼ਾਹ ’ਤੇ ਅਧਿਆਪਨ ਕਾਰਜ ਕਰਦੇ ਹਨ। ਪੰਜਾਬੀ ਜ਼ੁਬਾਨ ਦੀ ਥਾਂ ਅੰਗਰੇਜ਼ੀ ਭਾਸ਼ਾ ਪੂਰੀ ਤਰ੍ਹਾਂ ਤਾਕਤਵਰ ਵਿਵਸਥਾ ਵਿੱਚ ਤਬਦੀਲ ਹੋ ਗਈ ਹੈ। ਵੱਡੀ ਗਿਣਤੀ ਇਹ ਸਕੂਲ ਨਿੱਜੀ ਖੇਤਰ ਦੇ ਵਪਾਰਕ ਮਾਡਲ ਨਾਲ ਜੁੜੇ ਹੋਏ ਹਨ। ਤਾਮਿਲਨਾਡੂ ਦੀ ਰਾਜਨ ਕਮੇਟੀ ਅਨੁਸਾਰ 2010 ਤੋਂ 2020 ਤੱਕ ਸਰਕਾਰੀ ਸਕੂਲਾਂ ਅਤੇ ਉਨ੍ਹਾਂ ਨਾਲ ਸਬੰਧਤ ਸਕੂਲ ਬੋਰਡਾਂ ਵਿੱਚੋਂ ਮੈਡੀਕਲ ਪ੍ਰੀਖਿਆਵਾਂ ਵਿੱਚ ਪ੍ਰਵੇਸ਼ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 40 ਫ਼ੀਸਦੀ ਤੋਂ ਘਟ ਕੇ 8 ਫ਼ੀਸਦੀ ਰਹਿ ਗਈ ਹੈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਮੋਹ ਭੰਗ ਹੋ ਗਿਆ। ਪਹਿਲਾਂ ਵੱਖ-ਵੱਖ ਪੱਛੜੇ ਅਤੇ ਦਲਿਤ ਭਾਈਚਾਰਿਆਂ ਨਾਲ ਸਬੰਧਤ ਬੱਚੇ ਵੀ ਮੈਡੀਕਲ ਸਿੱਖਿਆ ਵਿੱਚ ਪ੍ਰਵੇਸ਼ ਕਰ ਜਾਂਦੇ ਸਨ। ਰਿਪੋਰਟ ਨੇ ਵਿਸ਼ੇਸ਼ ਜ਼ਿਕਰ ਕੀਤਾ ਹੈ ਕਿ ਪੇਂਡੂ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਸਿਹਤ ਸਹੂਲਤਾਂ ਉਪਰ ਮਾੜਾ ਪ੍ਰਭਾਵ ਪਿਆ ਹੈ।
ਪੰਜਾਬ ਦੀ ਹੁਕਮਰਾਨ ਪਾਰਟੀ ਨੇ ਨੀਟ ਦੇ ਸਵਾਲ ਉਪਰ ਸਿਰਫ਼ ਇਹ ਹੀ ਕਿਹਾ ਹੈ ਕਿ ਨੀਟ ਪ੍ਰੀਖਿਆ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਆਉਣ-ਜਾਣ ਦੀ ਸਹੂਲਤ ਦਿੱਤੀ ਜਾਵੇਗੀ ਜਦੋਂਕਿ ਨੀਤੀਗਤ ਸਵਾਲ ਉਪਰ ਖ਼ਾਮੋਸ਼ੀ ਧਾਰੀ ਹੋਈ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਕੋਚਿੰਗ ਸੈਂਟਰ ਵੀ ਅੰਦਾਜ਼ਨ 6 ਹਜ਼ਾਰ ਕਰੋੜ ਦੀ ਕਮਾਈ ਕਰਦੇ ਹਨ। ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਇਨ੍ਹਾਂ ਕੋਚਿੰਗ ਸੈਂਟਰਾਂ ਵਿੱਚ ਹੀ ਆਪਣਾ ਸਮਾਂ ਗੁਜ਼ਾਰਦੇ ਹਨ ਅਤੇ ਸਕੂਲਾਂ ਵਿੱਚ ਸਿਖਣ-ਸਿਖਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋ ਰਹੇ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਹਿਮੀਅਤ ਲਗਾਤਾਰ ਘਟਦੀ ਜਾ ਰਹੀ ਹੈ, ਵੱਡਾ ਹਿੱਸਾ ਸੀ ਬੀ ਐੱਸ ਸੀ ਬੋਰਡ ਵੱਲ ਝੁਕ ਗਿਆ ਹੈ। ਇਸ ਗੰਭੀਰ ਸਵਾਲ ਉਪਰ ਰਾਜ ਪੱਧਰ ’ਤੇ ਕਿਸੇ ਵੀ ਕਮੇਟੀ ਜਾਂ ਕਮਿਸ਼ਨ ਨੇ ਅਜੇ ਤੱਕ ਕੋਈ ਕਾਰਜ ਨਹੀਂ ਕੀਤਾ ਅਤੇ ਨਾ ਹੀ ਸਰਕਾਰਾਂ ਵੱਲੋਂ ਕਰਵਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਪ੍ਰੀਖਿਆਵਾਂ ਨੇ ਘੱਟ ਆਮਦਨ ਵਾਲੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਿਸ ਤਰ੍ਹਾਂ ਪੰਜਾਬ ਦੀ ਮੈਡੀਕਲ ਸਿੱਖਿਆ ਵਿੱਚ ਤਬਦੀਲੀ ਆਈ ਹੈ। ਇਹ ਨੀਟ ਪ੍ਰੀਖਿਆਵਾਂ ਪੰਜਾਬ ਦੇ ਹਜ਼ਾਰਾਂ ਬੱਚਿਆਂ ’ਤੇ ਮਾਨਸਿਕ ਅਤੇ ਆਰਥਿਕ ਬੋਝ ਪਾ ਰਹੀਆਂ ਹਨ। ਜੋ ਸਵਾਲ ਰਾਜ ਪੱਧਰ ’ਤੇ ਨਜਿੱਠਣ ਵਾਲੇ ਹੁੰਦੇ ਹਨ, ਉਨ੍ਹਾਂ ਦਾ ਕੇਂਦਰੀਕਰਨ ਕਰਨਾ ਬੱਚਿਆਂ ਨਾਲ ਵੱਡੀ ਬੇਇਨਸਾਫ਼ੀ ਹੈ।
ਇਨ੍ਹਾਂ ਸਵਾਲਾਂ ਨੂੰ ਤਾਮਿਲਨਾਡੂ ਦੀ ਰਾਜਨ ਕਮੇਟੀ ਨੇ ਸਮਝਿਆ ਅਤੇ ਸਪੱਸ਼ਟ ਪੁਜੀਸ਼ਨ ਲਈ ਕਿ ਪ੍ਰੀਖਿਆਵਾਂ ਲੈਣਾ ਰਾਜ ਦਾ ਅਧਿਕਾਰ ਖੇਤਰ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਰਾਜ ਦੇ ਵਿਕਾਸ ਲਈ ਸਿਹਤ ਸਹੂਲਤਾਂ ਨੂੰ ਵਿਕਸਤ ਕਰਨਾ ਹੁੰਦਾ ਹੈ। ਪਰੰਤੂ ਪੰਜਾਬ ਵਿੱਚ ਇਸ ਸਵਾਲ ’ਤੇ ਨਾ ਤਾਂ ਕੋਈ ਚਰਚਾ ਹੈ ਅਤੇ ਨਾ ਹੀ ਇਸ ਦਿਸ਼ਾ ’ਚ ਸੋਚਿਆ ਜਾ ਰਿਹਾ ਹੈ। ਇਨ੍ਹਾਂ ਨੀਤੀਗਤ ਪਹਿਲੂਆਂ ਉਪਰ ਗੌਰ ਕਰਨ ਦੀ ਲੋੜ ਹੈ; ਨੀਟ ਪ੍ਰੀਖਿਆਵਾਂ, ਸੀ ਬੀ ਐੱਸ ਸੀ ਦਾ ਰੋਲ, ਕੋਚਿੰਗ ਸੈਂਟਰਾਂ ਰਾਹੀਂ ਉਤਪੰਨ ਹੋ ਰਿਹਾ ਸਿੱਖਣ-ਸਿਖਾਉਣ ਦਾ ਸੰਕਟ, ਸਕੂਲ ਬੋਰਡਾਂ ਦੀ ਘਟ ਰਹੀ ਅਹਿਮੀਅਤ, ਵੱਖ-ਵੱਖ ਮਾਂ-ਬੋਲੀਆਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿੱਖਿਆ ਦੇ ਵੱਡੇ ਢਾਂਚੇ ਵਿੱਚੋਂ ਬਾਹਰ ਕੱਢਣਾ, ਸਿੱਖਿਆ ਦੇ ਕੇਂਦਰੀਕਰਨ ਰਾਹੀਂ ਸਮੁੱਚੇ ਰਾਜ ਪੱਧਰੀ ਸਿੱਖਿਆ ਤੰਤਰ ਨੂੰ ਤਹਿਸ-ਨਹਿਸ ਕਰਨਾ। ਇਹ ਸਵਾਲ ਨੈਸ਼ਨਲ ਟੈਸਟਿੰਗ ਏਜੰਸੀ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਨੇ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਮਿਲੇ ਹਨ ਕਿਉਂਕਿ ਇਹ ਕੋਈ ਯੂ ਪੀ ਐੱਸ ਸੀ ਅਤੇ ਪੀ ਪੀ ਐੱਸ ਸੀ ਵਰਗੀ ਸੰਸਥਾ ਨਹੀਂ ਹੈ। ਹਾਲਾਂਕਿ ਸਾਲ 1964-66 ਵਿੱਚ ਕੁਠਾਰੀ ਕਮਿਸ਼ਨ ਨੇ ਸਪੱਸ਼ਟ ਕਿਹਾ ਸੀ ਕਿ ਪ੍ਰੀਖਿਆਵਾਂ ਦੇ ਬਦਲਦੇ ਢੰਗ ਤਰੀਕਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਪੱਧਰੀ ਮੁਲਾਂਕਣ ਸੰਸਥਾਵਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਨਵੀਆਂ ਟੈਸਟਿੰਗ ਤਕਨੀਕਾਂ ਅਤੇ ਉਨ੍ਹਾਂ ਵਿੱਚ ਸੁਧਾਰ ਕਰ ਕੇ ਪ੍ਰੀਖਿਆਵਾਂ ਲੈਣ ਦੇ ਯੋਗ ਹੋਣ।

Share this content:

Post Comment