ਨਾ ਕੋਈ ਵੈਰੀ, ਨਾ ਬੇਗ਼ਾਨਾ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬਿਲਕੁਲ ਸਹੀ ਸਨ ਜਦੋਂ ਉਨ੍ਹਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੱਛਮੀ ਏਸ਼ੀਆ ਟਕਰਾਅ ਬਾਰੇ ਸਰਬ ਪਾਰਟੀ ਮੀਟਿੰਗ ਦੌਰਾਨ ਕਿਹਾ ਸੀ ਕਿ ‘ਭਾਰਤ ਦਲਾਲ ਦੇਸ਼ ਨਹੀਂ ਹੈ।’ ਜੈਸ਼ੰਕਰ ਸਾਬਕਾ ਰਾਜਦੂਤ ਹਨ ਤੇ ਉਹ ਸ਼ਬਦਾਂ ਦੀ ਅਹਿਮੀਅਤ ਨੂੰ ਭਲੀ-ਭਾਂਤ ਸਮਝਦੇ ਹਨ। ਜਦੋਂ ਵਿਰੋਧੀ ਧਿਰ ਦੇ ਆਗੂਆਂ ਨੇ ਉਨ੍ਹਾਂ ਨੂੰ ਇਰਾਨ ਖ਼ਿਲਾਫ਼ ਪਿਛਲੇ ਚਾਰ ਹਫ਼ਤਿਆਂ ਤੋਂ ਜਾਰੀ ਅਮਰੀਕਾ-ਇਜ਼ਰਾਈਲ ਜੰਗ ਖ਼ਤਮ ਕਰਵਾਉਣ ਵਿੱਚ ਪਾਕਿਸਤਾਨ ਦੀ ਭੂਮਿਕਾ ਬਾਰੇ ਪੁੱਛਿਆ ਤਾਂ ਉਨ੍ਹਾਂ ਪਾਕਿਸਤਾਨ ਲਈ ਹਿੰਦੀ ਦਾ ਸ਼ਬਦ ‘ਦਲਾਲ’ ਵਰਤਿਆ, ਜਿਸ ਦਾ ਅੰਗਰੇਜ਼ੀ ਵਿੱਚ ਅਰਥ ‘ਬਰੋਕਰ’ ਹੈ। ਇਹ ਸਮਝ ਲਗਦਾ ਹੈ ਕਿ ਜੈਸ਼ੰਕਰ ਖਫ਼ਾ ਸਨ। ਮਾਣਯੋਗ ਸੰਸਦ ਮੈਂਬਰ ਫਾਰਸ ਦੀ ਖਾੜੀ ਵਿਚਲੇ ਟਕਰਾਅ ਦੇ ਸੰਦਰਭ ਵਿੱਚ ਭਾਰਤ ਦੀ ਭੂਮਿਕਾ ਦੀ ਤੁਲਨਾ ਪਾਕਿਸਤਾਨ ਨਾਲ ਕਰ ਰਹੇ ਸਨ। ਅਜਿਹਾ ਜਾਪਦਾ ਹੈ ਕਿ ਡੋਨਲਡ ਟਰੰਪ ਦੀਆਂ ‘ਅੱਖਾਂ ਦੇ ਤਾਰੇ ਫੀਡਲ ਮਾਰਸ਼ਲ’ ਆਸਿਮ ਮੁਨੀਰ ਇਰਾਨ ਅਤੇ ਅਮਰੀਕਾ ਵਿਚਾਲੇ ਸੰਦੇਸ਼ਵਾਹਕ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸੇ ਕਾਰਨ ਟਰੰਪ ਨੇ 7 ਅਪਰੈਲ ਤੱਕ ਜੰਗ ਰੋਕਣ ਦਾ ਐਲਾਨ ਕੀਤਾ।
ਪਾਕਿਸਤਾਨ ਨੇ ਵਾਰਤਾ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ; ਇਹ ਵਾਰਤਾ ਤੁਰਕੀ ਅਤੇ ਮਿਸਰ ਵਿੱਚ ਵੀ ਹੋ ਸਕਦੀ ਹੈ। ਤੁਸੀਂ ਇਸ ਨੂੰ ਭਾਵੇਂ ਕਿਸੇ ਵੀ ਨਜ਼ਰੀਏ ਨਾਲ ਦੇਖੋ, ਪਰ ਪਾਕਿਸਤਾਨ ਵਿਸ਼ਵ-ਵਿਆਪੀ ਘਟਨਾਕ੍ਰਮ ਦੌਰਾਨ ਆਪਣੀ ਭੂਮਿਕਾ ਉਭਾਰਨ ’ਚ ਕਾਮਯਾਬ ਰਿਹਾ ਹੈ, ਹਾਲਾਂਕਿ ਅਗਲੇ ਹਫ਼ਤੇ ਤੱਕ ਇਹ ਮਸਲਾ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆਉਂਦਾ।ਟਰੰਪ ਹਾਲੇ ਵੀ ਇਰਾਨ ’ਤੇ ਜ਼ਮੀਨੀ ਹਮਲਾ ਕਰਨ ਦਾ ਹੁਕਮ ਦੇ ਸਕਦਾ ਹੈ। ਪਰ ਸਰਬ-ਪਾਰਟੀ ਮੀਟਿੰਗ ਵਿੱਚ ਇਹ ਸਤਿਕਾਰਯੋਗ ਸੰਸਦ ਮੈਂਬਰ, ਜੋ ਵਧੇਰੇ ਕਰ ਕੇ ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਅਸਾਮ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੱਧ ਚਿੰਤਤ ਹਨ, ਦਾ ਸਪੱਸ਼ਟ ਰੁਖ਼ ਸੀ ਕਿ ਇਹ ਸਿਰਫ਼ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਦਾ ਨਹੀਂ ਸਗੋਂ ਗੰਭੀਰ ਉਕਾਈਆਂ ਦਾ ਮਸਲਾ ਸੀ। ਪ੍ਰਤੱਖ ਤੌਰ ’ਤੇ ਜੈਸ਼ੰਕਰ ਨੂੰ ਖਫ਼ਾ ਹੋਣ ਦਾ ਹੱਕ ਹੈ। ਪਾਕਿਸਤਾਨੀ ਫ਼ੌਜ ਵੱਲੋਂ ਦਹਾਕਿਆਂ ਤੋਂ ਮੁੰਬਈ ਤੋਂ ਪਹਿਲਗਾਮ ਤੱਕ ਵਾਰ-ਵਾਰ ਨਿਰਦੋਸ਼ ਭਾਰਤੀਆਂ ’ਤੇ ਭਿਆਨਕ ਹਮਲੇ ਕਰਵਾਏ ਜਾ ਰਹੇ ਹਨ, ਲੋਕਾਂ ਦੀ ਹੱਤਿਆ ਕਰਵਾਈ ਜਾ ਰਹੀ ਹੈ, ਅਜਿਹੇ ਘਿਣਾਉਣੇ ਅਪਰਾਧਾਂ ਦੇ ਮੱਦੇਨਜ਼ਰ ਉਸ ਨੂੰ ਅਜਿਹਾ ਸੱਦੇ ਜਾਣਾ ਜਾਇਜ਼ ਹੈ।
ਸ਼ਾਇਦ ਇਹ ਭਾਰਤ ਲਈ ਆਤਮਚਿੰਤਨ ਦਾ ਵੇਲਾ ਹੈ ਕਿ ਪ੍ਰਾਚੀਨ ਅਤੇ ਵਿਲੱਖਣ ਸੱਭਿਅਤਾ ਦਾ ਮਾਲਕ ਸਾਡਾ ਮੁਲਕ ਇਸ ਆਧੁਨਿਕ ਅਤੇ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਕਿਸ ਪਾਸੇ ਜਾ ਰਿਹਾ ਹੈ? ਬਹੁ-ਗਿਣਤੀ ਭਾਰਤੀ ਵਿਦੇਸ਼ ਨੀਤੀ ਦੇ ਮੁੱਦਿਆਂ ’ਤੇ ਫ਼ਿਕਰਮੰਦ ਨਹੀਂ ਹਨ- ਅਸੀਂ ਸੰਤੁਸ਼ਟ ਹਾਂ ਕਿ ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀਆਂ ਨੇ ਸਾਨੂੰ ਵੱਡੇ ਅਤੇ ਮਾੜੇ ਪ੍ਰਭਾਵਾਂ ਤੋਂ ਬਚਾਈ ਰੱਖਿਆ ਹੈ। ਕੁਝ ਤੱਥ ਅਸੀਂ ਬਾਖ਼ੂਬੀ ਜਾਣਦੇ ਹਾਂ। ਪਹਿਲਾ, ਭਾਰਤ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਭਾਵੇਂ ਪ੍ਰਤੀ ਵਿਅਕਤੀ ਆਮਦਨ (ਲਗਪਗ 2700-3000 ਡਾਲਰ) ਦੇ ਮਾਮਲੇ ’ਚ ਅਸੀਂ ਦੇਸ਼ਾਂ ਦੀ ਆਲਮੀ ਸੂਚੀ ਵਿੱਚ 140ਵੇਂ ਸਥਾਨ ’ਤੇ ਆਉਂਦੇ ਹਾਂ। ਦੂਸਰਾ, ਭਾਰਤੀ ਪਰਵਾਸੀਆਂ ਦਾ ਪ੍ਰਭਾਵ ਵਧ ਰਿਹਾ ਹੈ, ਖਾਸ ਕਰ ਕੇ ਅਮੀਰਕਾ ਵਿੱਚ। ਤੀਸਰਾ, ਕੌਮਾਂਤਰੀ ਮੰਚ ’ਤੇ ਭਾਰਤ ਦਾ ਵਿਰੋਧੀ ਚੀਨ ਹੈ, ਨਾ ਕਿ ਮਾੜਚੂ ਜਿਹਾ ਪਾਕਿਸਤਾਨ। ਫਿਰ ਨਿਤਾਣਾ ਜਿਹਾ ਪਾਕਿਸਤਾਨ ਜੰਗ ਵਿੱਚ ਉਲਝੇ ਅਮਰੀਕਾ ਅਤੇ ਇਰਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰ ਕੇ ਭਾਰਤ ਤੋਂ ਅੱਗੇ ਕਿਵੇਂ ਲੰਘ ਗਿਆ, ਹੈਰਾਨੀ ਦੀ ਗੱਲ ਹੈ ਕਿ ਦੁਨੀਆ ਉੁਸ ਨੂੰ ਕਿਉਂ ਸੁਣ ਰਹੀ ਹੈ?
ਥੋੜ੍ਹਾ ਪਿੱਛੇ ਚੱਲਦੇ ਹਾਂ। ਸ਼ਾਇਦ, ਅਸੀਂ ਗ਼ਲਤ ਸਵਾਲ ਪੁੱਛ ਰਹੇ ਹਾਂ। ਸਹੀ ਸਵਾਲ ਇਹ ਨਹੀਂ ਹੈ ਕਿ ਕੀ ਪਾਕਿਸਤਾਨ, ਭਾਰਤ ਤੋਂ ਅੱਗੇ ਨਿਕਲਣ ਵਿੱਚ ਸਫ਼ਲ ਹੋ ਗਿਆ ਹੈ, ਅਸਲ ਵਿੱਚ ਇਹ ਖੇਡ ਕਈ ਮੌਕਿਆਂ ’ਤੇ ਕਈ ਢੰਗ-ਤਰੀਕਿਆਂ ਨਾਲ ਖੇਡੀ ਜਾ ਸਕਦੀ ਹੈ। ਪਰ ਕੀ ਭਾਰਤ ਇੱਕ ਵਿਸ਼ੇਸ਼ ਨੈਤਿਕ ਕੇਂਦਰ ਦੇ ਨਾਲ-ਨਾਲ ਇੱਕ ਰਾਸ਼ਟਰ ਵਜੋਂ ਆਪਣੇ ਅਕਸ ’ਤੇ ਖ਼ਰਾ ਉਤਰਿਆ ਹੈ? ਜਿਸ ਅਕਸ ਨੇ ਆਜ਼ਾਦੀ ਦੇ ਅੰਦੋਲਨ ਤੋਂ ਬਾਅਦ ਤੱਕ ਦੁਨੀਆ ਵਿੱਚ ਸਾਡਾ ਇੱਕ ਵੱਕਾਰ ਕਾਇਮ ਕੀਤਾ, ਉਸ ਨੇ ਲੋੜ ਪੈਣ ’ਤੇ ਸਾਨੂੰ ਵਿਹਾਰਿਕ ਕਦਮ ਚੁੱਕਣ ਦੀ ਇਜਾਜ਼ਤ ਵੀ ਦਿੱਤੀ (ਨਾ ਕਿ ਨੇਤਨਯਾਹੂ ਵੱਲੋਂ ਗਾਜ਼ਾ ਨੂੰ ਤਬਾਹ ਕਰਨ ਜਾਂ ਵਲਾਦੀਮੀਰ ਪੂਤਿਨ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਵੇਲੇ ਚੁੱਪ ਰਹਿਣਾ), ਪਰ ਇੱਕ ਅਜਿਹਾ ਦੇਸ਼ ਜੋ ਕਦੇ ਵੀ ਅਨੈਤਿਕ ਜਾਂ ਬੇਇਨਸਾਫ਼ੀ ਦੀ ਜੰਗ ਦਾ ਸਮਰਥਨ ਨਹੀਂ ਕਰੇਗਾ। ਇਹੀ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ- ਇਸ ਨੂੰ ਬਹਾਲ ਕਰਨ ਦੀ ਲੋੜ ਹੈ। ਹਾਲਾਂਕਿ ਪ੍ਰਧਾਨ ਮੰਤਰੀ ਆਪਣੇ ਮੇਜ਼ਬਾਨ ਬੈਂਜਾਮਿਨ ਨੇਤਨਯਾਹੂ ਵੱਲੋਂ ਅਮਰੀਕਾ ਨਾਲ ਮਿਲ ਕੇ ਇਰਾਨ ਨੂੰ ਤਬਾਹ ਕਰਨ ਲਈ ਹਵਾਈ ਹਮਲੇ ਦਾ ਹੁਕਮ ਦੇਣ ਤੋਂ ਮਹਿਜ਼ ਦੋ ਦਿਨ ਪਹਿਲਾਂ ਇਜ਼ਰਾਈਲ ਗਏ ਸਨ, ਅਸਲੀਅਤ ਇਹ ਹੈ ਕਿ ਮੋਦੀ ਸਰਕਾਰ ਨੂੰ ਇਜ਼ਰਾਈਲ-ਅਮਰੀਕਾ ਦਾ ਖੁੱਲ੍ਹੇਆਮ ਪੱਖ ਪੂਰਨ ਦੀ ਆਪਣੀ ਪੁਰਾਣੀ ਨੀਤੀ ਛੱਡਣ ਲਈ ਮਜਬੂਰ ਹੋਣਾ ਪਿਆ ਹੈ।
ਭਾਰਤ ਨੇ ਸ਼ਾਇਦ ਟਰੰਪ ਅਤੇ ਨੇਤਨਯਾਹੂ ਵਾਂਗ ਸੋਚਿਆ ਸੀ ਕਿ ਇਰਾਨ ਤਾਕਤਵਰ ਦੇਸ਼ਾਂ ਦਾ ਵਿਰੋਧ ਕਰਨ ਦੇ ਸਮਰੱਥ ਨਹੀਂ ਹੋਵੇਗਾ। (ਕੌਣ ਹਿੰਮਤ ਕਰੇਗਾ?) ਕਿਸੇ ਵੀ ਮਾਮਲੇ ਵਿੱਚ ਅਮਰੀਕਾ-ਇਜ਼ਰਾਈਲ- ਯੂ ਏ ਈ ਦੀ ਤਿੱਕੜੀ ਦੇ ਵਪਾਰ, ਪਰਵਾਸ ਤੇ ਰੱਖਿਆ ਵਿੱਚ ਐਨੇ ਵੱਡੇ ਹਿੱਤ ਸਨ ਕਿ ਸ਼ੁਰੂਆਤੀ ਰੁਝਾਨ ’ਚ ਇਹ ਜੰਗ ਖੱਬੇ ਹੱਥ ਦੀ ਖੇਡ ਜਾਪਦੀ ਸੀ। ਬਦਕਿਸਮਤੀ ਨਾਲ, ਇਹ ਉਮੀਦ ਮੁਤਾਬਕ ਨਹੀਂ ਚੱਲੀ। ਮੰਦਭਾਗੀ ਅਤੇ ਬੇਇਨਸਾਫ਼ੀ ਵਾਲੀ ਜੰਗ ਦਾ ਪੱਖ ਪੂਰਦੇ ਹੋਏ ਭਾਰਤ ਨੇ ਵਿਚਕਾਰਲਾ ਰਾਹ ਤਿਆਗ ਦਿੱਤਾ ਜੋ ਭਾਰਤ ਦੇ ਪੁੱਤਰ ਗੌਤਮ ਬੁੱਧ ਨੇ ਇਸ ਰਸਤੇ ’ਤੇ ਚੱਲਣਾ ਕਈ ਸਦੀਆਂ ਪਹਿਲਾਂ ਸਿਖਾਇਆ ਸੀ। ਸਿਆਸੀ ਤੌਰ ’ਤੇ ਸੂਝਵਾਨ ਪ੍ਰਧਾਨ ਮੰਤਰੀ ਨੂੰ ਅਮਰੀਕੀ ਮਿਜ਼ਾਈਲਾਂ ਵੱਲੋਂ ਇਰਾਨ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਖਮੇਨੇਈ ਦੀ ਕੀਤੀ ਹੱਤਿਆ ਜਾਂ ਇਰਾਨ ਦੇ ਮਿਨਾਬ ਸ਼ਹਿਰ ਵਿੱਚ ਇੱਕ ਸਕੂਲ ’ਤੇ ਬੰਬ ਸੁੱਟਣ ਮਗਰੋਂ ਫੈਲੀ ਬੇਚੈਨੀ ਨੂੰ ਜ਼ਰੂਰ ਸਮਝ ਲਿਆ ਹੋਵੇਗਾ।\B \Bਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਸਕੂਲੀ ਬੱਚੀਆਂ ਦੇ ਸਕੂਲ ’ਤੇ ਹਮਲੇ ਦੀ ਘਟਨਾ ’ਤੇ ਬਹਿਸ ਕਰ ਰਹੀ ਹੈ।
ਅਜਿਹਾ ਨਹੀਂ ਕਿ ਭਾਰਤੀ, ਖਮੇਨੇਈ ਦੀ ਧਾਰਮਿਕ ਕੱਟੜਤਾ ਦੀ ਸ਼ਲਾਘਾ ਕਰ ਰਹੇ ਸਨ ਜਾਂ ਉਸ ਦਾ ਪੱਖ ਪੂਰ ਰਹੇ ਸਨ, ਅਸੀਂ ਸਿਰਫ਼ ਹਰ ਕਾਨੂੰਨ ਉਲੰਘ ਕੇ ਇੱਕ-ਦੋ ਮੁਲਕਾਂ ਵੱਲੋਂ ਇਰਾਨ ’ਤੇ ਕੀਤੀ ਜਾ ਰਹੀ ਕਾਰਵਾਈ ਤੋਂ ਦੁਖੀ ਸਾਂ। ਹਾਲਾਂਕਿ ਭਾਰਤ ਨੇ ਖਮੇਨੇਈ ਦੀ ਹੱਤਿਆ ਦੀ ਖੁੱਲ੍ਹ ਕੇ ਨਿੰਦਾ ਨਹੀਂ ਕੀਤੀ ਪਰ ਜੈਸ਼ੰਕਰ ਨੂੰ ਸ਼ੋਕ ਪੁਸਤਕ ’ਤੇ ਦਸਤਖ਼ਤ ਕਰਨ ਲਈ ਦਿੱਲੀ ਸਥਿਤ ਇਰਾਨੀ ਦੂਤਾਵਾਸ ਜ਼ਰੂਰ ਭੇਜਿਆ ਗਿਆ ਸੀ। ਉਦੋਂ ਮੋਦੀ ਤੇ ਜੈਸ਼ੰਕਰ ਦੋਵਾਂ ਨੇ ਕ੍ਰਮਵਾਰ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਸੀ- ਭਾਵੇਂ ਉਹ ਤੇਲ ਨਾਲ ਲੱਦੇ ਭਾਰਤੀ ਸਮੁੰਦਰੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਪਾਰ ਕਰਵਾਉਣ ’ਚ ਮਦਦ ਕਰਨ ਲਈ ਹੀ ਕੀਤੀ ਹੋਵੇ।
ਇਸ ਖੇਡ ’ਚ ਵਿੱਚ ਇਰਾਨੀਆਂ ਦਾ ਬਹੁਤ ਖ਼ੂਨ-ਖਰਾਬਾ ਹੋਇਆ ਪਰ ਉਹ ਝੁਕੇ ਨਹੀਂ ਅਤੇ ਇਸ ਖੇਡ ਨੂੰ ਸਮਝਦਾਰੀ ਨਾਲ ਖੇਡਿਆ। ਉਹ ਸਮਝਦੇ ਸਨ ਕਿ ਭਾਰਤੀ- ਕਸ਼ਮੀਰ ਦੇ ਆਮ ਲੋਕ ਆਪਣੇ ਇਰਾਨੀ ਭਰਾਵਾਂ ਲਈ ਪੈਸੇ ਅਤੇ ਗਹਿਣੇ ਇਕੱਠੇ ਕਰ ਹਨ, ਜਦਕਿ ਉੱਚ ਸ਼੍ਰੇਣੀ ਤਬਕਾ ਜੋ ‘ਦਿ ਟ੍ਰਿਬਿਊਨ’ ਵਰਗੇ ਅਖ਼ਬਾਰਾਂ ਵਿੱਚ ਮਸ਼ਵਰੇ ਦੇ ਮਜ਼ਮੂਨ ਲਿਖ ਰਿਹਾ ਹੈ, ਸਰਕਾਰ ਦੇ ਰਵੱਈਏ ਤੋਂ ਪੂਰੀ ਤਰ੍ਹਾਂ ਸਹਿਜ ਨਹੀਂ ਸਨ। ਲੱਗਦਾ ਹੈ ਕਿ ਕੁਝ ਇਰਾਨੀ ਮਿਜ਼ਾਈਲਾਂ ’ਤੇ ਹੁਣ ‘ਧੰਨਵਾਦ, ਭਾਰਤ…’ ਲਿਖਿਆ ਹੋਇਆ ਹੈ। ਇਹ ਸਮੁੱਚੀਆਂ ਸਥਿਤੀਆਂ ਸਾਨੂੰ ਇਸ ਹਫ਼ਤੇ ਵਿਦੇਸ਼ ਨੀਤੀ ਨਾਲ ਜੁੜੇ ਕੁਝ ਸਬਕ ਸਿਖਾਉਂਦਾ ਹੈ। ਸਭ ਤੋਂ ਪਹਿਲਾਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਭਾਵੇਂ ਤੁਸੀਂ ਇਸ ਦੇ ਪੱਖ ਵਿੱਚ ਨਾ ਵੀ ਹੋਵੋ। ਇਸੇ ਲਈ ਇਰਾਨ ਅਤੇ ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਸਭ ਨਾਲ ਗੱਲਬਾਤ ਜ਼ਰੂਰੀ ਹੈ। ਦੂਜਾ, ਸਾਰੀਆਂ ਧਿਰਾਂ ਦਾ ਪੱਖ ਸੁਣੋ। ਪਾਕਿਸਤਾਨ ਵੱਲੋਂ ਇਰਾਨ ਅਤੇ ਅਮਰੀਕਾ ਵਿਚਾਲੇ ਵਿਚੋਲਗੀ ਕਰਨ ਦੀ ਸਫ਼ਲ ਕੋਸ਼ਿਸ਼ ਬਾਰੇ ਸੁਣ ਕੇ ਭਾਰਤੀਆਂ ਦੇ ਹੈਰਾਨ ਹੋਣ ਦਾ ਇੱਕ ਕਾਰਨ ਇਹ ਹੈ ਕਿ ਹੁਣ ਸਾਡੀ ਪਾਕਿਸਤਾਨੀ ਮੀਡੀਆ ਤੱਕ ਪਹੁੰਚ ਨਹੀਂ ਹੈ, ਕਿਉਂਕਿ ਅਪਰੇਸ਼ਨ ਸਿੰਧੂਰ ਤੋਂ ਬਾਅਦ ਸਾਰੇ ਅਖ਼ਬਾਰਾਂ ਅਤੇ ਟੀ ਵੀ ਚੈਨਲਾਂ ਅਤੇ ਕੁਝ ਐਕਸ ਖ਼ਾਤਿਆਂ ’ਤੇ ਪਾਬੰਦੀ ਲਾਈ ਗਈ ਹੈ; ਜੇਕਰ ਤੁਸੀਂ ਸਿਰਫ਼ ‘ਨਿਊਯਾਰਕ ਟਾਈਮਜ਼’ ਅਤੇ ‘ਵਾਲ ਸਟਰੀਟ ਜਰਨਲ’ ਹੀ ਪੜ੍ਹਦੇ ਹੋ ਤੇ ‘ਡਾਅਨ’ ਅਤੇ ‘ਦਿ ਨਿਊਜ਼’ ਨਹੀਂ, ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਪਾਕਿਸਤਾਨ ਦੇ ਅੰਦਰ ਕੀ ਵਾਪਰ ਰਿਹਾ ਹੈ।
Share this content:



Post Comment