ਨਿਊਜ਼ੀਲੈਂਡ ’ਚ ਪੰਜਾਬੀ ਰੰਗ-ਰਾਵੀ ਤੇ ਅੰਮ੍ਰਿਤਸਰ ਵੱਸਣ ਸੰਗ-ਸੰਗ
ਔਕਲੈਂਡ, 24 ਫਰਵਰੀ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੀਆਂ ਪਹਾੜੀਆਂ ਵਿੱਚ ‘ਛੋਟਾ ਪੰਜਾਬ’ ਵਸਦਾ ਨਜ਼ਰ ਆਉਂਦਾ ਹੈ। 1991 ਦੇ ਵਿੱਚ ਸਿੱਖ ਸੁਸਾਇਟੀ ਸਥਾਪਿਤ ਹੋਈ ਸੀ ਅਤੇ 1997 ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਖੁੱਲ੍ਹ ਗਿਆ ਸੀ। ਇੱਥੇ ਦਾ ਇੱਕ ਇਲਾਕਾ ਹੈ ‘ਖੰਡਾਲਾ’, ਜਿੱਥੇ ਭਾਰਤੀ ਵਿਰਸੇ ਦੀ ਦਾਸਤਾਨ ਹਵਾ ਦੀ ਰਵਾਨਗੀ ਦੇ ਵਿੱਚ ਹੈ। ਇਸ ਨੂੰ ਵਸਿਆਂ ਸਵਾ ਸਾਲ ਤੋਂ ਉੱਪਰ ਹੋ ਗਿਆ ਹੈ ਆਪਣੇ ਆਪ ਚ ਨਿਆਰੀ ਵਿਲੱਖਣਤਾ ਰੱਖਦਾ ਹੈ। ਇੱਥੇ ਦਰਜਨਾਂ ਦੇ ਕਰੀਬ ਗਲੀਆਂ ਅਤੇ ਸੜਕਾਂ ਦੇ ਨਾਂਅ ਭਾਰਤੀ ਸ਼ਹਿਰਾਂ ਦੇ ਨਾਵਾਂ ਅਤੇ ਹੋਰ ਸ਼ਖ਼ਸੀਅਤਾਂ ਦੇ ਉੱਤੇ ਹਨ। ਪੰਜਾਬ ਵਾਸੀਆਂ ਨੂੰ ਖ਼ੁਸ਼ੀ ਹੋਵੇਗੀ ਕਿ ਇੱਥੇ ‘ਪੰਜਾਬ ਸਟ੍ਰੀਟ’, ‘ਅੰਮ੍ਰਿਤਸਰ ਸਟ੍ਰੀਟ’ ਅਤੇ ‘ਰਾਵੀ ਸਟ੍ਰੀਟ’ ਵਿਰਸੇ ਦੀਆਂ ਰਾਹਵਾਂ ਦਰਸਾਉਂਦੀਆਂ ਨਜ਼ਰ ਆਉਂਦੀਆਂ ਹਨ।
ਗੁਆਂਢੀ ਦੇਸ਼: ਕਾਬੁਲ, ਕਰਾਚੀ, ਰੰਗੂਨ, ਮਾਂਡਲੇ, ਕੋਹਿਮਾ, ਮਾਲਦੀਵ।
ਸ਼ਖ਼ਸੀਅਤਾਂ: ਇੰਦਰਾ ਪਲੇਸ, ਸ਼ਾਸਤਰੀ ਟੈਰੇਸ, ਗਾਵਸਕਰ ਪਲੇਸ, ਕਪਿਲ ਗਰੋਵ।
ਵਿਸ਼ੇਸ਼ ਨੋਟ: 1919 ਤੋਂ ਬਾਅਦ ਕਈ ਅੰਗਰੇਜ਼ੀ ਨਾਮ ਬਦਲ ਕੇ ਭਾਰਤੀ ਕੀਤੇ ਗਏ। ਜਿਵੇਂ ‘ਜੈਸੀ ਸਟ੍ਰੀਟ’ ਹੁਣ ਬੜੌਦਾ ਸਟ੍ਰੀਟ ਹੈ ਅਤੇ ‘ਕ੍ਰੇਸੈਂਟ ਰੋਡ’ ਹੁਣ ਸ਼ਿਮਲਾ ਕ੍ਰੇਸੈਂਟ ਹੈ।
ਖ਼ਾਸ ਸਥਾਨ ਅਤੇ ਇਤਿਹਾਸਕ ਨਿਸ਼ਾਨ:
ਖੰਡਾਲਾ ਰੇਲਵੇ ਸਟੇਸ਼ਨ (1885): ਇਸੇ ਸਟੇਸ਼ਨ ਦੇ ਬਣਨ ਨਾਲ ਇਹ ਇਲਾਕਾ ਇੱਕ ਸ਼ਹਿਰ ਵਜੋਂ ਵਿਕਸਤ ਹੋਇਆ।
ਮਾਊਂਟ ਕਾਉਕਾਉ: ਇੱਥੋਂ ਖੜ੍ਹੇ ਹੋ ਕੇ ਕੈਪਟਨ ਵਾਟ ਨੇ ਭਾਰਤ ਦੇ ਹਿੱਲ ਸਟੇਸ਼ਨ ਦੀ ਕਲਪਨਾ ਕੀਤੀ ਸੀ।
ਗੰਗਾ ਪ੍ਰਾਈਵੇਟ ਰੋਡ: ਭਾਰਤ ਦੀ ਪਵਿੱਤਰ ਨਦੀ ਦੇ ਨਾਮ ’ਤੇ ਇੱਕ ਸ਼ਾਂਤ ਰਸਤਾ।
ਇਸ ਤੋਂ ਇਲਾਵਾ ਔਕਲੈਂਡ ਦੇ ਕੁਝ ਖੇਤਰਾਂ ਦੇ ਵਿੱਚ ਵੀ ਹੁਣ ਗਲੀਆਂ ਦੇ ਨਾਂਅ ਭਾਰਤੀ ਨਾਵਾਂ ਉੱਤੇ ਰੱਖੇ ਜਾਣ ਦੀ ਰਵਾਇਤ ਸ਼ੁਰੂ ਹੋ ਚੁੱਕੀ ਹੈ। ਜਵਾਲਾ ਸਿੰਘ ਲੇਨ ਪੁੱਕੀਕੋਹੀ, ਅੰਬੇਡਕਰ ਵੇਅ ਪੁੱਕੀਕੋਹੀ, ਵਾਹਿਗੁਰੂ ਲੇਨ ਮੈਨੁਕਾਓ, ਬਸਰਾ ਡ੍ਰਾਈਵ, ਚੜ੍ਹਦੀ ਕਲਾ ਵੇਅ, ਸੁੱਖ ਲੇਨ ਮੈਨੁਰੇਵਾ, ਭੰਗਲੇ ਲੇਨ ਪਾਪਾਕੁਰਾ ਅਤੇ ਹੋਰ। ਸੰਨ 1953 ਵਿਚ ਜਵਾਲਾ ਸਿੰਘ ਪਿੰਡ ਰਸੂਲਪੁਰ (ਨਵਾਂਸ਼ਹਿਰ) ਪਹਿਲਾਂ ਭਾਰਤੀ ਸੀ ਜਿਸ ਨੇ ਆਪਣੀ ਵਪਾਰਕ ਇਮਾਰਤ ਖਰੀਦੀ ਅਤੇ ਹੋਰ ਤਰੱਕੀ ਕੀਤੀ । ਰਾਵਲਪਿੰਡੀ ਸਟ੍ਰੀਟ ਵੀ ਮਾਊਂਟ ਐਲਬਰਟ ਵਿਖੇ ਹੈ।
ਬੰਬੇ ਹਿੱਲਜ਼: ਔਕਲੈਂਡ ਦੇ ਦੱਖਣ ਵਿੱਚ ਸਥਿਤ ਇਹ ਪਹਾੜੀਆਂ ‘ਬੰਬੇ’ ਨਾਮ ਦੇ ਜਹਾਜ਼ ਦੇ ਕਾਰਨ ਮਸ਼ਹੂਰ ਹਨ, ਜਿਸਦਾ ਨਾਮ ਭਾਰਤੀ ਸ਼ਹਿਰ ਮੁੰਬਈ (ਬੰਬੇ) ’ਤੇ ਸੀ। ਇੱਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂਅ ’ਤੇ ਸੁੰਦਰ ਗੁਰਦੁਆਰਾ ਸਾਹਿਬ ਹੈ।
ਖੈਬਰ ਪਾਸ ਰੋਡ: ਇਹ ਔਕਲੈਂਡ ਦੀ ਇੱਕ ਬਹੁਤ ਮਸ਼ਹੂਰ ਸੜਕ ਹੈ, ਜਿਸਦਾ ਨਾਮ ਭਾਰਤ (ਹੁਣ ਪਾਕਿਸਤਾਨ) ਅਤੇ ਅਫ਼ਗਾਨਿਸਤਾਨ ਦੇ ਵਿਚਕਾਰਲੇ ਇਤਿਹਾਸਕ ਦਰ੍ਹੇ ਦੇ ਨਾਮ ’ਤੇ ਹੈ।
ਨੇਪੀਅਰ: ਨੇਪੀਅਰ ਦਾ ਇੱਕ ਇਲਾਕਾ ‘ਮੀਆਨੀ’ ਹੈ। ਇਹ ਨਾਮ ਸਿੰਧ (ਭਾਰਤ/ਪਾਕਿਸਤਾਨ) ਵਿੱਚ ਹੋਈ ‘ਮੀਆਨੀ ਦੀ ਜੰਗ’ (Battle of Miani, 1843) ਦੀ ਯਾਦ ਵਿੱਚ ਰੱਖਿਆ ਗਿਆ ਸੀ।
ਰਿਵਾਕਾ: ਇੱਥੇ ਦੇਹਰਾਦੂਨ ਰੋਡ ਹੈ। ਅਬੇਲ ਤਸਮਾਨ ਨੈਸ਼ਨਲ ਪਾਰਕ ਦੇ ਨੇੜੇ ਇਹ ਸੜਕ ਉੱਤਰਾਖੰਡ ਦੇ ਸ਼ਹਿਰ ਦੇਹਰਾਦੂਨ ਦੇ ਨਾਮ ’ਤੇ ਹੈ। ਇਹ ਨਾਮ ਇੱਕ ਬ੍ਰਿਟਿਸ਼ ਕਰਨਲ ਚਾਰਲਸ ਥਿਨ ਨੇ 1860 ਵਿੱਚ ਚੁਣਿਆ ਸੀ।
ਸੂਰਤ ਬੇ: ਦੱਖਣੀ ਟਾਪੂ ਵਿੱਚ ਇਹ ਜਗ?ਹਾ ਗੁਜਰਾਤ ਦੇ ਸ਼ਹਿਰ ‘ਸੂਰਤ’ ਦੇ ਨਾਮ ’ਤੇ ਰੱਖੀ ਗਈ ਹੈ, ਕਿਉਂਕਿ ਇੱਥੇ 1874 ਵਿੱਚ ‘ਸੂਰਤ’ ਨਾਮ ਦਾ ਜਹਾਜ਼ ਡੁੱਬਿਆ ਸੀ।
ਸਿੰਘ ਰੋਡ: ਵਾਇਕਾਟੋ ਦੇ ਇਕ ਖੇਤਰ ਵਿਚ ਸਿੰਘ ਰੋਡ ਵਾਇਟੋਆ ਵੀ ਹੈ।
ਵਰਨਣਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਸਬੰਧਾਂ ਦੀ ਨੀਂਹ 1952 ਵਿੱਚ ਰਸਮੀ ਤੌਰ ’ਤੇ ਰੱਖੀ ਗਈ ਸੀ, ਜੋ ਅੱਜ ਸੱਤ ਦਹਾਕਿਆਂ ਬਾਅਦ ਇੱਕ ਨਵੇਂ ਸੁਨਹਿਰੀ ਯੁੱਗ ਵਿੱਚ ਪ੍ਰਵੇਸ਼ ਕਰ ਰਹੀ ਹੈ। ਜਿੱਥੇ ਖੰਡਾਲਾ ਦੀਆਂ ਸੜਕਾਂ ਸਾਡੇ ਸਾਂਝੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ, ਉੱਥੇ ਹੀ ਆਉਣ ਵਾਲਾ ‘ਮੁਕਤ ਵਪਾਰ ਸਮਝੌਤਾ’ (FTA) ਦੋਵਾਂ ਦੇਸ਼ਾਂ ਦੇ ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਵੀ ਗੂੜ੍ਹਾ ਕਰੇਗਾ। ਇਹ ਸਿਰਫ਼ ਸੜਕਾਂ ਦੇ ਨਾਂਅ ਨਹੀਂ, ਸਗੋਂ ਦੋਵਾਂ ਦੇਸ਼ਾਂ ਦੀ ਦੋਸਤੀ ਅਤੇ ਵਧਦੇ ਵਿਸ਼ਵਾਸ ਦਾ ਪ੍ਰਤੀਕ ਹਨ, ਜੋ ਆਉਣ ਵਾਲੀਆਂ ਨਸਲਾਂ ਲਈ ਇੱਕ ਸਾਂਝੀ ਵਿਰਾਸਤ ਦੀ ਸਿਰਜਣਾ ਕਰ ਰਹੇ ਹਨ।
Share this content:



Post Comment