Loading Now

ਨਿਊਜ਼ੀਲੈਂਡ ਨੇ ਬਦਲੇ ਇਮੀਗ੍ਰੇਸ਼ਨ ਨਿਯਮ

ਨਿਊਜ਼ੀਲੈਂਡ ਨੇ ਬਦਲੇ ਇਮੀਗ੍ਰੇਸ਼ਨ ਨਿਯਮ

ਚੰਡੀਗੜ੍ਹ, 12 ਨਵੰਬਰ-  ਨਿਊਜ਼ੀਲੈਂਡ ਵਿਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਵਿਦੇਸ਼ੀ ਪ੍ਰਵਾਰਾਂ ਅਤੇ ਖ਼ਾਸ ਕਰ ਕੇ ਪੰਜਾਬੀ ਭਾਈਚਾਰੇ ਲਈ ਅਹਿਮ ਖ਼ਬਰ ਹੈ। ਇੰਮੀਗ੍ਰੇਸ਼ਨ ਨਿਊਜ਼ੀਲੈਂਡ ਵਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 12 ਨਵੰਬਰ ਤੋਂ ਰੈਜ਼ੀਡੈਂਸੀ ਵੀਜ਼ਾ ਨਿਯਮਾਂ ਵਿਚ ਇਕ ਵੱਡੀ ਤਬਦੀਲੀ ਲਾਗੂ ਹੋਣ ਜਾ ਰਹੀ ਹੈ। ਇਸ ਨਵੇਂ ਨਿਯਮ ਤਹਿਤ ਜੇ ਕਿਸੇ ਅਰਜ਼ੀਕਾਰ ਦਾ ਕੋਈ ਨਿਰਭਰ ਬੱਚਾ ਨਿਊਜ਼ੀਲੈਂਡ ਵਿਚ ਬਿਨਾਂ ਕਿਸੇ ਵੈਧ ਵੀਜ਼ੇ (ਗ਼ੈਰ-ਕਾਨੂੰਨੀ ਤਰੀਕੇ) ਤੋਂ ਰਹਿ ਰਿਹਾ ਹੈ, ਤਾਂ ਮੁੱਖ ਅਰਜ਼ੀਕਾਰ (ਮਾਪਿਆਂ) ਸਮੇਤ ਪੂਰੇ ਪ੍ਰਵਾਰ ਦੀ ਰੈਜ਼ੀਡੈਂਸੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ।

ਇੰਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਖ਼ਤ ਨਿਯਮ ਸਿਰਫ਼ 12 ਨਵੰਬਰ ਜਾਂ ਉਸ ਤੋਂ ਬਾਅਦ ਜਮ੍ਹਾਂ ਕਰਵਾਈਆਂ ਜਾਣ ਵਾਲੀਆਂ ਨਵੀਆਂ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ’ਤੇ ਹੀ ਲਾਗੂ ਹੋਵੇਗਾ। ਜਿਨ੍ਹਾਂ ਪ੍ਰਵਾਰਾਂ ਦੀਆਂ ਫ਼ਾਈਲਾਂ 12 ਨਵੰਬਰ ਤੋਂ ਪਹਿਲਾਂ ਜਮ੍ਹਾਂ ਹੋ ਚੁੱਕੀਆਂ ਹਨ, ਉਨ੍ਹਾਂ ਦਾ ਨਿਪਟਾਰਾ ਪੁਰਾਣੇ ਨਿਯਮਾਂ ਤਹਿਤ ਹੀ ਕੀਤਾ ਜਾਵੇਗਾ।

ਵਿਭਾਗੀ ਸੂਤਰਾਂ ਅਨੁਸਾਰ, ਪਹਿਲਾਂ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਸਨ ਜਿਥੇ ਬੱਚੇ ਥੋੜ੍ਹੇ ਸਮੇਂ ਦੇ ਵੀਜ਼ੇ ’ਤੇ ਨਿਊਜ਼ੀਲੈਂਡ ਆਉਂਦੇ ਸਨ, ਪਰ ਸਿਹਤ ਮਾਪਦੰਡ ਪੂਰੇ ਨਾ ਕਰਨ ਜਾਂ ਹੋਰ ਕਾਰਨਾਂ ਕਰ ਕੇ ਉਨ੍ਹਾਂ ਦਾ ਵੀਜ਼ਾ ਅੱਗੇ ਨਹੀਂ ਸੀ ਵਧਦਾ। ਇਸ ਦੇ ਬਾਵਜੂਦ ਮਾਪਿਆਂ ਨੂੰ ਰੈਜ਼ੀਡੈਂਸੀ ਮਿਲ ਜਾਂਦੀ ਸੀ। ਇਸ ਕਾਰਨ ਇਕੋ ਪ੍ਰਵਾਰ ਦੇ ਮੈਂਬਰਾਂ ਦੀ ਇਮੀਗ੍ਰੇਸ਼ਨ ਸਥਿਤੀ ਵਿਚ ਵੱਡਾ ਪਾੜਾ ਪੈ ਜਾਂਦਾ ਸੀ। ਇਸੇ ਤਕਨੀਕੀ ਖ਼ਾਮੀ ਨੂੰ ਦੂਰ ਕਰਨ ਅਤੇ ਪ੍ਰਵਾਰਕ ਇਕਸਾਰਤਾ ਬਣਾਈ ਰੱਖਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

ਨਵੇਂ ਨਿਯਮਾਂ ਵਿਚ ਪ੍ਰਵਾਰਾਂ ਨੂੰ ਕੱੁਝ ਰਾਹਤ ਵੀ ਦਿਤੀ ਗਈ ਹੈ। ਕਿਸੇ ਵੀ ਅਰਜ਼ੀ ’ਤੇ ਅੰਤਮ ਫ਼ੈਸਲਾ ਲੈਣ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਲੋਂ ਮਾਪਿਆਂ ਨੂੰ ਬੱਚੇ ਦੀ ਵੀਜ਼ਾ ਸਥਿਤੀ ਬਾਰੇ ਅਪਣਾ ਪੱਖ ਰੱਖਣ ਅਤੇ ਉਸ ਨੂੰ ਨਿਯਮਤ ਕਰਨ ਲਈ ਢੁਕਵਾਂ ਸਮਾਂ ਦਿਤਾ ਜਾਵੇਗਾ। ਇਸ ਤੋਂ ਇਲਾਵਾ, ਜੇਕਰ ਕਿਸੇ ਪ੍ਰਵਾਰ ਦੀ ਅਰਜ਼ੀ ਇਸ ਨਿਯਮ ਤਹਿਤ ਰੱਦ ਹੋ ਜਾਂਦੀ ਹੈ ਅਤੇ ਉਨ੍ਹਾਂ ਕੋਲ ਕੋਈ ਵਿਸ਼ੇਸ਼ ਜਾਂ ਮਜਬੂਰੀ ਭਰੇ ਹਾਲਾਤ ਹਨ, ਤਾਂ ਉਹ ‘ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ’ ਕੋਲ ਅਪੀਲ ਦਾਇਰ ਕਰ ਸਕਦੇ ਹਨ।

ਇਮੀਗ੍ਰੇਸ਼ਨ ਮਾਹਰਾਂ ਨੇ ਮਾਪਿਆਂ ਨੂੰ ਸਲਾਹ ਦਿਤੀ ਹੈ ਕਿ ਉਹ ਰੈਜ਼ੀਡੈਂਸੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸਾਰੇ ਨਿਰਭਰ ਬੱਚਿਆਂ ਕੋਲ ਕਾਨੂੰਨੀ ਵੀਜ਼ਾ ਮੌਜੂਦ ਹੋਵੇ। ਜੇਕਰ ਕਿਸੇ ਬੱਚੇ ਦਾ ਵੀਜ਼ਾ ਖ਼ਤਮ ਹੋ ਚੁੱਕਾ ਹੈ, ਤਾਂ ਅਰਜ਼ੀ ਦਾਖ਼ਲ ਕਰਨ ਤੋਂ ਪਹਿਲਾਂ ਕਿਸੇ ਲਾਇਸੰਸਸ਼ੁਦਾ ਇੰਮੀਗ੍ਰੇਸ਼ਨ ਸਲਾਹਕਾਰ ਦੀ ਮਦਦ ਨਾਲ ਕਾਨੂੰਨੀ ਪੇਚੀਦਗੀਆਂ ਨੂੰ ਦੂਰ ਕਰ ਲਿਆ ਜਾਵੇ।

Share this content:

Post Comment